ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਨਵਜੰਮੇ ਬੱਚੇ ਦੀ ਮੌਤ, 89 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ

08/01/2020 8:43:47 PM

ਪਟਿਆਲਾ,(ਪਰਮੀਤ)- ਪਟਿਆਲਾ ’ਚ ਕੋਰੋਨਾ ਕਾਰਣ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਦੋਂਕਿ 89 ਹੋਰ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਾਭਾ ਦੇ ਪਿੰਡ ਹਰੀਗਡ਼੍ਹ ਦੀ ਰਹਿਣ ਵਾਲੀ 28 ਸਾਲਾ ਗਰਭਵਤੀ ਔਰਤ ਜੋ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਸੀ ਅਤੇ ਉਸ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਯਾਨੀ ਪ੍ਰੀ-ਮਚਿਓਰ ਡਲਿਵਰੀ ਕੀਤੀ। ਪੈਦਾ ਹੋਇਆ ਬੱਚਾ ਕੋਰੋਨਾ ਪਾਜ਼ੇਟਿਵ ਸੀ, ਇਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਇਹ ਕੋਰੋਨਾ ਨਾਲ 29ਵੀਂ ਮੌਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1828 ਕੇਸ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 1105 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 694 ਕੇਸ ਐਕਟਿਵ ਹਨ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 89 ਕੇਸਾਂ ’ਚੋਂ 56 ਪਟਿਆਲਾ ਸ਼ਹਿਰ, 10 ਰਾਜਪੁਰਾ, 2 ਨਾਭਾ, 1 ਸਮਾਣਾ, 3 ਪਾਤਡ਼ਾਂ ਅਤੇ 17 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 41 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 46 ਨਵੇਂ ਕੇਸ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਅਤੇਂ 2 ਵਿਦੇਸ਼ਾਂ ਤੋਂ ਆਉਣ ਨਾਲ ਸਬੰਧਤ ਹਨ। ਪਟਿਆਲਾ ਦੇ ਅਜੀਤ ਨਗਰ ਤੋਂ 4, ਗੁਰਬਖਸ਼ ਕਾਲੋਨੀ, ਏਕਤਾ ਨਗਰ, ਆਦਰਸ਼ ਕਾਲੋਨੀ, ਤੋਂ ਤਿੰਨ-ਤਿੰਨ, ਸੁਲਰ ਰੋਡ, ਅਰੋਡ਼ਾ ਸਟਰੀਟ, ਮੋਤੀ ਬਾਗ, ਐੱਚ. ਆਰ. ਇਨਕਲੇਵ, ਡਿਫੈਂਸ ਕਾਲੋਨੀ, ਨਿਊ ਆਫਿਸਰ ਕਾਲੋਨੀ ’ਚੋਂ ਦੋ- ਦੋ, ਨਿਊ ਪੁਲਸ ਲਾਈਨ, ਮਹਾਰਾਜਾ ਸਟਰੀਟ ਹੀਰਾ ਨਗਰ, ਬਚਿੱਤਰ ਨਗਰ, ਪ੍ਰੀਤ ਵਿਹਾਰ, ਦਰਸ਼ਨਾ ਕਾਲੋਨੀ, ਪਟਿਆਲਾ, ਜੁਝਾਰ ਨਗਰ, ਪ੍ਰੀਤ ਨਗਰ, ਏਕਤਾ ਵਿਹਾਰ, ਅਨੰਦ ਨਗਰ-ਬੀ, ਪੁਰਾਣਾ ਬਿਸ਼ਨ ਨਗਰ, ਆਜ਼ਾਦ ਨਗਰ, ਪੰਜਾਬੀ ਬਾਗ, ਦਸਮੇਸ਼ ਨਗਰ ਅਰਬਨ ਅਸਟੇਟ-2, ਮਹਿੰਦਰਾ ਕਾਲੋਨੀ, ਤੇਗ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਢਿੱਲੋਂ ਕਾਲੋਨੀ, ਪਾਠਕ ਵਿਹਾਰ, ਮਾਡਲ ਟਾਊਨ, ਅਨਾਰਦਾਣਾ ਚੌਕ, ਲਹਿਲ, ਸ਼ੇਰ ਮਾਜਰਾ, ਪਟਿਆਲਾ, ਤ੍ਰਿਪਡ਼ੀ, ਵਾਟਰ ਟੈਂਕ ਬੀ, ਚਰਨ ਬਾਗ, ਅਨੰਦ ਨਗਰ ’ਚੋਂ ਇਕ-ਇਕ, ਰਾਜਪੁਰਾ ਦੇ ਢਕਾਸੂ ਮਾਜਰਾ, ਨਿਊ ਆਫੀਸਰ ਕਾਲੋਨੀ, ਰਾਜਪੁਰਾ, ਕੇ. ਐੱਸ. ਐੱਮ. ਰੋਡ, ਗਾਂਧੀ ਕਾਲੋਨੀ, ਗੁਰੂ ਨਾਨਕ ਦਰਬਾਰ, ਬਡਵਾਲ ਝੁੰਗੀਆਂ, ਆਰ. ਐੱਸ. ਐੱਮ. ਰੋਡ, ਅਨੰਦ ਨਗਰ, ਸੁੰਦਰ ਨਗਰ ਤੋਂ ਇਕ-ਇਕ, ਨਾਭਾ ਦੇ ਤੇਲੀਆਂ ਸਟਰੀਟ, ਕਰਤਾਰਪੁਰਾ ਮੁਹੱਲਾ, ਸਮਾਣਾ ਦੇ ਘਡ਼ਾਮਾ ਪੱਤੀ ਤੋਂ ਇਕ, ਪਾਤਡ਼ਾਂ ਦੇ ਵਾਰਡ ਨੰਬਰ 8 ਤੋਂ ਤਿੰਨ ਅਤੇ 17 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ 5 ਸਿਹਤ ਕਾਮੇ, ਤਿੰਨ ਗਰਭਵੱਤੀ ਔਰਤਾਂ ਅਤੇ 2 ਪੁਲਸ ਕਰਮੀ ਵੀ ਸ਼ਾਮਲ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸਿਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬਡ਼ੀ ਬਾਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਮਰੀਜ਼ਾਂ ਦੇ ਲਗਾਤਾਰ ਸੰਪਰਕ ’ਚ ਆਉਣ ਕਾਰਣ ਕਈ ਸਿਹਤ ਸੰਸਥਾਵਾਂ ’ਚ ਕਰਮਚਾਰੀ ਅਤੇ ਅਧਿਕਾਰੀ ਕੋਵਿਡ ਪਾਜ਼ੇਟਿਵ ਆ ਰਹੇ ਹਨ। ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ ਅਤੇ ਕੋਲੀ ਵਿਖੇ ਵੀ ਸਟਾਫ ’ਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੋਰਨਾਂ ਸਟਾਫ ਮੈਂਬਰਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਡ਼ ਅਨੁਸਾਰ ਪਬਲਿਕ ਹੈਲਥ ਰਿਸਕ ਨੂੰ ਸਮਝਦੇ ਹੋਏ ਕੁਆਰੰਨਟੀਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਿਵਲ ਸਰਜਨ ਦਫਤਰ ਦਾ ਸਰਵਿਲੈਂਸ ਮੈਡੀਕਲ ਅਫਸਰ ਡਾ. ਯੁਵਰਾਜ ਨਰੰਗ ਵੀ ਲੱਛਣ ਆਉਣ ’ਤੇ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਆਈਸੋਲੇਟ ਕਰ ਕੇ ਨੇਡ਼ੇ ਸੰਪਰਕ ’ਚ ਆਉਣ ਵਾਲੇ ਸਟਾਫ ਮੈਂਬਰਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਸਬੰਧਤ ਬ੍ਰਾਂਚਾਂ ਨੂੰ ਸੇਨੇਟਾਈਜ਼ ਕਰ ਦਿੱਤਾ ਗਿਆ ਹੈ ਅਤੇ ਦਫਤਰ ਦੀ ਆਈ. ਡੀ. ਐੱਸ. ਪੀ. ਬ੍ਰਾਂਚ ’ਚ ਪਬਲਿਕ ਡੀਲਿੰਗ ਨੂੰ 5 ਦਿਨਾਂ ਲਈ ਬੰਦ ਕਰ ਦਿੱਤਾ ਹੈ।


Bharat Thapa

Content Editor

Related News