ਕੋਰੋਨਾ ਤੋਂ ਬਾਅਦ ਹੁਣ ਪੰਜਾਬ ''ਚ ਟਿੱਡੀ ਦਲ ਦਾ ਹਮਲਾ, ਖੇਤੀਬਾੜੀ ਮਹਿਕਮੇ ਦੀਆਂ ਤਿਆਰੀਆਂ ਨਾਕਾਫ਼ੀ

Thursday, May 28, 2020 - 05:34 PM (IST)

ਪਟਿਆਲਾ (ਬਲਜਿੰਦਰ): ਕੋਰੋਨਾ ਤੋਂ ਬਾਅਦ ਪੰਜਾਬ 'ਚ ਹੁਣ ਟਿੱਡੀ ਦਲ ਨੇ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਹੈ ਪਰ ਪਟਿਆਲਾ ਦੇ ਖੇਤੀਬਾੜੀ ਮਹਿਕਮੇ ਵਲੋਂ ਟਿੱਡੀ ਦਲ ਦੀ ਰੋਕਥਾਮ ਲਈ ਅਜੇ ਤਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਨਾ ਤਾਂ ਇਸ ਬਾਰੇ ਜ਼ਿਆਦਾਤਰ ਸਟਾਫ ਨੂੰ ਕੋਈ ਗਿਆਨ ਹੈ ਅਤੇ ਨਾ ਹੀ ਖੇਤੀਬਾੜੀ ਮਹਿਕਮੇ ਵੱਲੋਂ ਇਸ ਸਬੰਧੀ ਅਜੇ ਤਕ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਕੀਤਾ ਗਿਆ ਹੈ। ਜੇਕਰ ਟਿੱਡੀ ਦਲ ਪਟਿਆਲਾ ਜ਼ਿਲ੍ਹੇ ਵੱਲ ਆਉਂਦਾ ਹੈ ਤਾਂ ਨਾ ਤਾਂ ਜ਼ਿਆਦਾਤਰ ਕਿਸਾਨਾਂ ਅਤੇ ਲੋਕਾਂ ਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਅਤੇ ਨਾ ਹੀ ਖੇਤੀਬਾੜੀ ਵਿਭਾਗ ਵੱਲੋਂ ਇਸ ਸਬੰਧੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਟਿੱਡੀ ਦਲ ਪੁਰਾਣੇ ਸਮੇਂ ਵਿਚ ਹਮਲਾ ਕਰਦਾ ਰਹਿੰਦਾ ਸੀ, ਇਸ ਲਈ ਸੂਬਾ ਪੱਧਰ 'ਤੇ ਟਿੱਢੀ ਦਲ ਦੀ ਰੋਕਥਾਮ ਲਈ ਡਿਪਟੀ ਡਾਇਰੈਕਟਰ ਟਿੱਡੀ ਦਲ ਰੋਕਥਾਮ ਤੇ ਪੌਦਾ ਸੁਰੱਖਿਆ ਦੀ ਬਕਾਇਦਾ ਆਸਾਮੀ ਸੀ ਅਤੇ ਇਹ ਅਧਿਕਾਰੀ ਜ਼ਿਲ੍ਹਾ ਖੇਤੀਬਾੜੀ ਅਫਸਰ ਅਤੇ ਬਾਕੀ ਵਿਭਾਗਾਂ ਨਾਲ ਸਹਿਯੋਗ ਕਰ ਕੇ ਟਿੱਡੀ ਦਲ ਦੀ ਰੋਕਥਾਮ ਲਈ ਯਤਨ ਕਰਦਾ ਸੀ ਕਿਉਂਕਿ ਪਟਿਆਲਾ ਜ਼ਿਲ੍ਹੇ 'ਚ ਟਿੱਡੀ ਦਲ 1965 ਤੋਂ ਬਾਅਦ ਕਦੇ ਨਹੀਂ ਆਇਆ, ਅਜਿਹੇ ਵਿਚ ਇਸ ਸਮੇਂ ਨਾ ਤਾਂ ਇਸ ਪੋਸਟ ਦਾ ਕੋਈ ਜ਼ਿਆਦਾ ਮਹੱਤਵ ਹੈ ਅਤੇ ਨਾ ਹੀ ਖੁਦ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਕੋਲ ਟਿੱਡੀ ਦਲ ਨਾਲ ਨਿਪਟਣ ਲਈ ਉੱਚਿਤ ਪ੍ਰਬੰਧ ਹਨ।

