ਅਸਥੀਆਂ ਨਾਲ ਨਹੀਂ ਹੁੰਦਾ ਕੋਰੋਨਾ, ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇ ਅੰਤਿਮ ਦਰਸ਼ਨ ਦੀ ਮਨਾਹੀ ਨਹੀਂ
Wednesday, Apr 08, 2020 - 11:09 AM (IST)
ਨਵੀਂ ਦਿੱਲੀ/ਜਲੰਧਰ (ਸੋਮਨਾਥ)–ਕੋਰੋਨਾ ਵਾਇਰਸ ਦੇ ਡਰ ਨੇ ਲੋਕਾਂ ਦੇ ਜ਼ਮੀਰ ਤੱਕ ਨੂੰ ਮਾਰ ਦਿੱਤਾ ਹੈ। ਪੰਜਾਬ ਵਿਚ ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਜਿਥੇ ਲਾਸ਼ ਨੂੰ ਮੋਢਾ ਨਾ ਦੇਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ, ਉਥੇ ਹੁਣ ਕੋਰੋਨਾ ਨਾਲ ਸੂਬੇ ਵਿਚ ਹੋਈ ਬਾਬਾ ਬਲਦੇਵ ਿਸੰਘ ਦੀ ਪਹਿਲੀ ਮੌਤ ਤੋਂ ਬਾਅਦ ਉਸਦੀਆਂ ਅਸਥੀਆਂ ਦਾ ਕੋਈ ਵਾਰਿਸ ਸਾਹਮਣੇ ਨਹੀਂ ਆ ਰਿਹਾ। ਪੰਜਾਬ ਦੇ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਿਚ ਉਸਦੀ ਮੌਤ ਦੇ 16 ਦਿਨਾਂ ਬਾਅਦ ਤੱਕ ਸ਼ਮਸ਼ਾਨਘਾਟ ਵਿਚ ਪਈਆਂ ਉਸਦੀਆਂ ਅਸਥੀਆਂ ਨੂੰ ਚੁੱਕਿਆ ਤੱਕ ਨਹੀਂ ਗਿਆ।
ਇਸ ਤੋਂ ਪਹਿਲਾਂ ਲੁਧਿਆਣਾ ਵਿਚ ਔਰਤ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਕੋਈ ਐਂਬੂਲੈਂਸ ਵਿਚ ਲੈ ਕੇ ਜਾਣ ਲਈ ਤਿਆਰ ਨਹੀਂ ਹੋਇਆ। ਇਸ ਔਰਤ ਦੀ ਲਾਸ਼ ਨੂੰ ਕਾਫੀ ਮੁਸ਼ੱਕਤ ਦੇ ਬਾਅਦ ਅੱਧੀ ਰਾਤ 2 ਵਜੇ ਸਾੜਿਆ ਗਿਆ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਖੇਤਰ ਵਾਸੀਆਂ ਵਲੋਂ ਸ਼ਮਸ਼ਾਨਘਾਟ ਨਹੀਂ ਦਿੱਤਾ ਗਿਆ। ਅੰਮ੍ਰਿਤਸਰ ਵਿਚ ਸ਼ੁੱਕਰਚੱਕ ਵਿਚ ਰਾਤ 8 ਵਜੇ ਭਾਈ ਨਿਰਮਲ ਿਸੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਮੋਹਾਲੀ ਦੇ ਪਿੰਡ ਨਯਾਗਾਓਂ ਦੇ ਬਜ਼ੁਰਗ, ਜਿਸ ਦੀ ਕੋਰੋਨਾ ਨਾਲ ਪੀ. ਜੀ. ਆਈ. ਵਿਚ ਮੌਤ ਹੋ ਗਈ ਸੀ, ਦੇ ਸਸਕਾਰ ਨੂੰ ਲੈ ਕੇ ਮੋਢਾ ਤੱਕ ਨਸੀਬ ਨਹੀਂ ਹੋਇਆ।
