ਕੋਰੋਨਾ ਤੋਂ ਬਾਅਦ ਡੇਂਗੂ ਨੇ ਦਿੱਤੀ ਜ਼ਿਲ੍ਹੇ ’ਚ ਦਸਤਕ, ਸਿਹਤ ਵਿਭਾਗ ਹੋਇਆ ਅਲਰਟ

Wednesday, May 19, 2021 - 02:38 PM (IST)

ਕੋਰੋਨਾ ਤੋਂ ਬਾਅਦ ਡੇਂਗੂ ਨੇ ਦਿੱਤੀ ਜ਼ਿਲ੍ਹੇ ’ਚ ਦਸਤਕ, ਸਿਹਤ ਵਿਭਾਗ ਹੋਇਆ ਅਲਰਟ

ਤਰਨ ਤਾਰਨ (ਰਮਨ) - ਪਹਿਲਾਂ ਕੋਰੋਨਾ ਮਹਾਮਾਰੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਕੀਤਾ ਹੋਇਆ ਹੈ ਅਤੇ ਹੁਣ ਡੇਂਗੂ ਦੇ ਤਿੱਖੇ ਡੰਗ ਨੇ ਲੋਕਾਂ ਨੂੰ ਬੈੱਡਾਂ ਉੱਪਰ ਲੇਟਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲ੍ਹਾ ਵਾਸੀ ਡੇਂਗੂ ਮੱਛਰ ਅਤੇ ਘੱਟ ਰਹੇ ਪਲੇਟਲੈਟ ਸੈੱਲਾਂ ਤੋਂ ਬਹੁਤ ਪ੍ਰੇਸ਼ਾਨ ਚੱਲ ਰਹੇ ਹਨ, ਜੋ ਆਪਣਾ ਇਲਾਜ ਮਾਹਿਰ ਡਾਕਟਰਾਂ ਤੋਂ ਕਰਵਾਉਣ ਦੀ ਬਜਾਏ ਝੋਲਾ ਛਾਪ ਡਾਕਟਰਾਂ ਤੋਂ ਕਰਵਾ ਰਹੇ ਹਨ। ਅਜਿਹਾ ਕਰਕੇ ਜਿਥੇ ਉਹ ਸਿਹਤ ਵਿਭਾਗ ਦੀਆਂ ਅੱਖਾਂ ’ਚ ਘੱਟਾ ਪਾ ਰਹੇ ਹਨ, ਉਥੇ ਮਰੀਜ਼ਾਂ ਨੂੰ ਲੁੱਟਣ ਦਾ ਬਾਖੂਬੀ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ ਇਸ ਵੇਲੇ ਭਾਵੇਂ 5 ਦੱਸੀ ਜਾ ਰਹੀ ਹੈ ਪਰ ਅਸਲ ’ਚ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਅੰਦਰ ਸੈਂਕੜੇ ਦੱਸੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਝੋਲਾ ਛਾਪ ਡਾਕਟਰਾਂ ਦੀ ਹੋ ਰਹੀ ਬੱਲੇ-ਬੱਲੇ
ਜ਼ਿਲ੍ਹੇ ਭਰ ’ਚ ਡੇਂਗੂ ਮੱਛਰ ਅਤੇ ਪਲੇਟਲੈੱਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਸੈਂਕੜੇ ਦੇ ਕਰੀਬ ਮੰਨੀ ਜਾ ਸਕਦੀ ਹੈ। ਇਹ ਗਿਣਤੀ ਰੋਜ਼ਾਨਾ ਵੱਧਦੀ ਨਜ਼ਰ ਆ ਰਹੀ ਹੈ। ਡੇਂਗੂ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਲੋਕ ਕੋਰੋਨਾ ਦੇ ਡਰ ਕਾਰਨ ਆਪਣਾ ਇਲਾਜ ਸਿਵਲ ਹਸਪਤਾਲ ਤੋਂ ਕਰਵਾਉਣ ਦੀ ਬਜਾਏ ਗਲੀਆਂ ਮੁਹੱਲਿਆਂ ’ਚ ਮੌਜੂਦ 5ਵੀਂ ਪਾਸ ਡਾਕਟਰਾਂ ਤੋਂ ਕਰਵਾਉਂਦੇ ਨਜ਼ਰ ਆ ਰਹੇ ਹਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : 1500 ਰੁਪਏ ਦੀ ਖ਼ਾਤਰ ਲੁਟੇਰਿਆਂ ਨੇ ਬੈਂਕ ਕਰਮਚਾਰੀ ਦਾ ਵੱਢਿਆ ਹੱਥ, ਹਾਲਤ ਗੰਭੀਰ

