ਕੋਰੋਨਾ ਦੇ ਇਲਾਜ ’ਤੇ ਭਾਰੂ ਸਹਿਮ, ਡਰ ਅਤੇ ਸਿਆਸਤ
Friday, Apr 24, 2020 - 03:22 PM (IST)
ਹੇਮਜੀਤ ਸਿੰਘ
ਚੀਨ ਤੋਂ ਚਲਿਆ ਕੋਰੋਨਾ ਵਿਸ਼ਾਣੂ ਇਟਲੀ, ਇੰਗਲੈਡ ਅਤੇ ਇਰਾਨ ਤੋਂ ਹੁੰਦਾ ਹੋਇਆ ਭਾਰਤ ਸਮੇਤ ਕਈ ਦੱਖਣ ਏਸ਼ੀਆਈ ਮੁਲਕਾਂ ਵਿਚ ਭਰਵੀ ਦਸਤਕ ਦੇ ਚੁੱਕਿਆ ਹੈ। ਕੋਰੋਨਾ ਵਿਸ਼ਾਣੂ ਨੇ ਡਰ ਭੈਅ ਨਾਲ ਜਨਤਾ ਕਰਫਿਊ ਅਤੇ ਲਾਕਡਾਊਨ ਵਰਗੇ ਨਵੇਂ ਸ਼ਬਦ ਸਾਡੀ ਜੀਵਨ ਸ਼ੈਲੀ ਵਿਚ ਸ਼ਾਮਲ ਕਰ ਦਿੱਤੇ ਹਨ। ਸੰਸਾਰ ਪੱਧਰ ’ਤੇ ਐਨੀ ਬੇਬਸੀ ਦਾ ਆਲਮ ਮਨੁੱਖੀ ਇਤਿਹਾਸ ਵਿਚ ਪਹਿਲਾ ਕਦੀ ਨਹੀਂ ਦੇਖਿਆ ਗਿਆ। ਸਾਰੀ ਦੁਨੀਆਂ ਨੂੰ ਧੌਂਸ ਦਿਖਾਉਣ ਵਾਲੇ ਅਮਰੀਕਾ ਅਤੇ ਚੀਨ ਵਰਗੇ ਵਿਕਸਿਤ ਮੁਲਕ ਅੰਦਰ ਲੁਕਣ ਲਈ ਮਜ਼ਬੂਰ ਹੋ ਗਏ ਹਨ। ਸਿਹਤ ਸੇਵਾਵਾਂ ਵਿਚ ਆਪਣੇ ਡੰਕੇ ਵਜਾਉਣ ਵਾਲੇ ਅੱਵਲ ਦਰਜੇ ਦੇ ਇਟਲੀ ਅਤੇ ਫਰਾਂਸ ਵਰਗੇ ਮੁਲਕਾਂ ਨੇ ਵੀ ਇਸ ਅਲਾਮਤ ਅੱਗੇ ਗੋਡੇ ਟੇਕ ਦਿੱਤੇ। ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿਚ ਇਸ ਸੂਖਮ ਜੀਵ ਨੇ ਸੰਸਾਰ ਦੀ ਜੀਵਨ ਸ਼ੈਲੀ ਅਤੇ ਨਿਜ਼ਾਮੀ ਸੋਚ ਅਤੇ ਵਰਤਾਰੇ ’ਤੇ ਸਦੀਵੀ ਪ੍ਰਭਾਵ ਛੱਡਣੇ ਹਨ।
ਹੁਣ ਭਾਰਤ ਵਿਚ ਇਸ ਬੀਮਾਰੀ ਨੂੰ ਲੈ ਕੇ ਜੇਕਰ ਗੱਲ ਤਿਆਰੀ ਦੀ ਕੀਤੀ ਜਾਵੇ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਪੂਰਬ ਪ੍ਰਬੰਧਾਂ ਦੀ ਰੂਪਰੇਖਾ ਉਲੀਕੇ ਬਿਨਾਂ ਹੀ ਆਮ ਜਨਤਾ ਨੂੰ ਭੈਅਭੀਤ ਕਰਕੇ ਅੰਦਰ ਤਾੜਣ ਦੀ ਕਾਹਲ ਨੂੰ ਇਸ ਅਲਾਮਤ ਦਾ ਹੱਲ ਮੰਨਿਆ। ਸੁਰੱਖਿਆਂ ਬਲਾਂ ਦੀ ਵਰਤੋਂ ਨਾਲ ਲੋਕਾਂ ਦੀ ਕੁੱਟਮਾਰ ਨੂੰ ਸ਼ੋਸ਼ਲ ਮੀਡੀਏ ’ਤੇ ਪ੍ਰਚਾਰ ਕੇ ਜਿੱਥੇ ਨਿੱਜਤਾ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਉੱਥੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਥਾਂ ਖੌਫ਼ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਬਿਨਾਂ ਸ਼ਕ ਵਧੀਆਂ ਕਾਰਗੁਜ਼ਾਰੀ ਦੇ ਨਿਭਾਉਣ ਬਾਵਜੂਦ ਕੁਝ ਘਟਨਾਵਾਂ ਨੇ ਪੁਲਸ ਬਲਾਂ ਦੇ ਅਕਸ ਨੂੰ ਢਾਅ ਲਾਈ। ਸਿਹਤ ਸਹੁਲਤਾਂ ਲਈ ਹਸਪਤਾਲਾਂ, ਸਾਜ਼ੋ-ਸਮਾਨ, ਡਾਕਟਰਾਂ ਦੀ ਵੱਡੀ ਕਮੀ ਅਤੇ ਨਕਾਫ਼ੀ ਪ੍ਰਬੰਧਾਂ ਕਾਰਣ ਭਾਰਤ ਦੀ ਸਥਿਤੀ ਪਹਿਲਾਂ ਹੀ ਅਤਿ ਨਾਜ਼ੁਕ ਹੈ। ਅਜ਼ਾਦੀ ਤੋਂ ਬਾਅਦ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਅੱਜ ਸਾਡੇ ਅੱਗੇ ਹੈ। ਸਰਕਾਰ ਵਲੋਂ ਮਾਸਕ ਅਤੇ ਪੀ.ਪੀ. ਕਿੱਟਾਂ ਤਿਆਰ ਕਰਵਾਉਣ 'ਚ ਦੇਰੀ ਨੇ ਸਿਹਤ ਅਮਲੇ ਦੀਆਂ ਜਾਨਾਂ ਨੂੰ ਵੀ ਜੋਖਿਮ ਵਿਚ ਪਾ ਦਿੱਤਾ ਹੈ। ਆਮ ਲੋਕਾਂ ਦੇ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਦਾਅ ’ਤੇ ਲਾ ਕੇ ਅੰਤਰਰਾਸ਼ਟਰੀ ਵਾਹ-ਵਾਹੀ ਖੱਟਣ ਲਈ ਅਸੀ ਮੰਗਲ ਮਿਸ਼ਨ ਵਰਗੇ ਪ੍ਰਾਜੈਕਟਾਂ ’ਤੇ ਪੈਸਾ ਵਹਾਉਂਦੇ ਰਹੇ ਹਾਂ। ਇਹ ਮਲਵਈ ਅਖਾਣ ਵਾਂਗ ਹੈ। 'ਮਾਂ ਫਿਰੇ ਫੋਸੀ- ਫੋਸੀ, ਪੁੱਤ ਗਹੀਰੇ ਬਖ਼ਸ਼ੇ।
