ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਕਮਰ ਕੱਸੀ, ਅਜੇ ਤੱਕ 3 ਬੱਚੇ ਹੋਏ ਦਾਖਲ

Tuesday, Jun 01, 2021 - 10:43 AM (IST)

ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਕਮਰ ਕੱਸੀ, ਅਜੇ ਤੱਕ 3 ਬੱਚੇ ਹੋਏ ਦਾਖਲ

ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੀ ਬੱਚਿਆਂ ਲਈ ਖ਼ਤਰਨਾਕ ਸਾਬਤ ਹੋਣ ਵਾਲੀ ਤੀਜੀ ਲਹਿਰ ਤੋਂ ਪਹਿਲਾਂ ਹੀ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਕਮਰਕੱਸ ਲਈ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਬੱਚਿਆਂ ਲਈ 60 ਬੈੱਡਾਂ ਦੀ ਆਇਸੋਲੇਸ਼ਨ ਵਾਰਡ ਤਿਆਰ ਕਰ ਦਿੱਤੀ ਹੈ। ਇਸ ਵਾਰਡ ’ਚ ਹੁਣ ਤੱਕ ਤਿੰਨ ਬੱਚੇ ਦਾਖਲ ਹੋਏ ਹਨ, ਜਿਨ੍ਹਾਂ ’ਚੋਂ ਦੋ ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਤੀਜਾ ਇਲਾਜ ਅਧੀਨ ਹਨ। ਜਦੋਂਕਿ ਇਸ ਦੇ ਇਲਾਵਾ 7 ਮਰੀਜ਼ਾਂ ਦੀ ਸੋਮਵਾਰ ਨੂੰ ਮੌਤ ਹੋ ਗਈ ਹੈ ਅਤੇ 164 ਨਵੇਂ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨੌਜਵਾਨਾਂ ਅਤੇ ਬਜ਼ੁਰਗਾਂ ’ਤੇ ਆਪਣੀ ਖ਼ਤਰਨਾਕ ਸੱਟ ਮਾਰਨ ਦੇ ਬਾਅਦ ਹੁਣ ਬੱਚਿਆਂ ਨੂੰ ਆਪਣੀ ਲਪੇਟ ’ਚ ਲੈਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਬੱਚਿਆਂ ਲਈ ਵਿਸ਼ੇਸ਼ ਵਾਰਡ ਤਿਆਰ ਕਰ ਦਿੱਤੀ ਹੈ। ਹਸਪਤਾਲ ਦੀ ਸਰਜੀਕਲ ਵਾਰਡ ਨੰਬਰ 4 ਨੂੰ ਆਈਸੋਲੇਸ਼ਨ ਵਾਰਡ ਦਾ ਰੂਪ ਦਿੱਤਾ ਗਿਆ ਹੈ। ਕੋਰੋਨਾ ਦੀ ਪਹਿਲੀ ਲਹਿਰ ’ਚ ਗੁਰੂ ਨਾਨਕ ਦੇਵ ਹਸਪਤਾਲ ’ਚ 37 ਇਨਫ਼ੈਕਟਿਡ ਬੱਚਿਆਂ ਦਾ ਇਲਾਜ ਹੋਇਆ ਸੀ ਇਨ੍ਹਾਂ ’ਚੋਂ ਦੋ ਦੀ ਜਾਨ ਚੱਲੀ ਗਈ, ਕਿਉਂਕਿ ਉਹ ਕੋਰੋਨਾ ਨਾਲ ਹੋਰ ਬੀਮਾਰੀਆਂ ਤੋਂ ਵੀ ਪੀੜਤ ਸਨ। ਦੂਜੀ ਲਹਿਰ ’ਚ 22 ਬੱਚੇ ਦਾਖਲ ਹੋਏ। ਇਨ੍ਹਾਂ ’ਚੋਂ 21 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਦੋ ਇਲਾਜ ਅਧੀਨ ਹਨ।