ਗ਼ਲਤ ਇਲਾਜ ਕਾਰਨ ਹੋ ਸਕਦੀ ਹੈ ਮੌਤ
ਮੈਡੀਕੇਅਰ ਹਾਰਟ ਸੈਂਟਰ ਦੇ ਮਾਲਕ ਡਾ. ਰਜਨੀਸ਼ ਅਰੋਡ਼ਾ ਨੇ ਦੱਸਿਆ ਕਿ ਝੋਲਾ ਛਾਪ ਡਾਕਟਰਾਂ ਵੱਲੋਂ ਮਰੀਜ਼ ਦਾ ਬਿਨਾਂ ਟੈਸਟ ਕਰਵਾਏ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਰੀਰ ’ਚ ਟੀ. ਐੱਲ. ਸੀ. ਦੀ ਮਾਤਰਾ ਘੱਟ ਜਾਂਦੀ ਹੈ ਅਤੇ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਕੋਈ ਪ੍ਰੇਸ਼ਾਨੀ ਹੋਣ ’ਤੇ ਬਿਨਾਂ ਮਾਹਿਰ ਡਾਕਟਰ ਦੀ ਸਲਾਹ ਲਏ ਕਿਸੇ ਅਣਜਾਨ ਤੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ।

ਪੜ੍ਹੋ ਇਹ ਵੀ ਖਬਰ - ਗਰਭਵਤੀ ਜਨਾਨੀਆਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਿਆਲ, ਕੀ ਖਾਣ ਤੇ ਕੀ ਨਾ ਜਾਣਨ ਲਈ ਪੜ੍ਹੋ ਇਹ ਖ਼ਬਰ

ਬਿਨਾਂ ਐਪੀਡਿਮੋਲੋਜਿਸਟ ਡਾਕਟਰਾਂ ’ਤੇ ਚੱਲ ਰਿਹਾ ਕੰਮ
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਸਿਹਤ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਲੈਬਾਟਰੀ ’ਚ ਕੀਤੇ ਟੈਸਟ ਦੀ ਰਿਪੋਰਟ ਨੂੰ ਸਹੀ ਮਾਨਤਾ ਦਿੱਤੀ ਜਾਵੇਗੀ ਨਾ ਕਿ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਕੀਤੇ ਜਾਂਦੇ ਕਾਰਡ ਵਾਲੇ ਟੈਸਟ ਨੂੰ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁੱਣ ਤੱਕ 36 ਟੈਸਟ ਕੀਤੇ ਗਏ ਹਨ, ਜਿਸ ’ਚੋਂ 5 ਵਿਅਕਤੀਆਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ 6 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਉਨ੍ਹਾਂ ਦੱਸਿਆ ਕਿ ਸਾਫ਼ ਪਾਣੀ ’ਚ ਪੈਦਾ ਹੋਣ ਵਾਲੇ ਡੇਂਗੂ ਮੱਛਰ ਦੇ ਲਾਰਵੇ ਨੂੰ ਐਂਟੀ ਲਾਰਵਾ ਸਪਰੇਅ ਨਾਲ ਨਸ਼ਟ ਕਰਨ ਲਈ ਟੀਮਾਂ ਘਰ-ਘਰ ਜਾਗਰੂਕ ਕਰਨ ਲਈ ਜਾ ਰਹੀਆਂ ਹਨ। ਜ਼ਿਲ੍ਹੇ ’ਚ 2 ਐਪੀਡਿਮੋਲੋਜਿਸਟ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ।ਜਲਦ ਗਲੀਆਂ ਮੁਹੱਲਿਆਂ ’ਚ ਮੌਜੂਦ ਝੋਲਾ ਛਾਪ ਡਾਕਟਰਾਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਹੋ ਸਕੇ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼


author

rajwinder kaur

Content Editor

Related News