ਅਜਿਹੀਆਂ ਕਈ ਮਨ ਨੂੰ ਝੰਜੋੜ ਦੇਣ ਵਾਲੀਆਂ ਘਟਨਾਵਾਂ ਦੇਸ਼ ਦੇ ਕਈ ਸੂਬਿਆਂ ਵਿਚ ਹੋ ਰਹੀਆਂ ਹਨ ਜਿਥੇ ਕੋਰੋਨਾ ਵਾਇਰਸ ਕਾਰਣ ਮੌਤ ਦਾ ਸ਼ਿਕਾਰ ਹੋਣ ਵਾਲੇ ਪਰਿਵਾਰਾਂ ਨੂੰ ਆਪਣੇ ਖਾਸ ਲੋਕਾਂ ਦੇ ਅੰਤਿਮ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਜਾ ਰਹੇ ਪਰ ਕੇਂਦਰੀ ਸਿਹਤ ਮੰਤਰਾਲਾ ਭਾਰਤ ਸਰਕਾਰ ਦੀਆਂ ਲਾਸ਼ ਦੀ ਸੰਭਾਲ ਹਿੱਤ ਗਾਈਡਲਾਈਨਜ਼ ਦੇ ਅਨੁਸਾਰ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਰਿਵਾਰ ਨੂੰ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਵਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਅਸਥੀਆਂ ਤੋਂ ਕੋਰੋਨਾ ਹੋਣ ਦੀ ਸੰਭਾਵਨਾ ਵੀ ਨਹੀਂ ਹੈ।
ਬੂੰਦਾਂ ਨਾਲ ਫੈਲਦਾ ਕੋਰੋਨਾ ਵਾਇਰਸ-
ਕੋਵਿਡ-19 ਮੁੱਖ ਤੌਰ ’ਤੇ ਡਰਾਪਲੈਟਸ (ਬੂੰਦਾਂ) ਰਾਹੀਂ ਫੈਲਦਾ ਹੈ। ਜਿਹੜੇ ਸਿਹਤ ਕਰਮਚਾਰੀ ਮ੍ਰਿਤਕ ਦੀ ਲਾਸ਼ ਦੀ ਸੰਭਾਲ ਦੇ ਦੌਰਾਨ ਮਨੁੱਖੀ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ ਉਨ੍ਹਾਂ ਨੂੰ ਿਕਸੇ ਤਰ੍ਹਾਂ ਦਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਨਹੀਂ ਹੈ। ਸਿਰਫ ਪੋਸਟਮਾਰਟਮ ਦੇ ਦੌਰਾਨ ਮ੍ਰਿਤਕ ਕੋਵਿਡ-19 ਮਰੀਜ਼ ਦੇ ਫੇਫੜਿਆਂ ਤੋਂ ਇਹ ਇਨਫੈਕਸ਼ਨ ਹੋ ਸਕਦਾ ਹੈ।
ਵਿਸ਼ੇਸ਼ ਹਾਲਤਾਂ ਵਿਚ ਪੋਸਟਮਾਰਟਮ
* ਪੋਸਟਮਾਰਟਮ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜੇਕਰ ਖਾਸ ਕਾਰਣਾਂ ਕਾਰਣ ਪੋਸਟਮਾਰਟਮ ਕਰਵਾਉਣਾ ਹੈ ਤਾਂ ਇਨਫੈਕਸ਼ਨ ਦੀ ਰੋਕਥਾਮ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ-
* ਟੀਮ ਨੂੰ ਇਨਫੈਕਸ਼ਨ ਕੰਟਰੋਲ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ।
* ਪੋਸਟਮਾਰਟਮ ਕਮਰੇ ਵਿਚ ਫੋਰੈਂਸਿਕ ਅਤੇ ਸਹਾਇਕ ਅਮਲੇ ਦੀ ਗਿਣਤੀ ਸੀਮਤ ਹੋਣੀ ਚਾਹੀਦੀ।
