''ਕੋਰੋਨਾ ਮੁਕਤ'' ਨਾ ਰਹਿ ਸਕਿਆ ਮੋਹਾਲੀ, ਨਵਾਂ ਮਾਮਲਾ ਆਇਆ ਸਾਹਮਣੇ
Monday, May 25, 2020 - 01:13 PM (IST)
ਮੋਹਾਲੀ (ਰਾਣਾ) : ਮੋਹਾਲੀ ਜ਼ਿਲ੍ਹਾ ਜ਼ਿਆਦਾ ਦੇਰ ਤੱਕ ਕੋਰੋਨਾ ਮੁਕਤ ਨਹੀਂ ਰਹਿ ਸਕਿਆ ਹੈ ਕਿਉਂਕਿ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹੇ ਦੇ ਨਵਾਂਗਾਓਂ ਦੀ 29 ਸਾਲਾ ਇਕ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੀ ਡਿਲੀਵਰੀ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ 'ਚ ਕੀਤੀ ਗਈ ਸੀ ਪਰ ਚੰਗੀ ਗੱਲ ਇਹ ਰਹੀ ਕਿ ਬੱਚੇ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਦੱਸ ਦੇਈਏ ਕਿ ਥੋੜ੍ਹੇ ਦਿਨ ਪਹਿਲਾਂ ਮੋਹਾਲੀ ਵਾਸੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਸੀ ਕਿ ਮੋਹਾਲੀ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ ਅਤੇ ਸਾਰੇ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੇ ਵੀਰਵਾਰ ਨੂੰ ਪੀ. ਜੀ. ਆਈ. ਤੋਂ ਮੋਹਾਲੀ ਦੇ ਆਖਰੀ ਦੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਵੀ ਘਰ ਭੇਜ ਦਿੱਤਾ ਗਿਆ ਸੀ ਪਰ ਕੋਰੋਨਾ ਦੇ ਕਹਿਰ ਤੋਂ ਮੋਹਾਲੀ ਜ਼ਿਆਦਾ ਦੇਰ ਤੱਕ ਬਚ ਨਹੀਂ ਸਕਿਆ ਅਤੇ ਅੱਜ ਫਿਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਦਸਤਕ ਦੇ ਦਿੱਤੀ ਹੈ।