ਗੰਭੀਰਤਾ ਨਾ ਦਿਖਾਉਣ ਕਾਰਣ ਬੱਸਾਂ ਵਿਚ ਮੁਫਤ ਵੰਡਿਆ ਜਾ ਰਿਹਾ ਕੋਰੋਨਾ

Saturday, Apr 03, 2021 - 01:19 AM (IST)

ਗੰਭੀਰਤਾ ਨਾ ਦਿਖਾਉਣ ਕਾਰਣ ਬੱਸਾਂ ਵਿਚ ਮੁਫਤ ਵੰਡਿਆ ਜਾ ਰਿਹਾ ਕੋਰੋਨਾ

ਜਲੰਧਰ (ਪੁਨੀਤ)–ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅ ਖੇਡੇ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਕੋਰੋਨਾ ਦੇ ਇਸ ਮੁਸ਼ਕਲ ਦੌਰ ਵਿਚ ਬੱਸਾਂ ਦਾ ਸਫਰ ਸੁਰੱਖਿਅਤ ਨਹੀਂ ਹੈ। ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਬੱਸਾਂ ਵਿਚ ਗੰਭੀਰਤਾ ਨਾਲ ਪਾਲਣਾ ਨਹੀਂ ਹੋ ਪਾ ਰਹੀ, ਜਿਸ ਕਾਰਣ ਮੁਸਾਫਰ ਖਤਰੇ ਦੇ ਪ੍ਰਛਾਵੇਂ ਹੇਠ ਬੱਸਾਂ ਵਿਚ ਸਫਰ ਕਰਨ ਨੂੰ ਮਜਬੂਰ ਹਨ।

PunjabKesari

 

ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਕਾਰਣ ਮੌਤਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੇ ਹਾਲਾਤ ਵਿਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਪਰ ਇਸ ਨੂੰ ਲਾਗੂ ਕਰਵਾਉਣ ਵਿਚ ਰੋਡਵੇਜ਼ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਸਫਲ ਸਾਬਿਤ ਹੋ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਿਚ ਮਾਸਕ ਦੀ ਵਰਤੋ ਸਹੀ ਢੰਗ ਨਾਲ ਨਹੀਂ ਹੋ ਰਹੀ। ਅਜਿਹੇ ਹਾਲਾਤ ਵਿਚ ਜੇਕਰ ਕੋਈ ਵਿਅਕਤੀ ਕੋਰੋਨਾ ਤੋਂ ਪੀੜਤ ਹੋਇਆ ਤਾਂ ਉਹ ਕਈ ਹੋਰ ਲੋਕਾਂ ਨੂੰ ਮੁਫਤ ਵਿਚ ਕੋਰੋਨਾ ਵੰਡ ਕੇ ਚਲਾ ਜਾਵੇਗਾ। ਕੋਰੋਨਾ ਅਜਿਹੀ ਨਾਮੁਰਾਦ ਬੀਮਾਰੀ ਹੈ, ਜਿਹੜੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੀ ਲਪੇਟ ਵਿਚ ਆਉਣ ਵਾਲੇ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਅਤੇ ਬੱਸਾਂ ਵਿਚ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਣ ਮੁਫਤ ਵਿਚ ਵੰਡੇ ਜਾ ਰਹੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

PunjabKesari

ਮੌਜੂਦਾ ਸਮੇਂ ਜਿਹੜੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਮੁਤਾਬਕ ਪੰਜਾਬ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਰਾਤ ਦਾ ਕਰਫਿਊ ਲਾਇਆ ਜਾ ਚੁੱਕਾ ਹੈ, ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਿਆਦਾ ਲੋਕਾਂ ਦੀ ਇਕੱਤਰਤਾ ’ਤੇ ਨਿਯਮ ਨਿਰਧਾਰਿਤ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਨੂੰ ਵਧਾਇਆ ਵੀ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਧਿਆ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਆਬਾਦੀ ਵਾਲਾ ਸੂਬਾ 4 ਹਫ਼ਤੇ ਲਈ ਬੰਦ

ਮੁੱਖ ਮੰਤਰੀ ਵੱਲੋਂ ਕੋਰੋਨਾ ਨੂੰ ਲੈ ਕੇ ਵਾਰ-ਵਾਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਜਾਰੀ ਹੁਕਮਾਂ ਦੀ ਬੱਸਾਂ ਵਿਚ ਸਹੀ ਢੰਗ ਨਾਲ ਪਾਲਣਾ ਨਾ ਹੋ ਪਾਉਣੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਬੱਸ ਅੱਡੇ ਵਿਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੁੰਦੀ ਹੈ। ਰੋਡਵੇਜ਼ ਦੇ ਇਕ ਕਰਮਚਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੁੰਭਕਰਨੀ ਨੀਂਦ ਸੁੱਤੇ ਪਏ ਰੋਡਵੇਜ਼ ਦੇ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