ਸਥਾਨਕ ਸਰਕਾਰਾਂ ਵਲੋਂ ਵੀ ਲੋਕਾਂ ਤੱਕ ਜ਼ਰੂਰੀ ਵਸਤਾਂ ਵੰਡਣ ਦੇ ਨਾਂ ਹੇਠ ਸਿਆਸੀ ਪ੍ਰਚਾਰ ਜ਼ੋਰਾਂ ’ਤੇ ਹੈ। ਇਸ ਮੌਕੇ ਸਿਆਸੀ ਆਗੂਆਂ ਵਲੋਂ ਜ਼ਰੂਰੀ ਵਸਤਾਂ ਦੀ ਵੰਡ ਲਈ ਕੀਤਾ ਜਾਂਦਾ ਇਕੱਠ ਲਾਕਡਾਉਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਤੇਜ਼ੀ ਨਾਲ ਫੈਲ ਰਹੇ ਇਸ ਵਿਸ਼ਾਣੂ ਨੇ ਵਿਸ਼ਵ ਅੰਦਰ ਲਾਕਡਾਊਨ ਅਤੇ ਜਨਤਾ ਕਰਫਿਊ ਵਰਗੇ ਨਵੇਂ ਮਾਹੌਲ ਨੂੰ ਸਿਰਜ ਦਿੱਤਾ ਹੈ। ਰੋਜ਼ਾਨਾਂ ਦਿਹਾੜੀਦਾਰ ਅਤੇ ਗਰੀਬੀ ਰੇਖਾ ਤੋਂ ਹੇਠਲੇ 32 % ਭਾਰਤੀ ਲੋਕਾਂ ਨੂੰ ਢਿੱਡ ਭਰਨ ਦੇ ਫਿਕਰਾਂ ਵਿਚ ਪਾ ਦਿੱਤਾ ਹੈ। ਭਾਰਤ ਸਰਕਾਰ ਦਾ ਘਰਾਂ ਵਿਚ ਰਹਿਣ ਦਾ ਨਿਰਦੇਸ਼ ਵੀ ਕਿਵੇਂ ਅਸਰਦਾਇਕ ਸਿੱਧ ਹੋ ਸਕਦਾ ਹੈ। ਜਿੱਥੇ 2011 ਦੀ ਜਨਗਣਨਾਂ ਅਨੁਸਾਰ 17 ਲੱਖ ਲੋਕ ਬੇਘਰੇ ਹਨ। ਇਨ੍ਹਾਂ ਦੇ ਯੋਗ ਇੰਤਜ਼ਾਮ ਲਈ ਸਰਕਾਰ ਕੋਲ ਨਾ ਭਰੋਸੇਯੋਗ ਅੰਕੜੇ ਹਨ ਨਾ ਪ੍ਰਬੰਧ। ਮੌਜੂਦਾ ਹਾਲਤਾਂ ਵਿਚ ਇਹ ਵਰਗ ਦੋ ਵਕਤ ਦੀ ਰੋਟੀ ਦਾ ਵੀ ਮੁਥਾਜ ਹੋ ਗਿਆ ਹੈ। ਯਾਦ ਰਹੇ ਸਮਾਜਸੇਵੀ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਗਰੀਬ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੀਆਂ ਹਨ। ਛੋਟੇ-ਵੱਡੇ ਸਿਆਸੀ ਆਗੂਆਂ ਦਾ ਟੋਲੇ ਬਣਾ ਕੇ ਫਿਰਨਾ ਸਿਆਸੀ ਰੋਟੀਆਂ ਸੇਕਣ ਵਾਲਾ ਵਧੇਰੇ ਜਾਪਦਾ ਹੈ। ਮੀਡੀਆ ਵਿਚ ਬਣੇ ਰਹਿਣ ਦੀ ਹੋੜ ਲੱਗੀ ਪਈ ਹੈ। ਅਜਿਹੀ ਛੋਟ ਵਾਇਰਸ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਨੂੰ ਬੇਅਸਰ ਕਰ ਰਹੀ ਹੈ। ਲਾਕਡਾਊਨ ਦੌਰਾਨ ਕਰਨਾਟਕਾ ਦੇ ਵੱਡੇ ਸਿਆਸੀ ਆਗੂ ਦੇ ਪੁੱਤਰ ਦੇ ਵਿਆਹ ’ਤੇ ਕੀਤਾ ਇੱਕਠ ਦੇਸ਼ ਦੇ ਕਾਇਦੇ ਕਾਨੂੰਨ ਤੋਂ ਉੱਚੇ ਵੀ.ਆਈ.ਪੀ. ਕਲਚਰ ਦੀ ਤਰਜ਼ਮਾਨੀ ਕਰਦਾ ਹੈ। ਦੇਸ਼ ਵਿਚ ਅਤਿ ਸਵੇਂਦਨਸੀਲ ਹਾਲਤ ਹੋਣ ਦੇ ਬਾਵਜੂਦ ਸਰਕਾਰਾਂ ਵਲੋਂ ਰਸਦ ਦੇ ਪੈਕਟਾਂ ਉਪਰ ਸਿਆਸੀ ਆਗੂਆਂ ਦੀਆਂ ਫੋਟੋਆਂ ਨੂੰ ਪ੍ਰਚਾਰਨਾ ਸ਼ਰਮਨਾਕ ਗੱਲ ਹੈ। ਸਰਕਾਰਾਂ ਲੋੜੀਂਦੇ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ਦੀ ਥਾਂ ਲੋਕਾਂ ਨੂੰ ਅੰਦਰ ਬੰਦ ਕਰਕੇ ਰੱਖਣ ਨੂੰ ਤਰਜ਼ੀਹ ਦੇ ਰਹੀਆਂ ਹਨ।
ਭਾਰਤ ਵਿਚ ਹੁਣ ਤੱਕ ਕੋਰੋਨਾ ਕਾਰਨ ਮੌਤ ਦਰ ਲਗਭਗ 3.1 % ਰਹੀ ਹੈ। ਇਨ੍ਹਾਂ ਵਿਚੋਂ 85 % ਮੌਤਾਂ ਸੱਠ ਸਾਲ ਤੋਂ ਉਪਰ ਦੇ ਵਿਅਕਤੀਆਂ ਦੀਆਂ ਹਨ, ਜੋ ਪਹਿਲਾਂ ਹੋਰ ਰੋਗਾਂ ਤੋਂ ਪੀੜਤ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਪਾਜ਼ੇਟਿਵ ਦੇ ਲਗਭਗ 20% ਮਰੀਜ਼ਾਂ ਨੂੰ ਹੀ ਹਸਪਤਾਲ ਦਾਖਲ ਕਰਨ ਦੀ ਜ਼ਰੂਰਤ ਪੈਂਦੀ ਹੈ। ਇਹ ਅੰਕੜੇ ਕਿਸੇ ਹੋਰ ਬੀਮਾਰੀਆਂ ਨਾਲ ਮਰਨ ਵਾਲੇ ਲੋਕਾਂ ਤੋਂ ਕਈ ਗੁਣਾ ਘੱਟ ਹਨ। ਆਈ. ਸੀ. ਐੱਮ. ਆਰ. ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਹਰ ਰੋਜ਼ 1300 ਵਿਅਕਤੀ ਸਿਰਫ ਕੈਂਸਰ ਨਾਲ ਮਰ ਜਾਂਦੇ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਚ ਸਲਾਨਾ 61% ਲਗਭਗ 58.17 ਲੱਖ ਮੌਤਾਂ (ਰੋਜ਼ਾਨਾਂ ਔਸਤਨ 15,900) ਗੈਰ ਲਾਗ ਦੀਆਂ ਬੀਮਾਰੀਆਂ ਜਿਵੇਂ ਹਾਰਟ ਅਟੇਕ 46%, ਕੈਂਸਰ 12% ਅਤੇ ਸ਼ਕਰ ਰੋਗ 3% ਵਰਗੇ ਰੋਗਾਂ ਨਾਲ ਹੋ ਜਾਂਦੀਆਂ ਹਨ। ਲਾਗ ਦੀ ਬੀਮਾਰੀਆਂ 'ਚ ਸਭ ਤੋਂ ਵੱਧ ਮੌਤਾਂ ਲਗਭਗ 39% ਡਾਇਰੀਆਂ ਅਤੇ ਸਾਹ ਰੋਗਾਂ ਨਾਲ ਹੁੰਦੀਆਂ ਹਨ।ਇਕੱਲੇ ਭਾਰਤ ਵਿਚ ਹੀ ਹਰ ਸਾਲ ਹਵਾ ਦੇ ਪ੍ਰਦੂਸ਼ਣ ਨਾਲ 12 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ। ਕੋਰੋਨਾ ਪ੍ਰਤੀ ਇੰਨਾਂ ਖੌਫ ਇਸਦੇ ਤੀਬਰਤਾ ਨਾਲ ਫੈਲਣ ਦੇ ਕਾਰਣ ਹੈ। ਚਿਕਿਤਸਾ ਪ੍ਰਣਾਲੀ ਅਨੁਸਾਰ ਬੀਮਾਰੀ ਪ੍ਰਤੀ ਡਰ ਮਨੁੱਖ ਦੀ ਪ੍ਰਤੀਰੋਧਕ ਸਮਰੱਥਾ ਨੂੰ ਕਮਜ਼ੋਰ ਕਰ ਦਿੰਦਾ ਹੈ ਜਦੋਂਕਿ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਸੌਖੇ ਢੰਗ ਨਾਲ ਅੰਦਰ ਬੰਦ ਰੱਖਣ ਲਈ ਸਹਿਮ ਅਤੇ ਭੈਅ ਨੂੰ ਹਥਿਆਰ ਵਜੋਂ ਵਰਤ ਰਹੀਆਂ ਹਨ। ਬਾਕੀ ਕਸਰ ਮੀਡੀਆ ਵਲੋਂ ਕੱਢੀ ਜਾ ਰਹੀ ਹੈ। ਜੋ ਰੋਜ਼ਾਨਾਂ ਕੋਰੋਨਾ ਦੇ ਲਾਈਵ ਅਪਡੇਟ ਨੂੰ ਬੇਹੱਦ ਖੌਫ਼ਨਾਕ ਢੰਗ ਨਾਲ ਪਰੋਸ ਰਿਹਾ ਹੈ। ਇਸੇ ਕਾਰਨ ਮਰੀਜ਼ਾਂ ਦੇ ਸਾਹਮਣੇ ਆ ਕੇ ਇਲਾਜ ਕਰਾਉਣ ਤੋਂ ਡਰਨਾ ਅਤੇ ਹਸਪਤਾਲਾਂ 'ਚੋ ਭੱਜਣ ਵਰਗੀਆਂ ਘਟਨਾਵਾਂ ਹਾਲਾਤਾਂ ਨੂੰ ਹੋਰ ਗੰਭੀਰ ਬਣਾ ਸਕਦੀਆਂ ਹਨ।