ਇਹ ਵੀ ਪੜ੍ਹੋ: ਟਿੱਡੀ ਦਲ ਦੇ ਮੁਕਾਬਲੇ ਲਈ 1 ਕਰੋੜ ਦੀਆਂ ਦਵਾਈਆਂ ਦਾ ਭੰਡਾਰ ਮੌਜੂਦ: ਡਾਇਰੈਕਟਰ

ਦੱਸਣਯੋਗ ਹੈ ਕਿ ਟਿੱਡੀ ਦਲ ਦੀ ਰੋਕਥਾਮ ਲਈ ਪੁਰਾਣੇ ਸਮੇਂ ਵਿਚ ਪੀਪੇ ਅਤੇ ਥਾਲੀਆਂ ਖੜਕਾ ਕੇ ਟਿੱਡੀ ਦਲ ਨੂੰ ਭਜਾਇਆ ਜਾਂਦਾ ਸੀ। ਇਸ ਤੋਂ ਬਾਅਦ ਜਦੋਂ ਸਪਰੇਅ ਆਏ ਤਾਂ ਹੱਥਾਂ ਨਾਲ ਅਤੇ ਏਰੀਅਲ ਸਪਰੇਅ ਕੀਤਾ ਜਾਂਦਾ ਸੀ, ਜਿਸ ਨਾਲ ਟਿੱਡੀ ਦਲ ਨੂੰ ਰੋਕਿਆ ਜਾ ਸਕਦਾ ਹੈ ਪਰ ਇਥੇ ਪੈਸਟੀਸਾਈਡ ਦੀਆਂ ਕੀ
ਦੁਕਾਨਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਹਮਣੇ ਆਇਆ ਕਿ ਟਿੱਡੀ ਦਲ ਦੀ ਰੋਕਥਾਮ ਲਈ ਸਬੰਧਤ ਦਵਾਈਆਂ ਦਾ ਕਿਸੇ ਤਰ੍ਹਾਂ ਦਾ ਕੋਈ ਸਟਾਕ ਹੀ ਨਹੀਂ ਹੈ। ਟਿੱਡੀ ਦਲ ਨੂੰ ਭਜਾਉਣ ਲਈ ਸਭ ਤੋਂ ਵੱਡਾ ਕੰਮ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਪਰ ਅਜੇ ਤਕ ਵਿਭਾਗ ਵਲੋਂ ਅਜਿਹੀ ਕੋਈ ਪਬਲਿਕ ਮੀਟਿੰਗ ਨਹੀਂ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਟਿੱਡੀ ਦਲ ਬਾਰੇ ਦੱਸਿਆ ਜਾ ਸਕੇ। ਹੁਣ ਸੂਬਾ ਪੱਧਰ 'ਤੇ ਇਕ-ਦੋ ਐਲਾਨ ਜ਼ਰੂਰ ਹੋਏ ਹਨ ਪਰ ਜ਼ਿਲ੍ਹਾ ਪੱਧਰ 'ਤੇ ਖੇਤੀਬਾੜੀ ਮਹਿਕਮੇ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ

