ਕੋਰੋਨਾ ਮਹਾਮਾਰੀ : ਪੰਜਾਬ ਨੇ ਮੌਤ ਦਰ ਨੂੰ 1.3 ਫੀਸਦੀ ਤੱਕ ਰੋਕਿਆ, ਇਸ ਕਾਰਨ ਹੋਈਆਂ ਜ਼ਿਆਦਾ ਮੌਤਾਂ

Thursday, May 28, 2020 - 04:53 PM (IST)

ਕੋਰੋਨਾ ਮਹਾਮਾਰੀ : ਪੰਜਾਬ ਨੇ ਮੌਤ ਦਰ ਨੂੰ 1.3 ਫੀਸਦੀ ਤੱਕ ਰੋਕਿਆ, ਇਸ ਕਾਰਨ ਹੋਈਆਂ ਜ਼ਿਆਦਾ ਮੌਤਾਂ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਭਰ 'ਚ ਸਭ ਤੋਂ ਵੱਧ 91 ਫ਼ੀਸਦੀ ਰਿਕਵਰੀ ਦਰਜ ਕਰਨ ਤੋਂ ਇਲਾਵਾ ਪੰਜਾਬ ਮੌਤ ਦਰ ਨੂੰ ਵੀ ਸਭ ਤੋਂ ਘੱਟ 1.3 ਫ਼ੀਸਦ ਤੱਕ ਰੋਕਣ 'ਚ ਕਾਮਯਾਬ ਰਿਹਾ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਸਹਿ-ਰੋਗ ਦੇ ਨਤੀਜੇ ਵਜੋਂ ਹੋਈਆਂ ਹਨ। ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ 40 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਇਨ੍ਹਾਂ 'ਚੋਂ 31 ਵਿਅਕਤੀ (77 ਫ਼ੀਸਦੀ) ਆਖਰੀ ਪੜਾਅ 'ਤੇ ਗੁਰਦੇ, ਕੈਂਸਰ ਤੇ ਐੱਚ. ਆਈ. ਵੀ. ਵਰਗੀਆਂ ਗੰਭੀਰ ਬਿਮਾਰੀਆਂ ਤੋਂ ਇਲਾਵਾ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਵਸਤਾਂ ਦੇ ਵੱਧ ਭਾਅ ਵਸੂਲਣ ਵਾਲਿਆਂ ਨੂੰ ਕੀਤਾ ਗਿਆ 11,02,000 ਦਾ ਜ਼ੁਰਮਾਨਾ

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਦੇ 23 ਫ਼ੀਸਦੀ ਮਾਮਲਿਆਂ 'ਚ ਮਰੀਜ਼ ਮੁੱਖ ਤੌਰ 'ਤੇ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ, ਸ਼ੂਗਰ ਅਤੇ ਮੋਟਾਪਾ ਵਰਗੀਆਂ ਪੁਰਾਣੀਆਂ ਬਿਮਾਰੀਆਂ ਨਾਲ ਸਬੰਧਤ ਸਨ ਅਤੇ ਅਜਿਹੇ ਮਾਮਲੇ ਬਹੁਤ ਘੱਟ ਸਨ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ 'ਚ ਉਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਜੋ ਪਹਿਲਾਂ ਹੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਕੁਦਰਤੀ ਵੀ ਹੋ ਸਕਦੀ ਸੀ। ਹੁਣ ਤੱਕ ਰਿਪੋਰਟ ਕੀਤੇ ਕੁੱਲ 2106 ਪਾਜ਼ੇਟਿਵ ਮਾਮਲਿਆਂ 'ਚੋਂ 1918 ਮਰੀਜ਼ ਪਹਿਲਾਂ ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਵਿਗਿਆਨਕ ਤੇ ਯੋਜਨਾਬੱਧ ਤਰੀਕੇ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ ਤਾਲਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਗੱਲ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਕੋਵਿਡ-19 ਦੇ ਦੁੱਗਣੇ ਹੋਣ ਦੀ ਦਰ ਲਗਭਗ 100 ਦਿਨ ਰਹਿ ਗਈ ਹੈ, ਜੋ ਕਿ ਬਹੁਤ ਬਿਹਤਰ ਹੈ। ਅਗਰਵਾਲ ਨੇ ਦੱਸਿਆ ਕਿ ਆਈ. ਸੀ. ਐਮ. ਆਰ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਮਾਮਲਿਆਂ 'ਚ ਜੇਕਰ ਮਰੀਜ਼ਾਂ ਨੂੰ ਕੋਈ ਪੁਰਾਣੀ ਬਿਮਾਰੀ ਤੋਂ ਬਿਨਾਂ ਕੋਵਿਡ ਤੋਂ ਪ੍ਰਭਾਵਿਤ ਪਾਇਆ ਜਾਂਦਾ ਹੈ, ਤਾਂ ਹੀ ਉਸ ਦੀ ਮੌਤ ਨੂੰ ਕੋਵਿਡ ਮੌਤ ਮੰਨਿਆ ਜਾਂਦਾ ਹੈ। ਸੂਬੇ ਦੀ ਮੌਤ ਦਰ ਰਾਸ਼ਟਰੀ ਔਸਤ ਮੌਤ ਦਰ (3 ਫ਼ੀਸਦੀ) ਨਾਲੋਂ ਵੀ ਬਹੁਤ ਘੱਟ ਹੈ । ਅਗਰਵਾਲ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲਿਆਂ 'ਚ ਮ੍ਰਿਤਕ ਦੇਹਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ ਕੁਝ ਪਾਜ਼ੇਟਿਵ ਆਏ ਪਰ ਇਹ ਸਾਰੀਆਂ ਮੌਤਾਂ ਕੋਵਿਡ-19 ਮੌਤ ਵਜੋਂ ਲਈਆਂ ਗਈਆਂ, ਜਦੋਂ ਕਿ ਇਹ ਨਮੂਨੇ ਸਿਰਫ਼ ਸੰਭਾਵਤ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣ ਲਈ ਲਏ ਗਏ ਸਨ।

