ਲੁਧਿਆਣਾ ''ਚ ਮੇਲੇ ਦੌਰਾਨ ਉੱਡੀਆਂ ''ਕੋਰੋਨਾ'' ਨਿਯਮਾਂ ਦੀਆਂ ਧੱਜੀਆਂ, ਲੱਗੀ ਲੋਕਾਂ ਦੀ ਭੀੜ

Tuesday, Aug 18, 2020 - 04:09 PM (IST)

ਲੁਧਿਆਣਾ ''ਚ ਮੇਲੇ ਦੌਰਾਨ ਉੱਡੀਆਂ ''ਕੋਰੋਨਾ'' ਨਿਯਮਾਂ ਦੀਆਂ ਧੱਜੀਆਂ, ਲੱਗੀ ਲੋਕਾਂ ਦੀ ਭੀੜ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਕੋਰੋਨਾ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ ਰੋਜ਼ਾਨਾ ਹੀ ਇਸ ਜ਼ਿਲ੍ਹੇ ’ਚ ਸਭ ਤੋਂ ਵੱਧ ਕੋਰੋਨਾ ਨਾਲ ਮੌਤਾਂ ਅਤੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਇਸ ਜ਼ਿਲ੍ਹੇ ’ਚ ਹੀ ਸਰਕਾਰ ਦੇ ਹੁਕਮਾਂ ਤੇ ਨਿਯਮਾਂ ਦੀਆਂ ਧੱਜੀਆਂ ਉੱਡੀਆਂ ਅਤੇ ਪਿੰਡ ਕੋਟ ਗੰਗੂਰਾਏ ਵਿਖੇ ਧਾਰਮਿਕ ਅਸਥਾਨ ’ਤੇ ਲੱਗੇ ਮੇਲੇ ਦੌਰਾਨ ਲੋਕਾਂ ਦਾ ਜਮਾਵੜਾ ਲੱਗਿਆ ਰਿਹਾ, ਜੋ ਕੋਰੋਨਾ ਬੀਮਾਰੀ ਨੂੰ ਫੈਲਣ ਦਾ ਸੱਦਾ ਦੇ ਰਿਹਾ ਸੀ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਧਾਰਮਿਕ ਅਸਥਾਨ ’ਤੇ ਅੱਜ ਸਲਾਨਾ ਮੇਲਾ ਲੱਗਿਆ, ਜਿੱਥੇ ਕਿ ਖ਼ੂਬ ਦੁਕਾਨਾਂ ਸਜੀਆਂ ਹੋਈਆਂ ਸਨ ਅਤੇ ਲੋਕ ਵੀ ਕੋਰੋਨਾ ਤੋਂ ਬੇਖੌਫ਼ ਹੋ ਕੇ ਬਿਨ੍ਹਾਂ ਮਾਸਕ ਲਗਾਏ ਘੁੰਮ ਰਹੇ ਸਨ। ਇਸ ਮੇਲੇ ’ਚ ਘੁੰਮਦੇ ਸੈਂਕੜੇ ਲੋਕਾਂ ’ਚੋਂ ਜ਼ਿਆਦਾਤਰ ਨੇ ਮਾਸਕ ਨਹੀਂ ਪਹਿਨੇ ਸਨ, ਹੋਰ ਤਾਂ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਫੜ੍ਹੀਆਂ ਲਗਾ ਕੇ ਬੈਠੇ ਦੁਕਾਨਦਾਰ ਵੀ ਬਿਨ੍ਹਾਂ ਮਾਸਕ ਪਹਿਨੇ ਜਿੱਥੇ ਸਮਾਨ ਵੇਚ ਰਹੇ ਸਨ, ਉੱਥੇ ਕੋਰੋਨਾ ਨੂੰ ਵੀ ਫੈਲਾਅ ਰਹੇ ਸਨ।

ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕੋਰੋਨਾ ਮਹਾਮਾਰੀ ਕਾਰਣ ਕੋਈ ਵੀ ਧਾਰਮਿਕ ਸਮਾਗਮ ਜਾਂ ਮੇਲਿਆਂ ’ਤੇ ਪਾਬੰਦੀ ਹੈ ਪਰ ਕੂੰਮਕਲਾਂ ਪੁਲਸ ਪ੍ਰਸ਼ਾਸਨ ਦੀ ਨੱਕ ਹੇਠ ਇਹ ਮੇਲਾ ਸਵੇਰ ਤੋਂ ਹੀ ਭਰਿਆ ਹੋਇਆ ਸੀ। ਇਸ ਮੇਲੇ ’ਚ ਘੁੰਮਦੇ ਜ਼ਿਆਦਾਤਰ ਲੋਕਾਂ ਅਤੇ ਫੜ੍ਹੀਆਂ ਲਗਾ ਕੇ ਬੈਠੇ ਗਰੀਬ ਦੁਕਾਨਦਾਰਾਂ 'ਚ ਕੋਰੋਨਾ ਦਾ ਖੌਫ਼ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਸੀ, ਜਦੋਂ ਕਿ ਜ਼ਿਲ੍ਹੇ ’ਚ ਰੋਜ਼ਾਨਾ 250 ਤੋਂ 300 ਤੱਕ ਕੋਰੋਨਾ ਦੇ ਮਾਮਲੇ ਆ ਰਹੇ ਹਨ ਅਤੇ 15 ਤੋਂ ਵੱਧ ਲੋਕ ਰੋਜ਼ਾਨਾ ਮਹਾਮਾਰੀ ਕਾਰਣ ਆਪਣੀ ਜਾਨ ਗੁਆ ਰਹੇ ਹਨ।

ਪਿੰਡ ਕੋਟ ਗੰਗੂਰਾਏ ਵਿਖੇ ਲੱਗੇ ਇਸ ਧਾਰਮਿਕ ਮੇਲੇ ਬਾਰੇ ਪੁਲਸ ਤੇ ਪ੍ਰਸ਼ਾਸਨ ਬਿਲਕੁਲ ਬੇਪ੍ਰਵਾਹ ਦਿਖਾਈ ਦਿੱਤਾ ਅਤੇ ਸਰਕਾਰੀ ਦਫ਼ਤਰਾਂ ’ਚ ਬੈਠੇ ਅਧਿਕਾਰੀ ਜੋ ਕੋਰੋਨਾ ਨੂੰ ਲੈ ਕੇ ਮਿਸ਼ਨ ਫਤਹਿ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਨੱਕ ਹੇਠਾਂ ਹੀ ਨਿਯਮਾਂ ਦੀ ਉਲਟ ਜਾ ਕੇ ਧਾਰਮਿਕ ਮੇਲਾ ਲੱਗਣਾ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।
ਬੀ. ਏ. ਪਾਸ ਕਰ ਮੇਲਿਆਂ ’ਚ ਫੜ੍ਹੀਆਂ ਲਗਾਉਣ ਵਾਲੇ ਨੇ ਸਰਕਾਰ ਨੂੰ ਸੁਣਾਈਆਂ ਖ਼ਰੀਆਂ

ਕੋਟ ਗੰਗੂਰਾਏ ਵਿਖੇ ਮੇਲੇ ਦੌਰਾਨ ਇੱਕ ਫੜ੍ਹੀ ਲਗਾ ਕੇ ਬੈਠੇ ਨੌਜਵਾਨ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਹ ਬੀ. ਏ. ਪਾਸ ਹੈ ਅਤੇ ਰੋਜ਼ਗਾਰ ਨਾ ਮਿਲਣ ਕਾਰਣ ਉਹ ਮੇਲਿਆਂ ’ਚ ਫੜ੍ਹੀਆਂ ਲਗਾਉਣ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਕੋਰੋਨਾ ਕਾਰਣ ਪਹਿਲਾਂ ਹੀ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਪਰ ਹੁਣ ਮੇਲਿਆਂ ’ਤੇ ਵੀ ਪਾਬੰਦੀਆਂ ਲੱਗਣ ਕਾਰਣ ਸਰਕਾਰ ਦੱਸੇ ਕਿ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰੇ। ਛੰਦੜਾਂ ਪਿੰਡ ਦੇ ਨੌਜਵਾਨ ਨੇ ਕਿਹਾ ਕਿ ਨਾ ਸਰਕਾਰ ਰੋਜ਼ਗਾਰ ਦਿੰਦੀ ਹੈ, ਨਾ ਫੜ੍ਹੀਆਂ ਲਗਾਉਣ ਦਿੰਦੀ ਹੈ ਅਤੇ ਨਾ ਹੀ ਕੋਈ ਬੇਰੋਜ਼ਗਾਰੀ ਭੱਤਾ। ਇਸ ਲਈ ਉਹ ਮਜ਼ਬੂਰ ਹੋ ਕੇ ਕੋਰੋਨਾ ਕਾਲ 'ਚ ਵੀ ਫੜ੍ਹੀ ਲਗਾ ਆਪਣੀ ਜਾਨ ਜੋਖ਼ਮ 'ਚ ਪਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਇਸ ਨੌਜਵਾਨ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਬਜ਼ਾਰਾਂ ’ਚ ਦੁਕਾਨਾਂ ਖੁੱਲ੍ਹ ਸਕਦੀਆਂ ਹਨ ਤਾਂ ਮੇਲਿਆਂ ’ਚ ਫੜ੍ਹੀਆਂ ’ਤੇ ਪਾਬੰਦੀ ਕਿਓਂ? 

