''ਕੋਰੋਨਾ'' ਕਾਰਨ ਰਾਜਿੰਦਰਾ ਹਸਪਤਾਲ ''ਚ ਗੂੰਜ ਰਹੀਆਂ ਮੌਤ ਦੀਆਂ ਚੀਕਾਂ, 24 ਘੰਟੇ ''ਚ 31 ਲੋਕਾਂ ਦੀ ਗਈ ਜਾਨ
Saturday, May 08, 2021 - 10:19 AM (IST)
ਪਟਿਆਲਾ (ਜ. ਬ.) : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਭੜਥੂ ਪਾਇਆ ਹੋਇਆ ਹੈ ਅਤੇ ਹਸਪਤਾਲ 'ਚ ਮੌਤ ਦੀਆਂ ਚੀਕਾਂ ਗੂੰਜ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਹਸਪਤਾਲ 'ਚ 31 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਜ਼ਿਲ੍ਹੇ ’ਚ ਬੀਤੇ ਦਿਨ ਕੋਰੋਨਾ ਦੇ 680 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ’ਚ ਹੋਈਆਂ 31 ਮੌਤਾਂ ’ਚੋਂ 11 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ, ਜਦੋਂ ਕਿ 18 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਅਤੇ 2 ਹੋਰ ਸੂਬਿਆਂ ਦੇ ਮਰੀਜ਼ਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਜੁਰਾਬਾਂ ਵੇਚਣ ਵਾਲੇ 10 ਸਾਲ ਦੇ ਮੁੰਡੇ ਲਈ 'ਕੈਪਟਨ' ਦਾ ਵੱਡਾ ਐਲਾਨ, ਦਿਲ ਨੂੰ ਭਾਅ ਗਈ ਵਾਇਰਲ ਵੀਡੀਓ
ਇਸ ਦੌਰਾਨ ਹਸਪਤਾਲ ’ਚ 82 ਮਰੀਜ਼ ਦਾਖ਼ਲ ਹੋਏ। ਇਨ੍ਹਾਂ ’ਚੋਂ 8 ਪੰਜਾਬ ਦੇ ਬਾਹਰੋਂ ਹਨ ਅਤੇ 12 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ 680 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 37287 ਹੋ ਗਈ ਹੈ। 541 ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 31969 ਹੋ ਗਈ ਹੈ। ਇਸ ਸਮੇਂ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 4447 ਹੈ।
ਇਹ ਵੀ ਪੜ੍ਹੋ : ਕੋਰੋਨਾ ਕਹਿਰ ਦੌਰਾਨ ਲੁਧਿਆਣਾ 'ਚ ਆਇਆ 'ਬਰਡ ਫਲੂ' ਦਾ ਕੇਸ, ਵਿਭਾਗਾਂ 'ਚ ਮਚੀ ਹਫੜਾ-ਦਫੜੀ
ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 403, ਨਾਭਾ ਤੋਂ 27, ਰਾਜਪੁਰਾ ਤੋਂ 59, ਸਮਾਣਾ ਤੋਂ 26 ਅਤੇ ਬਲਾਕ ਭਾਦਸੋਂ ਤੋਂ 20, ਬਲਾਕ ਕੌਲੀ ਤੋਂ 37, ਬਲਾਕ ਸ਼ੁਤਰਾਣਾ ਤੋਂ 24, ਬਲਾਕ ਕਾਲੋਮਾਜਰਾ ਤੋਂ 36, ਬਲਾਕ ਹਰਪਾਲਪੁਰ ਤੋਂ 23 ਅਤੇ ਬਲਾਕ ਦੁੱਧਨਸਾਧਾਂ ਤੋਂ 25 ਕੇਸ ਰਿਪੋਰਟ ਹੋਏ ਹਨ। ਜ਼ਿਲ੍ਹੇ ਵਿਚ ਮਿਸ਼ਨ ਫਤਿਹ ਤਹਿਤ 5079 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ, ਜਿਸ ਨਾਲ ਜ਼ਿਲ੍ਹੇ ’ਚ ਕੋਵਿਡ ਟੀਕਾਕਰਨ ਦਾ ਅੰਕੜਾ 2,35,127 ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