ਕੋਰੋਨਾ ਕਾਰਨ ਪਈ ਮਹਿੰਗਾਈ ਦੀ ਮਾਰ: ਬਾਜ਼ਾਰਾਂ ’ਚ ਮੁੜ ਫਿੱਕਾ ਪਿਆ ਲੋਹੜੀ ਦਾ ਤਿਉਹਾਰ

Thursday, Jan 13, 2022 - 11:53 AM (IST)

ਕੋਰੋਨਾ ਕਾਰਨ ਪਈ ਮਹਿੰਗਾਈ ਦੀ ਮਾਰ: ਬਾਜ਼ਾਰਾਂ ’ਚ ਮੁੜ ਫਿੱਕਾ ਪਿਆ ਲੋਹੜੀ ਦਾ ਤਿਉਹਾਰ

ਤਰਨਤਾਰਨ (ਰਮਨ) - ਲੋਹੜੀ ਦਾ ