ਪੰਜਾਬ ’ਚ 6 ਅਪ੍ਰੈਲ ਤੱਕ ਹੋਵੇਗਾ ਕੋਰੋਨਾ ਦਾ ਸਿਖਰ

Wednesday, Mar 31, 2021 - 02:21 AM (IST)

ਪੰਜਾਬ ’ਚ 6 ਅਪ੍ਰੈਲ ਤੱਕ ਹੋਵੇਗਾ ਕੋਰੋਨਾ ਦਾ ਸਿਖਰ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਗਲਵਾਰ ਨੂੰ ਕੋਵਿਡ ਸਬੰਧੀ ਸਮੀਖਿਆ ਬੈਠਕ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ ਮਹਾਮਾਰੀ ਦੀ ਤਾਜ਼ਾ ਦਸ਼ਾ ਅਤੇ ਯੋਗ ਵਰਗ ਦੇ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਵੀ ਸਾਂਝੀ ਕੀਤੀ। ਮੀਟਿੰਗ ਵਿਚ ਸੀ. ਐੱਮ. ਸੀ. ਲੁਧਿਆਣਾ ਵਲੋਂ ਪੇਸ਼ ਕੀਤੇ ਰੁਝਾਨ ਦੱਸਦਿਆਂ ਇਹ ਸੂਚਨਾ ਦਿੱਤੀ ਗਈ ਕਿ ਕੁਝ ਜ਼ਿਲਿਆਂ ਵਿਚ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਧਦੇ ਕੇਸਾਂ ਸਬੰਧੀ ਇਸ ਰੁਝਾਨ ਅਨੁਸਾਰ 6 ਅਪ੍ਰੈਲ, 2021 ਨੂੰ ਸਿਖਰ ਹੋਵੇਗਾ। ਅਨੁਮਾਨਾਂ ਅਨੁਸਾਰ ਮਈ, 2021 ਦੇ ਅੱਧ ਜਾਂ ਅਖੀਰ ਵਿਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਲੰਧਰ, ਲੁਧਿਆਣਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਹੋਰ ਕੇਸ ਆਉਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਦੇ ਨੌਜਵਾਨਾਂ ਵਿੱਚ ਇਹ ਕੇਸ ਸਭ ਤੋਂ ਵੱਧ ਹੋਣਗੇ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪਿਛਲੀ ਮੀਟਿੰਗ ਤੋਂ ਜਦੋਂ ਕੋਵਿਡ ਪ੍ਰੋਟੋਕੋਲਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ਅਤੇ ਨਾਲ ਹੀ ਆਰ.ਟੀ-ਪੀ.ਸੀ.ਆਰ. ਟੈਸਟਿੰਗ ਦਾ ਫੈਸਲਾ ਲਿਆ ਗਿਆ ਸੀ, ਉਸ ਸਮੇਂ ਤੋਂ 90,360 ਵਿਅਕਤੀਆਂ ਦੇ ਚਲਾਨ ਅਤੇ ਕੋਵਿਡ ਟੈਸਟ ਕੀਤੇ ਗਏ ਹਨ। ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਨੂੰ ਨਮੂਨੇ ਲੈਣ ਦੀ ਗਤੀ ਤੇਜ਼ ਕਰਨ ਅਤੇ ਵਿਸ਼ੇਸ਼ ਤੌਰ ’ਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਅਤੇ ਆਰ.ਏ.ਟੀ. ਨੂੰ 30 ਫੀਸਦੀ ਤੱਕ ਵਧਾਉਣ ਸਬੰਧੀ ਹਦਾਇਤ ਕੀਤੀ।

ਇਹ ਵੀ ਪੜ੍ਹੋ-ਪੁਲਸ ਹੱਥੇ ਚੜ੍ਹਿਆ ਸਿੱਧੂ ਮੂਸੇਵਾਲਾ ਦਾ ਫੈਨ ; ਕਾਰ 'ਤੇ ਲਿਖਵਾਇਆ 'ਬਲੈਕਲਿਸਟਿਡ', ਕੱਟਿਆ ਚਲਾਨ

ਟੀਕਾਕਰਨ ਸਬੰਧੀ ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਟੀਕਾਕਰਨ ਸਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਤ ਸ਼ਨਾਖਤੀ ਕਾਰਡ ਕਾਫੀ ਹੋਵੇਗਾ। ਉਨ੍ਹਾਂ ਸਾਰੇ ਜ਼ਿਲਿਆਂ ਨੂੰ ਸਬ-ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਸੰਸਥਾਵਾਂ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ-ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਡਿਪਟੀ ਕਮਿਸ਼ਨਰ ਨੇ ਲਿਆ ਸਖ਼ਤ ਨੋਟਿਸ

45 ਸਾਲ ਤੋਂ ਵੱਧ ਉਮਰ ਵਰਗ ਲਈ 1 ਅਪ੍ਰੈਲ, 2021 ਤੋਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਟੀਕਾਕਰਨ ਸਬੰਧੀ ਬੁਨਿਆਦੀ ਢਾਂਚੇ ਨੂੰ ਸਮਝਣ ਦੇ ਮਕਸਦ ਨਾਲ ਸਾਰੇ ਜ਼ਿਲਿਆਂ ਦੀਆਂ ਸਾਰੀਆਂ ਸਿਹਤ ਸਹੂਲਤਾਂ ਜਿੰਨੀ ਜਲਦੀ ਹੋ ਸਕੇ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਸ਼ੁਰੂ ਕਰਨਾ ਅਤੇ 31 ਮਾਰਚ, 2021 ਤੱਕ ਕੰਮ ਕਰਨਾ ਯਕੀਨੀ ਬਣਾਉਣਗੀਆਂ। ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਨੂੰ ਵਧਾ ਕੇ 35,000 ਟੈਸਟ ਪ੍ਰਤੀ ਦਿਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News