ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਕੈਸ਼ੀਅਰ ਦੀ ਕੋਰੋਨਾ ਨਾਲ ਮੌਤ
Tuesday, May 11, 2021 - 03:10 PM (IST)

ਫਿਰੋਜ਼ਪੁਰ (ਹਰਚਰਨ, ਬਿੱਟੂ): ਫਿਰੋਜ਼ਪੁਰ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਕੈਸ਼ੀਅਰ ਰਤਨ ਲਾਲ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਪਿਛਲੇ 15 ਦਿਨ ਤੋਂ ਬਿਮਾਰ ਚੱਲ ਰਹੇ ਸਨ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਸਮੂਹ ਪੱਤਰਕਾਰਾਂ,ਸਮਾਜਸੇਵੀ ਸੰਸਥਾਵਾਂ ਵੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ: ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸੋਮਵਾਰ ਨੂੰ 198 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,625 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10704 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,50,674 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,64,170 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 75,800 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?