ਕੀ ਹੈ ਟਿੱਢੀ ਦਲ
ਟਿੱਢੀ ਦਲ ਬਾਰੇ ਸਾਬਕਾ ਜੁਆਇੰਟ ਡਾਇਰੈਕਟਰ ਅਤੇ ਪੰਜਾਬ ਦੇ ਪ੍ਰਸਿੱਧ ਟੈਕਨੋਕਰੇਟ ਤੇ ਸਿੱਧੀ ਬਿਜਾਈ ਦੇ ਪਿਤਾਮਾ ਡਾ. ਬਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਟਿੱਢੀ ਦਲ ਵੱਡੇ ਝੁੰਡ ਵਿਚ ਆਉਂਦਾ ਹੈ ਅਤੇ ਫਸਲਾਂ ਅਤੇ ਹਰੇ ਦਰੱਖਤਾਂ 'ਤੇ ਹਮਲਾ ਕਰਦਾ ਹੈ। ਜਿਥੋਂ ਇਕ ਵਾਰ ਇਹ ਲੰਘ ਜਾਵੇ, ਉੱਥੇ ਸਰਵਨਾਸ਼ ਕਰ ਦਿੰਦਾ ਹੈ। ਜ਼ਿਆਦਾਤਰ ਇਸ ਦਾ ਅਟੈਕ ਰੇਤਲੀ ਜ਼ਮੀਨ ਅਤੇ ਕਾਟਨ ਬੈਲਟ ਵਿਚ ਦੇਖਿਆ ਜਾਂਦਾ ਹੈ। ਟਿੱਢੀ ਦਲ ਜ਼ਮੀਨ ਦੇ ਅੰਦਰ ਧਸ ਕੇ ਅੰਡੇ ਦਿੰਦਾ ਹੈ ਅਤੇ ਉਥੋਂ ਇਕਦਮ ਅੱਗੇ ਚਲਾ ਜਾਂਦਾ ਹੈ ਅਤੇ ਪਿੱਛੇ ਫਿਰ ਨਵਾਂ ਟਿੱਢੀ ਦਲ ਪੈਦਾ ਹੋ ਜਾਂਦਾ ਹੈ। ਇਸ ਤਰ੍ਹਾਂ ਇਸ ਨੂੰ ਕਾਬੂ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਸੀ ਪਰ ਹੁਣ ਸੰਚਾਰ ਦੇ ਸਾਧਨ ਤੇਜ਼ ਹੋਣ ਕਾਰਣ ਇਸ ਦੀ ਸੂਚਨਾ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਕੇ ਖਾਸ ਤੌਰ 'ਤੇ ਮਨਰੇਗਾ ਵਰਕਰਾਂ ਨੂੰ ਇਸ ਲਈ ਪਹਿਲਾਂ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਇਕੱਲਾ ਖੇਤੀਬਾੜੀ ਵਿਭਾਗ ਨਹੀਂ ਸਗੋਂ ਹੋਰ ਸਬੰਧਤ ਵਿਭਾਗਾਂ ਅਤੇ ਖਾਸ ਤੌਰ 'ਤੇ ਪੰਚਾਇਤਾਂ ਦਾ ਰੋਲ ਕਾਫੀ ਅਹਿਮ ਹੋ ਜਾਂਦਾ ਹੈ। ਅਜਿਹੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਟਿੱਢੀ ਦਲ ਦੀ ਰੋਕਥਾਮ ਲਈ ਇਕ ਵੱਡੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਉਹ ਜ਼ਿਆਦਾ ਨੁਕਸਾਨ ਨਾ ਕਰ ਸਕੇ।

ਇਹ ਵੀ ਪੜ੍ਹੋ: ਕੋਰੋਨਾ ਆਫਤ: ਲੁਧਿਆਣਾ ਦੀ ਰਵਨੀਤ ਕੌਰ ਨੇ 'ਭਾਰਤ ਦਾ ਮਜ਼ਦੂਰ' ਫਿਲਮ 'ਚ ਬਿਆਨ ਕੀਤਾ ਮਜ਼ਦੂਰਾਂ ਦਾ ਦਰਦ

ਡਾ. ਸੋਹਲ ਨੇ ਦੱਸਿਆ ਕਿ ਟਿੱਡੀ ਦਲ ਜਿਸ ਵੱਡੇ ਦਰੱਖਤ 'ਤੇ ਬੈਠ ਜਾਂਦਾ ਹੈ, ਉਹ ਆਪਣੇ ਵਜਨ ਨਾਲ ਜਿਥੇ ਦਰੱਖਤ ਦੀ ਹਰਿਆਵਲ ਖਤਮ ਕਰ ਦਿੰਦਾ ਹੈ, ਉੱਥੇ ਹੀ ਉਸ ਦੀਆਂ ਵੱਡੀਆਂ ਟਾਹਣੀਆਂ ਵੀ ਤੋੜ ਦਿੰਦਾ ਹੈ। ਇਸ ਤੋਂ ਵੀ ਅੱਗੇ ਟਿੱਡੀ ਦਲ ਜਦੋਂ ਸੜਕ 'ਤੇ ਕਿਸੇ ਗੱਡੀ ਦੇ ਹੇਠਾਂ ਆ ਜਾਂਦਾ ਹੈ ਤਾਂ ਉਸ ਨਾਲ ਸੜਕ 'ਤੇ ਤਿਲਕਣ ਪੈਦਾ ਹੋ ਜਾਂਦੀ ਹੈ, ਜਿਸ ਕਾਰਣ ਵੱਡੇ ਹਾਦਸੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।


Shyna

Content Editor

Related News