* ਟੀਮ ਨੂੰ ਪੀ. ਪੀ. ਈ. ਦੀ ਵਰਤੋਂ ਕਰਨੀ ਚਾਹੀਦੀ।
* ਪੋਸਟਮਾਰਟਮ ਪ੍ਰਕਿਰਿਆ ਦੇ ਬਾਅਦ ਲਾਸ਼ ਨੂੰ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਬਾਡੀ ਬੈਗ ਵਿਚ ਰੱਖਣਾ ਚਾਹੀਦਾ। ਬੈਗ ਦੇ ਬਾਹਰਲੇ ਹਿੱਸੇ ਨੂੰ ਵੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ।
* ਉਸ ਤੋਂ ਬਾਅਦ ਮ੍ਰਿਤਕ ਦਾ ਸਰੀਰ ਰਿਸ਼ਤੇਦਾਰਾਂ ਨੂੰ ਦਿੱਤਾ ਜਾ ਸਕਦਾ ਹੈ।
ਆਵਾਜਾਈ
ਲਾਸ਼ ਲਿਜਾਣ ਵਾਲੇ ਵਾਹਨ ਨੂੰ ਸਸਕਾਰ/ਦਫਨਾਉਣ ਵਾਲੇ ਕਰਮਚਾਰੀਆਂ ਤੱਕ ਪਹੁੰਚਾਉਣ ਦੇ ਬਾਅਦ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ।
ਵਾਤਾਵਰਣ ਨੂੰ ਸਾਫ ਅਤੇ ਵਿਸ਼ਾਣੂ ਮੁਕਤ ਕਰਨਾ
* ਆਈਸੋਲੇਸ਼ਨ ਵਾਲੇ ਖੇਤਰ (ਫਰਸ਼, ਬਿਸਤਰਾ, ਰੇਲਿੰਗ, ਸਾਈਡ ਟੇਬਲ, ਆਈ. ਵੀ. ਸਟੈਂਡ ਆਦਿ) ਨੂੰ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਸਾਫ ਕੀਤਾ ਜਾਣਾ ਚਾਹੀਦਾ ਹੈ।
ਮੁਰਦਾਘਰ ’ਚ ਮ੍ਰਿਤਕ ਦੇਹ ਦੀ ਸੰਭਾਲ
* ਕੋਵਿਡ ਮ੍ਰਿਤਕ ਦੇਹ ਦਾ ਪ੍ਰਬੰਧਨ ਕਰਨ ਵਾਲੇ ਮੁਰਦਾਘਰ ਦੇ ਸਟਾਫ ਨੂੰ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਮ੍ਰਿਤਕ ਦੇਹ ਨੂੰ ਲਗਭਗ 4 ਡਿਗਰੀ ਸੈਲਸੀਅਸ ਤਾਪਮਾਨ ਦੇ ਠੰਡੇ ਚੈਂਬਰ ਵਿਚ ਸਟੋਰ ਕੀਤਾ ਜਾਣਾ ਚਾਹੀਦਾ ਹੈ।
* ਮੁਰਦਾਘਰ ਨੂੰ ਸਾਫ ਰੱਖਣਾ ਚਾਹੀਦਾ, ਵਾਤਾਵਰਣ ਸਤ੍ਹਾ, ਯੰਤਰਾਂ ਅਤੇ ਟਰਾਂਸਪੋਰਟ ਟਰਾਲੀਆਂ ਨੂੰ ਇਕ ਫੀਸਦੀ ਹਾਈਪੋਕਲੋਰਾਡੀਟ ਦੇ ਘੋਲ ਨਾਲ ਚੰਗੀ ਤਰ੍ਹਾਂ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ।
* ਮ੍ਰਿਤਕ ਦੇਹ ਨੂੰ ਹਟਾਉਣ ਦੇ ਬਾਅਦ ਚੈਂਬਰ ਦੇ ਦਰਵਾਜ਼ੇ ਦੇ ਹੈਂਡਲ, ਫਰਸ਼ ਨੂੰ ਸੋਡੀਅਮ ਹਾਈਪੋਕਲੋਰਾਈਟ ਦੇ 1 ਫੀਸਦੀ ਘੋਲ ਨਾਲ ਸਾਫ ਕਰਨਾ ਚਾਹੀਦਾ।
ਇਨਫੈਕਸ਼ਨ ਰੋਕਥਾਮ ਅਭਿਆਸ ਟ੍ਰੇਨਿੰਗ
* ਸਾਰੇ ਕਰਮਚਾਰੀਆਂ ਨੂੰ ਆਈਸੋਲੇਸ਼ਨ ਖੇਤਰ, ਮੁਰਦਾਘਰ, ਐਂਬੂਲੈਂਸ ਵਿਚ ਲਾਸ਼ਾਂ ਦੀ ਸੰਭਾਲ ਅਤੇ ਸ਼ਮਸ਼ਾਨਘਾਟ ਵਿਚ ਕੰਮ ਕਰਨ ਵਾਲਿਆਂ ਨੂੰ ਇਨਫੈਕਸ਼ਨ ਕੰਟਰੋਲ ਅਭਿਆਸ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।
ਆਈਸੋਲੇਸ਼ਨ ਕਮਰੇ ਜਾਂ ਖੇਤਰ ਤੋਂ ਮ੍ਰਿਤਕ ਦੀ ਲਾਸ਼ ਨੂੰ ਹਟਾਉਣ ਸਬੰਧੀ
* ਲਾਸ਼ ਦੇ ਨਜ਼ਦੀਕ ਆਉਣ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਪੀ. ਪੀ. ਈ. (ਵਾਟਰਪਰੂਫ ਐਪਰਨ, ਦਸਤਾਨੇ, ਮਾਸਕ ਅਤੇ ਐਨਕ) ਦੀ ਸਹੀ ਵਰਤੋਂ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
* ਲਾਸ਼ ਨੂੰ ਲੱਗੀਆਂ ਸਾਰੀਆਂ ਟਿਊਬਾਂ, ਨਾਲੀਆਂ ਅਤੇ ਕੈਥੀਟਰਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।
* ਕੈਥੀਟਰ, ਡਰੇਨ, ਟਿਊਬਾਂ ਜਾਂ ਕਿਸੇ ਹੋਰ ਵਸਤੂ ਨੂੰ ਹਟਾਉਣ ਦੇ ਨਤੀਜੇ ਵਜੋਂ ਹੋਏ ਕਿਸੇ ਵੀ ਪੰਕਚਰ, ਛੇਕ ਜਾਂ ਜ਼ਖ਼ਮ ਨੂੰ 1 ਫੀਸਦੀ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਅਤੇ ਇੰਪਰਮੀਏਬਲ ਮਟੀਰੀਅਲ ਵਿਚ ਰੱਖਣਾ ਚਾਹੀਦਾ ਹੈ।
* ਜਿਵੇਂ ਕਿ ਨਾੜੀ ਕੈਥੀਟਰ ਅਤੇ ਹੋਰ ਨੁਕੀਲੇ ਉਪਕਰਨਾਂ ਦੀ ਸੰਭਾਲ ਸਮੇਂ ਸਾਵਧਾਨੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੂੰ ਸ਼ਾਰਪਸ ਕੰਟੇਨਰ ਵਿਚ ਨਸ਼ਟ ਕੀਤਾ ਜਾਣਾ ਚਾਹੀਦਾ ਹੈ।
* ਸਰੀਰ ਦੇ ਤਰਲ ਪਦਾਰਥਾਂ ਦੀ ਲੀਕੇਜ ਰੋਕਣ ਲਈ ਲਾਸ਼ ਦੇ ਓਰਲ, ਨਾਸ਼ਕ ਓਰਫਾਈਸ ਨੂੰ ਪਲੱਗ ਕੀਤਾ ਜਾਵੇ।
* ਜੇਕਰ ਮਰੀਜ਼ ਦਾ ਪਰਿਵਾਰ ਮ੍ਰਿਤਕ ਨੂੰ ਦੇਖਣਾ ਚਾਹੁੰਦਾ ਹੈ ਤਾਂ ਜ਼ਰੂਰੀ ਸਾਵਧਾਨੀਆਂ ਨਾਲ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।
