ਕੋਰੋਨਾ ਆਫ਼ਤ : ਮੌਡਰਨਾ ਤੋਂ ਬਾਅਦ ਫਾਈਜ਼ਰ ਨੇ ਵੀ ਪੰਜਾਬ ਨੂੰ ਟੀਕੇ ਭੇਜਣ ਤੋਂ ਕੀਤਾ ਇਨਕਾਰ
Monday, May 24, 2021 - 06:02 PM (IST)
ਚੰਡੀਗੜ੍ਹ : ਮੌਡਰਨਾ ਤੋਂ ਬਾਅਦ ਇਕ ਹੋਰ ਕੋਵਿਡ ਟੀਕਾ ਨਿਰਮਾਤਾ ਫਾਈਜ਼ਰ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਤੋਂ ਬਾਅਦ 'ਫਾਈਜ਼ਰ' ਨੇ ਸੂਬੇ ਵਿਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਸਬੰਧੀ ਪੰਜਾਬ ਸਰਕਾਰ ਦੀਆਂ 'ਅਸਧਾਰਨ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਵਿਕਾਸ ਗਰਗ ਨੇ ਦੱਸਿਆ ਕਿ ਫਾਈਜ਼ਰ ਨੇ ਆਪਣੇ ਜਵਾਬ ਵਿਚ ਕਿਹਾ ਕਿ 'ਫਾਈਜ਼ਰ ਕੌਮੀ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਕੋਵਿਡ-19 ਟੀਕਾ ਸਪਲਾਈ ਕਰਨ ਲਈ ਵਿਸ਼ਵ ਭਰ ਦੀਆਂ ਫੈਡਰਲ ਸਰਕਾਰਾਂ ਨਾਲ ਕੰਮ ਕਰ ਰਹੀ ਹੈ। ਇਸ ਸਮੇਂ ਸਾਡੇ ਸਪਲਾਈ ਸਮਝੌਤੇ ਕੌਮੀ ਸਰਕਾਰਾਂ ਅਤੇ ਸੁਪਰਾ-ਕੌਮੀ ਸੰਗਠਨਾਂ ਦੇ ਨਾਲ ਹਨ ਜੋ ਖੁਰਾਕਾਂ ਦੀ ਵੰਡ ਅਤੇ ਦੇਸ਼ ਅੰਦਰ ਲਾਗੂ ਕਰਨ ਸਬੰਧੀ ਫ਼ੈਸਲੇ ਢੁਕਵੀਂ ਸਿਹਤ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ’ਤੇ ਲੈਂਦੀਆਂ ਹਨ। ਇਹ ਪਹੁੰਚ ਫਾਈਜ਼ਰ ਨੇ ਪੂਰੀ ਦੁਨੀਆ ਵਿਚ ਅਪਣਾਈ ਹੈ।'
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਐਲਾਨ, ਕੱਲ੍ਹ ਤੋਂ ਆਪਣੇ ਘਰ ’ਤੇ ਲਗਾਉਣਗੇ ਕਾਲਾ ਝੰਡਾ, ਲੋਕਾਂ ਨੂੰ ਵੀ ਕੀਤੀ ਇਹ ਅਪੀਲ
ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵ ਪੱਧਰੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ’ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਸੀ ਜਿਨ੍ਹਾਂ ਵਿਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਲ ਸਨ।
ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ : 3 ਚੋਣਵੇਂ ਵਿਸ਼ਿਆਂ ’ਤੇ ਹੋ ਸਕਦੀ ਹੈ ਪ੍ਰੀਖਿਆ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜੇ ਵੀ ਸਪੂਤਨਿਕ ਵੀ ਅਤੇ ਜਾਹਨਸਨ ਐਂਡ ਜਾਹਨਸਨ ਤੋਂ ਹਾਂ-ਪੱਖੀ ਜਵਾਬ ਦੀ ਉਮੀਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਵਿਚ ਟੀਕੇ ਦੀ ਉਪਲੱਬਧਤਾ ਨਾ ਹੋਣ ਕਰਕੇ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਸੀ। ਸੂਬੇ ਵਿਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਟੀਕੇ ਖਰੀਦਣ ਲਈ ਸਾਰੇ ਯਤਨ ਕੀਤੇ ਜਾਣਗੇ। ਭਾਰਤ ਸਰਕਾਰ ਵੱਲੋਂ ਹੁਣ ਤੱਕ ਟੀਕਿਆਂ ਦੀਆਂ 45.3 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ।
ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?