ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, ਪਹਿਲੀ ਵਾਰ ਨਹੀਂ ਆਇਆ ਕੋਈ ''ਕੋਰੋਨਾ'' ਕੇਸ

08/24/2021 4:11:22 PM

ਲੁਧਿਆਣਾ (ਸਹਿਗਲ) :  ਮਾਰਚ-2020 ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਅੱਜ ਪਹਿਲੀ ਵਾਰ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕੋਈ ਵੀ ਮਰੀਜ਼ ਰਿਪੋਰਟ ਨਹੀਂ ਹੋਇਆ। ਇਸ ਤੋਂ ਇਲਾਵਾ ਸਥਾਨਕ ਹਸਪਤਾਲਾਂ 'ਚ 2 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਅਤੇ ਦੋਵੇਂ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜ਼ਿਲ੍ਹਾ ਐਪਡੈਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਰਚ-2020 ਤੋਂ ਜਦੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਤਾਂ ਪਹਿਲਾ ਵਾਰ ਅਜਿਹਾ ਮੌਕਾ ਸਾਹਮਣੇ ਆਇਆ ਹੈ, ਜਦੋਂ ਜ਼ਿਲ੍ਹੇ 'ਚ ਕੋਈ ਵੀ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਹਾਈਵੇਅ 'ਤੇ ਲੱਗੇ ਧਰਨੇ ਕਾਰਨ ਸੜਕਾਂ 'ਤੇ ਜਾਮ ਨਾਲ ਹਾਹਾਕਾਰ, ਤੀਜੀ ਵਾਰ ਬਦਲਿਆ 'ਰੂਟ ਪਲਾਨ'

ਹੁਣ ਤੱਕ ਜ਼ਿਲ੍ਹੇ 'ਚ 87457 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 2096 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 85326 ਮਰੀਜ਼ ਠੀਕ ਵੀ ਹੋਏ ਹਨ। ਮੌਜੂਦਾ ਸਮੇਂ 'ਚ 35 ਸਰਗਰਮ ਮਰੀਜ਼ ਰਹਿ ਗਏ ਹਨ, ਜੋ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਹਨ ਅਤੇ ਕੋਈ ਵੀ ਮਰੀਜ਼ ਹਸਪਤਾਲ 'ਚ ਦਾਖ਼ਲ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸੌਖੀ ਨਹੀਂ ਹੋਵੇਗੀ 'ਬਿਜਲੀ ਬਿੱਲਾਂ' ਦੀ ਅਦਾਇਗੀ, ਜਾਣੋ ਕੀ ਹੈ ਕਾਰਨ

ਜ਼ਿਕਰਯੋਗ ਹੈ ਕਿ 24 ਮਾਰਚ, 2020 ਨੂੰ ਪੰਜਾਬ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਮਰੀਜ਼ ਦਾ ਪਹਿਲਾ ਮਾਮਲਾ ਲੁਧਿਆਣਾ 'ਚ ਹੀ ਰਿਪੋਰਟ ਹੋਇਆ ਮੰਨਿਆ ਜਾਂਦਾ ਹੈ। ਇੱਥੇ ਗੁਰੂਦੇਵ ਨਗਰ ਦੀ ਰਹਿਣ ਵਾਲੀ ਜਨਾਨੀ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News