* ਲਾਸ਼ ਨੂੰ ਲੀਕਪਰੂਫ ਪਲਾਸਟਿਕ ਬਾਡੀ ਬੈਗ ਵਿਚ ਰੱਖਿਆ ਜਾਣਾ ਚਾਹੀਦਾ ਹੈ। ਬਾਡੀ ਬੈਗ ਦੇ ਬਾਹਰੀ ਹਿੱਸੇ ਨੂੰ 1 ਫੀਸਦੀ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਵੇ। ਬੈਗ ਨੂੰ ਮੋਰਚਰੀ ਦੀ ਚਾਦਰ ਜਾਂ ਪਰਿਵਾਰ ਵਲੋਂ ਦਿੱਤੀ ਗਈ ਚਾਦਰ ਵਿਚ ਲਪੇਟਿਆ ਜਾ ਸਕਦਾ ਹੈ।
* ਮ੍ਰਿਤਕ ਦੇਹ ਜਾਂ ਤਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਏਗੀ ਜਾਂ ਮੁਰਦਾਘਰ ਵਿਚ ਲਿਜਾਈ ਜਾਵੇਗੀ।
* ਸਾਰੇ ਵਰਤੋਂ ਕੀਤੇ ਗਏ ਸਾਮਾਨ/ਗੰਦੀ ਲਿਨਨ ਨੂੰ ਜ਼ਰੂਰੀ ਸਾਵਧਾਨੀਆਂ ਦੇ ਤਹਿਤ ਸੰਭਾਲਿਆ ਜਾਣਾ ਚਾਹੀਦਾ ਹੈ। ਬਾਇਓ-ਹੈਜ਼ਰਡ ਵਾਲੇ ਬੈਗ ਵਿਚ ਪਾਉਣਾ ਚਾਹੀਦਾ ਅਤੇ ਬੈਗ ਦੀ ਬਾਹਰੀ ਸਤ੍ਹਾ ਨੂੰ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ।
* ਵਰਤੇ ਗਏ ਉਪਕਰਨਾਂ ਦੇ ਆਟੋਕਲੇਵ ਜਾਂ ਕੀਟਾਣੂਨਾਸ਼ਕ ਘੋਲ ਨਾਲ ਇਨਫੈਕਸ਼ਨ ਰੋਕਥਾਮ ਕੰਟਰੋਲ ਦੀਆਂ ਵਿਧੀਆਂ ਤਹਿਤ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ।
* ਸਾਰੀ ਮੈਡੀਕਲ ਵੇਸਟ ਨੂੰ ਬਾਇਓ-ਮੈਡੀਕਲ ਪ੍ਰਬੰਧਨ ਨਿਯਮਾਂ ਦੇ ਤਹਿਤ ਸੰਭਾਲਿਆ ਅਤੇ ਨਸ਼ਟ ਕੀਤਾ ਜਾਣਾ ਚਾਹੀਦਾ।
* ਮ੍ਰਿਤਕ ਸਰੀਰ ਦੀ ਸੰਭਾਲ ਕਰਨ ਵਾਲੇ ਸਿਹਤ ਕਰਮਚਾਰੀ ਨਿੱਜੀ ਸੁਰੱਖਿਆ ਉਪਕਰਨ ਹਟਾਉਣ ਦੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਨ।
* ਪਰਿਵਾਰਕ ਮੈਂਬਰਾਂ ਦੀ ਕੌਂਸਲਿੰਗ ਕੀਤੀ ਜਾਏ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ।
ਲਾਸ਼ ਦੀ ਸੰਭਾਲ ਦੌਰਾਨ ਸਿਹਤ ਕਰਮਚਾਰੀਆਂ ਵਲੋਂ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ-
ਸਾਧਾਰਨ ਇਨਫੈਕਸ਼ਨ ਰੋਕਥਾਮ ਅਭਿਆਸ ਦੀ ਹਰ ਸਮੇਂ ਪਾਲਣਾ ਕੀਤੀ ਜਾਣੀ ਚਾਹੀਦੀ। ਇਸ ਵਿਚ ਸ਼ਾਮਲ ਹੈ :-
* ਹੱਥਾਂ ਦੀ ਸਫਾਈ
* ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ (ਜਿਵੇਂ ਵਾਟਰਪਰੂਫ ਐਪਰਨ, ਦਸਤਾਨੇ, ਮਾਸਕ ਅਤੇ ਐਨਕ)
* ਨੁਕੀਲੀ ਵਸਤੂਆਂ ਦਾ ਸੁਰੱਖਿਅਤ ਪ੍ਰਬੰਧਨ।