ਡਾ. ਤਲਵਾੜ ਦੀ ਅਗਵਾਈ ਹੇਠ ਇੱਕ ਮਾਹਰ ਕਮੇਟੀ ਨੂੰ ਸੂਬੇ 'ਚ ਹੋਈਆਂ ਮੌਤਾਂ ਦਾ ਵਿਸ਼ਲੇਸ਼ਣ ਤੇ ਸਮੀਖਿਆ ਕਰਨ ਅਤੇ ਉਸ ਅਨੁਸਾਰ ਸੁਧਾਰਾਤਮਕ ਕਾਰਵਾਈ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ। ਮਾਹਰ ਕਮੇਟੀ ਵੱਲੋਂ ਵਿਸਥਾਰਤ ਰੂਪ 'ਚ ਮੌਤ ਦੇ ਕੇਸਾਂ ਦੀ ਸਮੀਖਿਆ ਕੀਤੀ ਗਈ ਅਤੇ ਅਪਡੇਸ਼ਨ ਰਾਹੀਂ ਸੂਬੇ 'ਚ ਕੰਮ ਕਰ ਰਹੇ ਡਾਕਟਰਾਂ ਨੂੰ ਤਾਜ਼ਾ ਜਾਣਕਾਰੀ ਦਿੱਤੀ ਗਈ। ਹੈਲਥ ਸੇਵਾਵਾਂ ਦੀ ਡਾਇਰੈਕਟਰ ਡਾ. ਅਵਨੀਤ ਕੌਰ ਨੇ ਦੱਸਿਆ ਕਿ ਅੱਠ ਮਰੀਜ਼ ਆਖਰੀ ਪੜਾਅ 'ਤੇ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਹ ਡਾਇਲੀਸਿਸ 'ਤੇ ਸਨ, ਇਸ ਲਈ ਉਨ੍ਹਾਂ ਦੀ ਜਾਨ ਪਹਿਲਾਂ ਹੀ ਬਹੁਤ ਖ਼ਤਰੇ 'ਚ ਸੀ। ਇਸ ਤੋਂ ਇਲਾਵਾ 9 ਮਰੀਜ਼ ਸ਼ੂਗਰ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਮਾਮਲਿਆਂ 'ਚ ਮਰੀਜ਼ਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ ਕਿਉਂਕਿ ਉਹ ਐਚ. ਆਈ. ਵੀ. ਪਾਜ਼ੇਟਿਵ ਸਨ। ਅਜਿਹੇ ਮਰੀਜ਼ ਬਹੁਤ ਛੇਤੀ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਕੋਲ ਬੀਮਾਰੀ ਨਾਲ ਲੜਨ ਦੀ ਯੋਗਤਾ ਵੀ ਬਹੁਤ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ : ਸੜਕਾਂ 'ਤੇ ਪੈਦਲ ਤੁਰਨ ਵਾਲੇ ਮਜ਼ਦੂਰਾਂ ਸਬੰਧੀ ਕੈਪਟਨ ਵੱਲੋਂ ਸਖਤ ਹੁਕਮ, ਮੋਦੀ ਨੂੰ ਕੀਤੀ ਖਾਸ ਅਪੀਲ


author

Babita

Content Editor

Related News