ਕਿਸੇ ਬੀਮਾਰੀ ਕਾਰਣ ਸੰਸਾਰ ਕਈ ਦਹਾਕਿਆਂ ਬਾਅਦ ਇੰਨੇ ਭੈਅ ਵਿਚੋ ਗੁਜ਼ਰ ਰਿਹਾ ਹੈ। ਮੱਨੁਖ ਇਕ ਦੂਜੇ ਤੋਂ ਇੰਨਾਂ ਖੌਫਜਦਾ ਪਹਿਲਾਂ ਕਦੀ ਨਹੀਂ ਹੋਇਆ। 2010 ਵਿਚ ਵਾਇਰਸ ’ਤੇ ਬਣੀ ਕਾਲਪਨਿਕ ਫਿਲਮਾਂ 'ਕਂਟਾਜੀਅਨ' ਸਾਕਾਰ ਹੋ ਗਈ ਹੈ। ਆਲਮੀ ਬੀਮਾਰੀ ਦੇ ਇਕ ਝੱਟਕੇ ਨਾਲ ਹੀ ਸਾਡੀਆਂ ਵਿਗਿਆਨਕ ਕਾਢਾਂ ਬੌਨੀਆਂ ਸਾਬਿਤ ਹੋ ਗਈਆਂ ਹਨ। ਸਿਹਤ ਸੇਵਾਵਾਂ ਵਿਚ ਸੰਸਾਰ ਪੱਧਰ ਤੇ ਦੂਜਾ ਦਰਜਾ ਰੱਖਣ ਵਾਲੇ ਮੁਲਕ ਇਟਲੀ ਦੀ ਮਾੜੀ ਹਾਲਤ ਦੇਖਕੇ 145ਵਾਂ ਦਰਜਾ ਰੱਖਣ ਵਾਲੇ ਭਾਰਤ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀ ਹੈ। ਮੰਗਲ, ਚੰਦ ਅਤੇ ਬ੍ਰਹਿਮੰਡ ਨੂੰ ਫਿਰੋਲਣ ਦਾ ਦਾਅਵਾ ਕਰਦੀ ਅਜੋਕੀ ਵਿਗਿਆਨ ਧਰਤੀ ’ਤੇ ਮਨੁੱਖੀ ਜੀਵਨ ਸੰਭਾਲਣ ਵਿਚ ਬੇਬਸ ਹੋਈ ਪਈ ਹੈ।
ਇਕ ਸਦੀ ਤੋਂ ਵੱਧ ਅਸੀ ਵਿਗਿਆਨਕ ਤਕਨੀਕਾਂ ਨਾਲ ਕੁਦਰਤ ਨੂੰ ਲਗਾਤਾਰ ਰਿੜਕਦੇ ਆ ਰਹੇ ਹਾਂ। ਜੀਵ ਮੰਡਲ ਨਾਲ ਲਗਾਤਾਰ ਕੀਤੀ ਜਾ ਰਹੀ ਜੇਨੇਟਿਕ ਛੇੜਛਾੜ ਭਿਆਨਕ ਭੁਗੋਲਿਕ ਤਬਦੀਲੀਆਂ ਦਾ ਕਾਰਣ ਬਣਦੀ ਜਾ ਰਹੀ ਹੈ। ਕੁਦਰਤ ਨੇ ਇਸ ਸੁਖਮ ਜੀਵ ਦੀ ਅਲਾਮਤ ਰਾਹੀਂ ਵਿਗਿਆਨਕ ਤਬਾਹੀ ਵੱਲ ਵੱਧ ਰਹੇ ਸੰਸਾਰ ਨੂੰ ਰੁਕ ਜਾਣ ਦਾ ਸੰਦੇਸ਼ ਦਿੱਤਾ ਹੈ। ਸਾਹੋਂ- ਸਾਹ ਹੋਈ ਕੁਦਰਤ ਨੂੰ ਹੁਣ ਦਮ ਦਿਵਾਉਣ ਦਾ ਵਕਤ ਆ ਗਿਆ ਹੈ। ਤਾਂ ਜੋ ਕੁਦਰਤ ਨੂੰ ਵੀ ਸਵੈਂ ਸੰਤੁਲਨ ਦਾ ਮੌਕਾਂ ਮਿਲ ਸਕੇ। ਕੋਰੋਨਾ ਕਹਿਰ ਦੇ ਠੱਲਣ ਤੋਂ ਬਾਅਦ ਹੋ ਸਕਦਾ ਹੈ ਕਿ ਸੰਸਾਰ ਕੋਈ ਸਬਕ ਸਿੱਖ ਸਕੇ ਅਤੇ ਵਿਗਿਆਨਕ ਕਾਢਾਂ ਪੌਣ-ਪਾਣੀ ਨੂੰ ਬਿਨਾਂ ਗੰਧਲਾ ਕੀਤੇ ਕੁਦਰਤ ਆਧਾਰਿਤ ਸੇਧ ਲਈਆਂ ਜਾਣ।
