ਪੰਜਾਬ ''ਚ ਕੋਰੋਨਾ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ, ਹੁਣ 68 ਸਾਲਾ ਬੀਬੀ ਨੇ ਤੋੜਿਆ ਦਮ
Saturday, Jul 04, 2020 - 11:17 AM (IST)
ਜ਼ੀਰਕਪੁਰ (ਮੇਸ਼ੀ) : ਪੰਜਾਬ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਅਤੇ ਕੋਰੋਨਾ ਕਾਰਨ ਪੰਜਾਬ 'ਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਜ਼ੀਰਕਪੁਰ ਦੇ ਪਟਿਆਲਾ ਰੋਡ 'ਤੇ ਸਥਿਤ ਸ਼ਿਵਾਸਤਿਕ ਵਿਹਾਰ ਦੇ ਪਰਿਵਾਰ ਦੀ ਇੱਕ 68 ਸਾਲਾ ਬੀਬੀ ਸਵਰਨ ਕਾਂਤਾ ਦੀ ਮੌਤ ਹੋ ਗਈ ਹੈ। ਸਵਰਨ ਕਾਂਤਾ ਨੂੰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪੀੜਤ ਹੋਣ ਕਾਰਨ ਗਿਆਨ ਸਾਗਰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਸੀ, ਜਿਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ ਪਰ ਅੱਜ ਚੜ੍ਹਦੀ ਸਵੇਰ ਸਵਰਨ ਕਾਂਤਾ ਨੇ ਕੋਰੋਨਾ ਬਿਮਾਰੀ ਦੇ ਭਿਆਨਕ ਦਰਦਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਹ ਜ਼ੀਰਕਪੁਰ ਇਲਾਕੇ ਦੀ ਕੋਰੋਨਾ ਮੌਤ ਵੱਜੋਂ ਤੀਜੀ ਘਟਨਾ ਹੈ। ਇਸ ਤੋਂ ਪਹਿਲਾ ਦੋ ਪੁਰਸ਼ ਬਜ਼ੁਰਗਾਂ ਦੀ ਮੋਤ ਹੋ ਚੁੱਕੀ ਹੈ। ਇਸ ਔਰਤ ਦੀ ਮੌਤ ਸਬੰਧੀ ਗਿਆਨ ਸਾਗਰ ਹਸਪਤਾਲ ਦੇ ਡਾਕਟਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਰਗਾੜੀ ਵਿਖੇ ਬੇਅਦਬੀ ਮਾਮਲੇ 'ਚ 'ਸਿੱਟ' ਦੀ ਵੱਡੀ ਕਾਰਵਾਈ, 7 ਡੇਰਾ ਪ੍ਰੇਮੀ ਗ੍ਰਿਫ਼ਤਾਰ
ਪੰਜਾਬ 'ਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਇਸ ਸਮੇਂ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਹੁਣ ਤੱਕ ਸੂਬੇ ਅੰਦਰ 6000 ਤੋਂ ਵੱਧ ਕੋਰੋਨਾ ਪੀੜਕ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ ਅੰਦਰ ਕੋਰੋਨਾ ਦੇ ਕੁੱਲ 4 ਹਜ਼ਾਰ, 313 ਤੋਂ ਵੱਧ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦੋਂ ਕਿ ਇਸ ਲਾਗ ਕਾਰਨ 158 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 46 ਮੌਤਾਂ, ਲੁਧਿਆਣਾ 'ਚ 24, ਜਲੰਧਰ 'ਚ 22, ਸੰਗਰੂਰ 'ਚ 14, ਪਟਿਆਲਾ 'ਚ 9, ਗੁਰਦਾਸਪੁਰ 'ਚ 5, ਪਠਾਨਕੋਟ 'ਚ 6 ਤਰਨਤਾਰਨ 'ਚ 4, ਨਵਾਂਸ਼ਹਿਰ 'ਚ 1, ਮੋਗਾ 'ਚ 2, ਰੋਪੜ 'ਚ 1, ਕਪੂਰਥਲਾ 'ਚ 5, ਫਿਰੋਜ਼ਪੁਰ 'ਚ 3, ਹੁਸ਼ਿਆਰਪੁਰ 'ਚ 6, ਬਠਿੰਡਾ 'ਚ 3, ਮੋਹਾਲੀ 'ਚ 5 ਅਤੇ ਬਰਨਾਲਾ 'ਚ ਹੁਣ ਤੱਕ 2 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਹੁੰਮਸ ਦੇ ਮਾਰੇ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ ਪੈ ਸਕਦੈ ਮੀਂਹ