ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਦਾ ਮੁੜ ਵਿਸਫੋਟ, ਵਿਧਾਇਕ ਸਮੇਤ 17 ਨਵੇਂ ਮਰੀਜ਼ ਆਏ ਸਾਹਮਣੇ
Friday, Jul 24, 2020 - 02:40 AM (IST)
ਗੁਰਦਾਸਪੁਰ, (ਹਰਮਨ, ਵਿਨੋਦ)- ਕਰੀਬ 4 ਮਹੀਨਿਆਂ ਤੋਂ ਕਹਿਰ ਬਣ ਕੇ ਪ੍ਰੇਸ਼ਾਨੀ ਦਾ ਸਬੱਬ ਬਣੇ ਕੋਰੋਨਾ ਵਾਇਰਸ ਨੇ ਅੱਜ ਜ਼ਿਲਾ ਗੁਰਦਾਸਪੁਰ ਅੰਦਰ ਮੁੜ ਵੱਡਾ ਵਿਸਫੋਟ ਕੀਤਾ ਹੈ, ਜਿਸ ਤਹਿਤ ਜ਼ਿਲੇ ’ਚ ਇਕ ਵਿਧਾਇਕ ਅਤੇ ਉਸ ਦੇ ਪੁੱਤਰ ਸਮੇਤ ਇਕ ਅਕਾਲੀ ਆਗੂ ਦੇ ਇਲਾਵਾ 17 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਹ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਲੋਕਾਂ ’ਚ ਇਸ ਵਾਇਰਸ ਨੂੰ ਲੈ ਕੇ ਖੌਫ ਹੋਰ ਵੱਧ ਗਿਆ ਹੈ, ਜਿਸ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਂਸ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ-ਨਾਲ ਹਰ ਹਾਲਤ ਵਿਚ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਅੱਜ ਸਾਹਮਣੇ ਆਏ ਮਰੀਜ਼ਾਂ ’ਚ 13 ਮਰਦ ਅਤੇ 4 ਔਰਤਾਂ ਹਨ, ਜਿਨ੍ਹਾਂ ’ਚੋਂ 4 ਮਰੀਜ਼ਾਂ ਦਾ ਸਬੰਧ ਕਾਹਨੂੰਵਾਨ ਇਲਾਕੇ ਨਾਲ ਹੈ ਜਦੋਂ ਕਿ 1 ਧਾਰੀਵਾਲ, 1 ਧਿਆਨਪੁਰ ਅਤੇ 1 ਨੌਸ਼ਹਿਰਾ ਮੱਝਾ ਸਿੰਘ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ’ਚੋਂ ਧਾਰੀਵਾਲ ਨਾਲ ਸਬੰਧਤ 28 ਸਾਲ ਦੀ ਔਰਤ ਹੈ ਜਦੋਂ ਕਿ ਧਿਆਨਪੁਰ ਨਾਲ ਸਬੰਧਤ ਮਰੀਜ਼ ਪਿੰਡ ਦਰਗਾਬਾਦ ਦਾ ਰਹਿਣ ਵਾਲਾ 21 ਸਾਲ ਦਾ ਲੜਕਾ ਹੈ। ਕਾਹਨੂੰਵਾਨ ਨਾਲ ਸਬੰਧਤ 3 ਮਰੀਜ਼ ਪੁਰਸ਼ ਹਨ, ਜਿਨ੍ਹਾਂ ’ਚ ਅਕਾਲੀ ਆਗੂ ਦੇ ਇਲਾਵਾ ਬਾਕੀ ਦੇ ਮਰੀਜ਼ਾਂ ਦੀ ਉਮਰ 30 ਅਤੇ 35 ਸਾਲ ਹੈ। ਕਾਹਨੂੰਵਾਨ ਨਾਲ ਸਬੰਧਤ ਚੌਥਾ ਮਰੀਜ਼ ਚੱਕ ਸ਼ਰੀਬ ਦਾ 52 ਸਾਲ ਦਾ ਵਿਅਕਤੀ ਹੈ। ਬਟਾਲਾ ਨਾਲ ਸਬੰਧਤ ਮਰੀਜ਼ਾਂ ਵਿਚ ਇਕ ਵਿਧਾਇਕ ਅਤੇ ਉਸ ਦੇ ਪੁੱਤਰ ਤੋਂ ਇਲਾਵਾ ਇਕ ਮਰੀਜ਼ ਬਾਕੀ ਦੇ ਮਰੀਜ਼ਾਂ ਵਿਚ 37, 66, 24, 57 ਸਾਲ ਦੇ ਵਿਅਕਤੀ ਹਨ ਜਦੋਂ ਕਿ ਇਕ ਔਰਤ ਦੀ 68 ਸਾਲ ਦੀ ਹੈ। ਭੁੱਲਰ ਨਾਲ ਸਬੰਧਤ ਮਰੀਜ਼ਾਂ ’ਚੋਂ 70 ਸਾਲਾਂ ਦੀ ਔਰਤ ਦੇ ਇਲਾਵਾ ਇਕ ਨੌਜਵਾਨ ਦੀ 33 ਸਾਲ ਦਾ ਹੈ ਜਦੋਂ ਕਿ ਦੂਸਰੇ ਦੀ ਉਮਰ 31 ਸਾਲ ਹੈ। ਨੌਸ਼ਹਿਰਾ ਮੱਝਾ ਸਿੰਘ ਨਾਲ ਸਬੰਧਤ ਮਰੀਜ਼ 25 ਸਾਲ ਦੀ ਵਿਆਹੁਤਾ ਹੈ।
ਅੱਜ ਸਾਹਮਣੇ ਆਏ 17 ਨਵੇਂ ਮਰੀਜ਼ਾਂ ਨਾਲ ਹੁਣ ਜ਼ਿਲੇ ’ਚ ਮਰੀਜ਼ਾਂ ਦੀ ਗਿਣਤੀ 368 ਤੱਕ ਪਹੁੰਚ ਗਈ ਹੈ ਜਦੋਂ ਕਿ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਅੰਦਰ ਹੁਣ ਤੱਕ 25 ਹਜ਼ਾਰ 659 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 24 ਹਜ਼ਾਰ 777 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ। 604 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ’ਚੋਂ 276 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 16 ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ।
ਜਾਂਚ ਅਤੇ ਇਕਾਂਤਵਾਸ ਦਾ ਕੰਮ ਤੇਜ਼
ਨਵੇਂ ਮਰੀਜ਼ ਸਾਹਮਣੇ ਆਉਣ ਦੇ ਬਾਅਦ ਪ੍ਰਸ਼ਾਸਨ ਨੇ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਇਕਾਂਤਵਾਸ ਕਰ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਵਾਲੇ ਇਲਾਕੇ ਨੂੰ ਸੀਲ ਕਰ ਕੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਹਾਲਤ ਵਿਚ ਮਾਸਕ ਅਤੇ ਸੋਸ਼ਲ ਡਿਸਟੈਂਸ਼ ਦੇ ਨਿਯਮਾਂ ਦੀ ਉਲੰਘਣਾ ਨਾ ਕਰਨ ਕਿਉਂਕਿ ਇਹ ਦੋ ਸਾਵਧਾਨੀਆਂ ਲੋਕਾਂ ਨੂੰ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਦਾ ਸਭ ਤੋਂ ਅਸਾਨ ਢੰਗ ਹਨ।