ਮਨੁੱਖੀ ਜਾਤੀ ਨੂੰ ਕਿਸੇ ਤਰ੍ਹਾਂ ਇਸ ਮਾਹਮਾਰੀ ਤੋਂ ਬਚਾਉਣਾ ਹੀ ਹੁਣ ਸਭ ਤੋਂ ਪ੍ਰਮੁੱਖ ਤਰਜ਼ੀਹ ਹੈ। ਸਿਹਤ ਅਤੇ ਪੁਲਸ ਅਮਲੇ ਦੇ ਨਾਲ ਸਫਾਈ ਕਰਮਚਾਰੀ ਵੀ ਜ਼ੋਖਿਮ ਭਰੀਆਂ ਸੇਵਾਵਾਂ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ। ਐਮਰਜੈਂਸੀ ਲਈ ਲੋੜੀਂਦੀਆਂ ਦਵਾਈਆਂ ਅਤੇ ਅਮਲੇ ਦੀ ਘਾਟ ਬਰਕਰਾਰ ਹੈ। ਸਾਹ ਰੋਗ ਦੀ ਮਰਜ਼ ਹੋਣ ਕਾਰਣ ਕੋਰੋਨਾ ਲਈ ਹਰ ਹਸਪਤਾਲ ਵਿਚ ਵੱਡੀ ਗਿਣਤੀ ਵਿਚ ਵੈਂਟੀਲੇਟਰਾਂ ਦਾ ਪ੍ਰਬੰਧ ਕਰਨਾ ਹਾਲੇ ਸੰਭਵ ਨਹੀਂ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਜਨਸੰਖਿਆ ਮੁਕਾਬਲੇ ਸਾਡੀਆਂ ਸਿਹਤ ਸਹੂਲਤਾਂ ਅਤਿ ਸੀਮਿਤ ਹਨ। ਜੇਕਰ ਇਹ ਰੋਗ ਭਾਰਤ ਵਿਚ ਤੇਜ਼ੀ ਨਾਲ ਫੈਲਦਾ ਹੈ ਤਾਂ ਸਾਡਾ ਸਿਹਤ ਪ੍ਰਬੰਧਨ ਕੁਝ ਘੰਟਿਆਂ 'ਚ ਹੀ ਚਰਮਰਾ ਜਾਵੇਗਾ। ਸਰਕਾਰਾਂ ’ਤੇ ਟੇਕ ਰੱਖਣ ਦੀ ਬਜਾਏ ਆਪਣੀ ਸਲਾਮਤੀ ਲਈ ਸੰਜਮ ਨਾਲ ਲਾਕ ਡਾਊਨ ਅਤੇ ਕਰਫਿਊ ਤੋਂ ਬਾਅਦ ਵੀ ਸਮਾਜਿਕ ਦੂਰੀ ਦਾ ਪਾਲਨ ਕਰਨਾ ਆਮ ਲੋਕਾਂ ਲਈ ਅਤਿ ਜ਼ਰੂਰੀ ਹੋ ਗਿਆ ਹੈ।
(ਪ੍ਰਿੰਸੀਪਲ, ਆਦਰਸ਼ ਸੀਨੀ. ਸੈਕੰ. ਸਕੂਲ, ਰਾਏਪੁਰ, ਮਾਨਸਾ)
ਮ. ਨੰ. 446, ਹਾਊਸਫੈੱਡ ਕਲੋਨੀ,
ਬਠਿੰਡਾ 151001
ਮੋਬਾਇਲ ਨੰ. 9872568216