PunjabKesari

ਪਿਛਲੇ ਸਾਲ ਜਦੋਂ ਕੋਰੋਨਾ ਦਾ ਕਹਿਰ ਚੱਲ ਰਿਹਾ ਸੀ ਤਾਂ ਰੋਡਵੇਜ਼ ਦੇ ਕਈ ਕਰਮਚਾਰੀ ਇਸਦੀ ਲਪੇਟ ਵਿਚ ਆ ਗਏ ਸਨ ਪਰ ਇਸਦੇ ਬਾਵਜੂਦ ਕੋਰੋਨਾ ਸਬੰਧੀ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਹੋ ਰਹੀ। ਕਈ ਕਰਮਚਾਰੀ ਡਿਊਟੀ ’ਤੇ ਆਉਣ ਤੋਂ ਡਰਦੇ ਹਨ। ਇਸ ਸਬੰਧੀ ਰੋਡਵੇਜ਼ ਦੇ ਅਧਿਕਾਰੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਧਿਆ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਆਬਾਦੀ ਵਾਲਾ ਸੂਬਾ 4 ਹਫ਼ਤੇ ਲਈ ਬੰਦ

ਦੂਜੇ ਸੂਬਿਆਂ ਨੇ ਪੰਜਾਬ ’ਚ ਘਟਾਈ ਬੱਸਾਂ ਦੀ ਆਵਾਜਾਈ
ਦੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਵਿਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦਿਆਂ ਕਈ ਸੂਬਿਆਂ ਵੱਲੋਂ ਪੰਜਾਬ ਵਿਚ ਆਪਣੀਆਂ ਬੱਸਾਂ ਦੀ ਆਵਾਜਾਈ ਘਟਾ ਦਿੱਤੀ ਗਈ ਹੈ। ਪੰਜਾਬ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ’ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਪਰ ਇਹ ਚੌਕਸੀ ਜਲੰਧਰ ਬੱਸ ਅੱਡੇ ਵਿਚ ਦੇਖਣ ਨੂੰ ਨਹੀਂ ਮਿਲ ਰਹੀ।
ਜਲੰਧਰ ਵਿਚ ਪੰਜਾਬ ਰੋਡਵੇਜ਼ ਦੇ 2 ਡਿਪੂ ਹਨ। ਇਨ੍ਹਾਂ ਵਿਚੋਂ ਕਈ ਸੀਨੀਅਰ ਅਧਿਕਾਰੀ ਵੀ ਤਾਇਨਾਤ ਹਨ ਪਰ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਯਤਨਸ਼ੀਲ ਨਜ਼ਰ ਨਹੀਂ ਆ ਰਿਹਾ। ਜਦੋਂ ਵੀ ਗੱਲ ਹੁੰਦੀ ਹੈ ਤਾਂ ਰੋਡਵੇਜ਼ ਦੇ ਸਥਾਨਕ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਮੁਸਤੈਦ ਹਾਂ ਪਰ ਬੱਸ ਅੱਡੇ ਵਿਚ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਬੱਸ ਅੱਡੇ ਵਿਚ ਕਈ ਥਾਵਾਂ ’ਤੇ ਬਿਨਾਂ ਮਾਸਕ ਐਂਟਰੀ ’ਤੇ ਰੋਕ ਬਾਰੇ ਲਿਖਿਆ ਹੋਇਆ ਹੈ ਅਤੇ ਇਹ ਗੱਲਾਂ ਸਿਰਫ ਲਿਖਣ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ।

ਚੰਡੀਗੜ੍ਹ ਬੈਠੇ ਅਧਿਕਾਰੀਆਂ ਵੱਲੋਂ ਧਿਆਨ ਨਾ ਦੇਣਾ ਸਮਝ ਤੋਂ ਪਰ੍ਹੇ
ਇਸ ਸਬੰਧੀ ਰੋਡਵੇਜ਼ ਦੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਵੱਲੋਂ ਧਿਆਨ ਨਾ ਦੇਣਾ ਸਮਝ ਤੋਂ ਪਰ੍ਹੇ ਹੈ। ਰੋਜ਼ਾਨਾ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੰਦੀਆਂ ਹਨ ਪਰ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ। ਰੋਡਵੇਜ਼ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਬਿਨਾਂ ਮਾਸਕ ਪਹਿਨੇ ਆਉਣ ਵਾਲੇ ਲੋਕਾਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ। ਟਿਕਟਾਂ ਦਿੱਤੀਆਂ ਜਾਂਦੀਆਂ ਹਨ ਜਾਂ ਨਹੀਂ, ਇਹ ਬੱਸ ਅੱਡੇ ਵਿਚ ਸਾਫ ਤੌਰ ’ਤੇ ਦੇਖਣ ਨੂੰ ਮਿਲ ਜਾਂਦਾ ਹੈ। ਟਿਕਟ ਕਾਊਂਟਰ ’ਤੇ ਬੈਠੇ ਬੱਸਾਂ ਦੇ ਚਾਲਕ ਦਲਾਂ ਦੇ ਮੈਂਬਰ ਖੁਦ ਬਿਨਾਂ ਮਾਸਕ ਟਿਕਟਾਂ ਕੱਟਦੇ ਦਿਖਾਈ ਦਿੰਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਹੜੇ ਹੁਕਮ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਪਾਲਣਾ ਕਰਵਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਹਾਲਾਤ ਦੇਖਣੇ ਚਾਹੀਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News