ਕੀ ਕਹਿੰਦੇ ਨੇ ਪ੍ਰਬੰਧਕ

ਜਦੋਂ ਇਸ ਸਬੰਧੀ ਧਾਰਮਿਕ ਮੇਲੇ ਦੀ ਪ੍ਰਬੰਧਕ ਕਮੇਟੀ ਮੈਂਬਰ ਅਜਮੇਰ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਮੇਲਿਆਂ ’ਤੇ ਪਾਬੰਦੀ ਹੈ, ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਲਿਖਤੀ ਰੂਪ 'ਚ ਸੂਚਿਤ ਕੀਤਾ ਸੀ ਕਿ ਇੱਥੇ ਸਿਰਫ ਸ਼ਰਧਾਲੂ ਮੱਥਾ ਟੇਕਣ ਆਉਣਗੇ ਪਰ ਮਨਾਹੀ ਦੇ ਬਾਵਜੂਦ ਦੁਕਾਨਾਂ ਸਜਾ ਗਈਆਂ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆਉਣ ਵਾਲੇ ਵਿਅਕਤੀ ਦੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਵਾਏ ਜਾਂਦੇ ਹਨ ਅਤੇ ਜੇਕਰ ਕਿਸੇ ਕੋਲ ਮਾਸਕ ਨਹੀਂ, ਉਹ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਕਾਰਣ ਬਹੁਤ ਘੱਟ ਸ਼ਰਧਾਲੂ ਆਏ ਹਨ ਅਤੇ ਸਲਾਨਾ ਖੇਡ ਮੇਲਾ ਵੀ ਨਹੀਂ ਕਰਵਾਇਆ ਗਿਆ ਪਰ ਕੁਝ ਲੋਕਾਂ ਨੇ ਬਿਨ੍ਹਾਂ ਮਨਜ਼ੂਰੀ ਤੋਂ ਫੜ੍ਹੀਆਂ ਖੋਲ੍ਹ ਦਿੱਤੀਆਂ।

ਧਾਰਮਿਕ ਮੇਲੇ ’ਤੇ ਲੱਗੀਆਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ: ਪੁਲਸ

ਜਦੋਂ ਇਸ ਸਬੰਧੀ ਮੇਲੇ ’ਚ ਮੌਜੂਦ ਸਹਾਇਕ ਥਾਣੇਦਾਰ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਪਿੰਡ ਕੋਟ ਗੰਗੂਰਾਏ ਵਿਖੇ ਧਾਰਮਿਕ ਮੇਲੇ ’ਚ ਜੋ ਦੁਕਾਨਾਂ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਮੇਲਿਆਂ ’ਤੇ ਪਾਬੰਦੀ ਹੈ ਪਰ ਫਿਰ ਵੀ ਇਹ ਭੀੜ ਕਿਵੇਂ ਇਕੱਠੀ ਹੋ ਗਈ, ਉਹ ਸਪੱਸ਼ਟ ਜਵਾਬ ਨਾ ਦੇ ਸਕੇ।  


 


author

Babita

Content Editor

Related News