ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ

Wednesday, Jun 02, 2021 - 03:56 PM (IST)

ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ

ਭਵਾਨੀਗੜ੍ਹ (ਅੱਤਰੀ): ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਦਿੱਲੀ ਮੋਰਚੇ ’ਚ ਸ਼ਾਮਲ ਕਿਸਾਨ ਆਗੂ ਕਰਮਜੀਤ ਸਿੰਘ ਗਰੇਵਾਲ ਦੇ ਭੋਗ ਦੌਰਾਨ ਬੀਤੇ ਦਿਨ ਦੇਗ ਵਰਤਾਈ ਗਈ, ਜਿਸ ਦਾ ਪਤਾ ਲੱਗਣ ਬਾਅਦ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਗ੍ਰੰਥੀ ਸਿੰਘ ਦੇ ਸੰਪਰਕ ਵਿਚ ਰਹੇ ਵਿਅਕਤੀਆਂ ਅਤੇ ਭੋਗ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਸਕਰੌਦੀ ਦੇ ਗੁਰਦੁਆਰੇ ਦੇ ਗ੍ਰੰਥੀ ਜੁਗਰਾਜ ਸਿੰਘ ਨੇ ਆਪਣਾ ਕੋਰੋਨਾ ਟੈਸਟ ਦੋ ਦਿਨ ਪਹਿਲਾਂ ਕਰਵਾਇਆ ਸੀ, ਉਸ ਦੀ 1 ਜੂਨ ਦੀ ਸ਼ਾਮ ਨੂੰ ਆਈ ਰਿਪੋਰਟ ਵਿੱਚ ਉਹ ਪਾਜ਼ੇਟਿਵ ਪਾਇਆ ਗਿਆ ਪਰ ਇਹੀ ਗ੍ਰੰਥੀ ਸਿੰਘ 1 ਜੂਨ ਨੂੰ ਦਿਨ ਵਿੱਚ ਭੋਗ ਦੌਰਾਨ ਦੇਗ ਵੰਡਣ ਦੀ ਸੇਵਾ ਕਰਦਾ ਰਿਹਾ।

ਇਹ ਵੀ ਪੜ੍ਹੋ: ਕਾਂਗਰਸ ਅੰਦਰ ਮਚੇ ਘਮਸਾਨ ਨੂੰ ਹੁਣ ਸ਼ਾਂਤ ਕਰਨਗੇ ਰਾਹੁਲ ਗਾਂਧੀ!

ਇਸ ਭੋਗ ਵਿੱਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਸਮੇਤ ਕਿਸਾਨ ਅਤੇ ਰਿਸ਼ਤੇਦਾਰ ਸ਼ਾਮਲ ਸਨ। ਡਾ. ਮਹੇਸ਼ ਆਹੂਜਾ ਐੱਸ.ਐੱਮ.ਓ. ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਅਤੇ ਸੁਪਰਵਾਈਜ਼ਰ ਦਲਜੀਤ ਸਿੰਘ ਨੇ ਦੱਸਿਆ ਕਿ ਗ੍ਰੰਥੀ ਸਿੰਘ ਜੁਗਰਾਜ ਸਿੰਘ ਦੀ 1 ਜੂਨ ਦੀ ਸ਼ਾਮ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਅਤੇ ਸਿਹਤ ਟੀਮ ਨੇ ਗ੍ਰੰਥੀ ਸਿੰਘ ਨਾਲ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜੂਨ ਦੇ ਅੰਤ ’ਚ ਪੰਜਾਬ ਪਹੁੰਚ ਸਕਦਾ ਹੈ ਮਾਨਸੂਨ


author

Shyna

Content Editor

Related News