* ਲਾਸ਼ ਨੂੰ ਲਿਜਾਣ ਵਾਲੇ ਬੈਗ, ਮਰੀਜ਼ ਦੇ ਲਈ ਵਰਤੇ ਜਾਂ ਦੇ ਯੰਤਰਾਂ ਅਤੇ ਉਪਕਰਨਾਂ ਨੂੰ ਵਿਸ਼ਾਣੂ ਮੁਕਤ ਕਰਨਾ।
* ਲਿਨਨ ਨੂੰ ਵਿਸ਼ਾਣੂ ਮੁਕਤ ਕਰਨਾ। ਸਤ੍ਹਾ ਨੂੰ ਸਾਫ ਅਤੇ ਵਿਸ਼ਾਣੂ ਮੁਕਤ ਕਰਨਾ।
* ਸ਼ਮਸ਼ਾਨਘਾਟ/ਕਬਰਿਸਤਾਨ
* ਸ਼ਮਸ਼ਾਨਘਾਟ/ਦਫਨਾਉਣ ਵਾਲੇ ਗਰਾਊਂਡ ਦੇ ਸਟਾਫ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਕਿ ਕੋਵਿਡ-19 ਨਾਲ ਕੋਈ ਹੋਰ ਖਤਰਾ ਨਹੀਂ ਹੁੰਦਾ।
* ਸਟਾਫ ਹੱਥਾਂ ਦੀ ਸਫਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਜ਼ਰੂਰ ਕਰਨ।
* ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਬਾਡੀ ਬੈਗ ਨੂੰ ਖੋਲ੍ਹ ਕੇ ਰਿਸ਼ਤੇਦਾਰਾਂ ਨੂੰ ਮ੍ਰਿਤਕ ਦੇਹ ਦਾ ਆਖਰੀ ਵਾਰ ਚਿਹਰਾ ਦਿਖਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
* ਧਾਰਮਿਕ ਰਸਮਾਂ (ਪਵਿੱਤਰ ਪਾਣੀ ਦਾ ਛਿੜਕਾਅ ਤੇ ਹੋਰ ਰਸਮਾਂ) ਦੇ ਦੌਰਾਨ ਸਰੀਰ ਨੂੰ ਛੂਹਿਆ ਨਹੀਂ ਜਾ ਸਕਦਾ।
* ਮ੍ਰਿਤਕ ਦੇਹ ਨੂੰ ਨਹਾਉਣ ਜਾਂ ਚੁੰਮਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।
* ਅੰਤਿਮ ਸੰਸਕਾਰ/ਮੁਰਦਾਘਰ ਵਿਚ ਕੰਮ ਕਰਦੇ ਸਟਾਫ ਅਤੇ ਪਰਿਵਾਰਕ ਮੈਂਬਰਾਂ ਨੂੰ ਸਸਕਾਰ/ਦਫਨਾਉਣ ਦੇ ਬਾਅਦ ਹੱਥਾਂ ਦੀ ਸਫਾਈ ਕਰਨੀ ਚਾਹੀਦੀ।
* ਅਸਥੀਆਂ ਨਾਲ ਕੋਈ ਖਤਰਾ ਨਹੀਂ ਹੁੰਦਾ ਅਤੇ ਆਖਰੀ ਰਸਮਾਂ ਲਈ ਇਨ੍ਹਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ।
* ਸ਼ਮਸ਼ਾਨਘਾਟ ਵਿਚ ਵੱਡੀ ਇਕੱਤਰਤਾ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ।
ਮ੍ਰਿਤਕ ਦੇਹ ਦੀ ਸੁਰੱਖਿਆ
ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਲਈ ਮਸਾਲਾ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।