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇ. ਡੀ. ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਵਾਰਡ ’ਚ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। 50 ਵੈਂਟੀਲੇਟਰ ਰੱਖੇ ਗਏ ਹਨ, ਇਸ ਦੇ ਇਲਾਵਾ ਬੱਚਿਆਂ ਲਈ ਮੁਫਤ ’ਚ ਭੋਜਨ ਦੀ ਸਹੂਲਤ ਰੱਖੀ ਗਈ ਹੈ। 24 ਘੰਟੇ ਡਾਕਟਰਾਂ ਅਤੇ ਸਟਾਫ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਇਲਾਵਾ ਸੀਨੀਅਰ ਵੀ ਲਗਾਤਾਰ ਵਾਰਡ ’ਚ ਦਾਖਲ ਬੱਚਿਆਂ ਦੀ ਮਾਨੀਟਰਿੰਗ ਕਰ ਰਹੇ ਹਨ। ਸਰਕਾਰ ਦੇ ਨਿਰਦੇਸ਼ਾਂ ’ਤੇ ਬੱਚਿਆਂ ਨੂੰ ਕੋਈ ਵੀ ਸਮੱਸਿਆ ਨਾ ਆਏ ਇਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਕੋਰੋਨਾ ਇਨਫ਼ੈਕਟਿਡ 7 ਲੋਕਾਂ ਦੀ ਸੋਮਵਾਰ ਨੂੰ ਮੌਤ ਹੋ ਗਈ, ਜਦੋਂਕਿ 164 ਨਵੇਂ ਇਨਫ਼ੈਕਟਿਡ ਰਿਪੋਰਟ ਹੋਏ ਹਨ। ਮਈ ਮਹੀਨੇ ਦੇ 31 ਦਿਨਾਂ ’ਚ ਕੋਰੋਨਾ ਵਾਇਰਸ ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਇਨਫੈਕਟਿਡਾਂ ਦਾ ਨਵਾਂ ਰਿਕਾਰਡ ਖੜ੍ਹਾ ਕੀਤਾ ਹੈ। ਇਸ ਮਿਆਦ ’ਚ 11965 ਇਨਫ਼ੈਕਟਿਡ ਰਿਪੋਰਟ ਹੋਏ। ਅਪ੍ਰੈਲ ’ਚ 11166 ਸਨ, ਜਦੋਂ ਕਿ ਮਾਰਚ ’ਚ 5233 ਇਨਫ਼ੈਕਟਿਡ ਮਿਲੇ ਸਨ। ਹਾਲਾਂਕਿ ਰਾਹਤ ਭਰੀ ਗੱਲ ਇਹ ਰਹੀ ਕਿ ਮਈ ਮਹੀਨੇ ’ਚ 13408 ਮਰੀਜ਼ ਤੰਦਰੁਸਤ ਵੀ ਹੋਏ ਹਨ।

ਇਹ ਰਹੇ ਅੰਕੜੇ

ਸੋਮਵਾਰ ਨੂੰ ਕਮਿਊਨਿਟੀ ਤੋਂ ਮਿਲੇ : 112
ਕਾਂਟੇਕਟ ਤੋਂ ਮਿਲੇ : 52
ਤੰਦਰੁਸਤ ਹੋਏ : 240
ਕੁਲ ਇਨਫ਼ੈਕਟਿਡ : 44702
ਹੁਣ ਤੱਕ ਤੰਦਰੁਸਤ ਹੋਏ : 40034
ਐਕਟਿਵ ਕੇਸ : 3211
ਕੁਲ ਮੌਤਾਂ : 1457

ਇਨ੍ਹਾਂ ਇਲਾਕਿਆਂ ਨਾਲ ਸਬੰਧਤ ਲੋਕਾਂ ਦੀ ਹੋਈ ਮੌਤ
ਵ੍ਰਿੰਦਾਵਣ ਐਵੇਨਿਊ ਬਟਾਲਾ ਰੋਡ ਵਾਸੀ 60 ਸਾਲਾ ਜਨਾਨੀ, ਪੈਰਾਡਾਇਸ ਇਨਕਲੇਵ ਵਾਸੀ 36 ਸਾਲਾ ਜਨਾਨੀ, ਵੇਰਕਾ ਵਾਸੀ 85 ਸਾਲਾ ਬਜ਼ੁਰਗ, ਰਾਮਤੀਰਥ ਰੋਡ ਵਾਸੀ 68 ਸਾਲਾ ਬਜ਼ੁਰਗ, ਪਿੰਡ ਮਾਕਾਵਾਲ ਅਜਨਾਲਾ ਵਾਸੀ 53 ਸਾਲਾ ਵਿਅਕਤੀ, ਵੱਲ੍ਹਾ ਵਾਸੀ 80 ਸਾਲਾ ਜਨਾਨੀ, ਕੋਟ ਖਾਲਸਾ ਵਾਸੀ 77 ਸਾਲਾ ਜਨਾਨੀ।

3551 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ
ਜ਼ਿਲ੍ਹੇ ’ਚ ਸੋਮਵਾਰ ਨੂੰ 3551 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਸਿਵਲ ਸੋਮਵਾਰ ਨੂੰ 18 ਤੋਂ 44 ਉਮਰ ਵਰਗ 20 ਮਜਦੂਰਾਂ, 18 ਤੋਂ 44 ਵੱਖ-ਵੱਖ ਬੀਮਾਰੀਆਂ ਤੋਂ ਪੀੜਤ 33, ਸਿਹਤ ਕਰਮੀਆਂ ਦੇ 57 ਪਰਿਵਾਰਕ ਮੈਂਬਰਾਂ ਦੇ ਇਲਾਵਾ ਬਾਕੀ ਨੂੰ ਦੂਜੀ ਡੋਜ਼ ਲਗਾਈ ਗਈ ਹੈ। ਉੱਧਰ ਦੂਜੇ ਪਾਸੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜਕਮਲ ਪ੍ਰੀਤ ਸਿੰਘ ਲੱਕੀ ਵੱਲੋਂ ਵਾਰਡ ਨੰਬਰ 2 ਅਧੀਨ ਆਉਂਦੇ ਸਨ ਵੈਲੀ ਸਕੂਲ ’ਚ ਵੈਕਸੀਨੇਸ਼ਨ ਕੈਂਪ ਦੌਰਾਨ 300 ਦੇ ਕਰੀਬ ਲੋਕਾਂ ਨੂੰ ਟੀਕਾਕਰਨ ਕੀਤਾ ਗਿਆ।


author

rajwinder kaur

Content Editor

Related News