ਸ੍ਰੀ ਹਰਿਮੰਦਰ ਸਾਹਿਬ ਤੇ ਗੁ. ਸ਼ਹੀਦ ਗੰਜ ਵਿਖੇ ਨਤਮਸਤਕ ਹੋਈਆਂ ਇੱਕਾ-ਦੁੱਕਾ ਸੰਗਤਾਂ

04/03/2020 9:20:14 AM

ਅੰਮ੍ਰਿਤਸਰ (ਅਣਜਾਣ) - ਕੋਰੋਨਾ ਤੋਂ ਪੀੜਤ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਦਿਹਾਂਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਜਨ ਕਲਿਆਣ ਲਈ ਚੌਕਸੀ ਵਰਤਦਿਆਂ ਸ਼ਹਿਰ ਦੇ ਇਕ ਇਲਾਕੇ ਦੇ ਕੁਝ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਲ ਕਰਨ ਦੇ ਨਾਲ-ਨਾਲ ਪੁਲਸ ਵਲੋਂ ਸ਼ਹਿਰਾਂ ’ਚ ਨਾਕੇ ਵੀ ਲਾਏ ਜਾ ਰਹੇ ਹਨ। ਪੁਲਸ ਵਲੋਂ ਲਗਾਏ ਗਏ ਸਖਤ ਪਹਿਰੇ ਦੇ ਕਾਰਨ ਸ੍ਰੀ ਹਰਿਮੰਦਰ ਸਾਹਿਬ ਅਤੇ ਗੁ. ਸ਼ਹੀਦ ਗੰਜ ਸਾਹਿਬ ਵਿਖੇ ਇੱਕਾ-ਦੁੱਕਾ ਸੰਗਤਾਂ ਹੀ ਨਤਮਸਤਕ ਹੋਈਆਂ। ਤੜਕਸਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਡਿਊਟੀ ਕਰਮਚਾਰੀ ਅਤੇ ਪ੍ਰੇਮੀ ਸਿੰਘਾਂ ਤੋਂ ਇਲਾਵਾ ਇੱਕਾ-ਦੁੱਕਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

PunjabKesari

ਪੜ੍ਹੋ ਇਹ ਖਬਰ ਵੀ - ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ 

ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਗਲਿਆਰਾ, ਜਿਥੇ ਸਵੇਰ ਸਮੇਂ ਨੇੜੇ ਦੇ ਲੋਕ ਸੈਰ-ਸਪਾਟਾ ਅਤੇ ਕਸਰਤ ਕਰਨ ਆਉਂਦੇ ਸਨ, ਹਾਲਾਤ ਦੇ ਮੱਦੇਨਜ਼ਰ ਕੁਝ ਕੁ ਲੋਕ ਕਸਰਤ ਕਰਦੇ ਦੇਖੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਕੋਰੋਨਾ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਕੀਤੇ ਦਾਅਵੇ ਬੀਤੇ ਕੁਝ ਦਿਨਾਂ ਤੋਂ ਢਿੱਲੇ ਹੁੰਦੇ ਨਜ਼ਰ ਆ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁ. ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਲੱਗੇ ਸੈਨੀਟਾਈਜ਼ਰ ਟੈਂਟ ਤੋਂ ਪਿਛਲੇ ਕੁਝ ਦਿਨਾਂ ਤੋਂ ਕੋਈ ਵੀ ਸੇਵਾਦਾਰ ਦਿਖਾਈ ਨਹੀਂ ਦਿੱਤਾ। ਇੰਸਪੈਕਟਰ ਸੁਖਵੰਤ ਸਿੰਘ ਅਨੁਸਾਰ ਅੱਜ ਵੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਗਤਾਂ ਲਈ ਲੰਗਰ ਦੀ ਸੇਵਾ ਜਾਰੀ ਰਹੀ।

ਮੰਗਤਿਆਂ ਦੀ ਭਰਮਾਰ ਮੌਜੂਦਾ ਹਾਲਾਤ ਲਈ ਖ਼ਤਰਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਜੋੜਾ ਘਰ ਵਿਖੇ ਫਿਰ ਤੋਂ ਰਾਤ ਸਮੇਂ ਕੁਝ ਮੰਗਤੇ ਅਤੇ ਸੰਗਤਾਂ ਸੌਣ ਲੱਗ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ‘ਜਗ ਬਾਣੀ’ ਵਲੋਂ ਇਹ ਮੁੱਦਾ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਇਥੋਂ ਮੰਗਤੇ ਉਠਾ ਦਿੱਤੇ ਗਏ ਸਨ। ਕੁਝ ਦਿਨਾਂ ਬਾਅਦ ਹੀ ਇਨ੍ਹਾਂ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ। ਇਸ ਤੋਂ ਇਲਾਵਾ ਘੰਟਾ ਘਰ ਵਾਲੀ ਬਾਹੀ ਅਤੇ ਗੁਰੂ ਹਰਿਗੋਬਿੰਦ ਸਿੰਘ ਐੱਨ. ਆਰ. ਆਈ. ਨਿਵਾਸ ਦੇ ਬਾਹਰ ਵੀ ਸਾਰਾ ਦਿਨ ਮੰਗਤੇ ਦਿਖਾਈ ਦਿੰਦੇ ਹਨ, ਜੋ ਕੋਰੋਨਾ ਤੋਂ ਪ੍ਰਭਾਵਿਤ ਮੌਜੂਦਾ ਹਾਲਾਤ ’ਚ ਖ਼ਤਰਾ ਬਣ ਸਕਦੇ ਹਨ।
 


rajwinder kaur

Content Editor

Related News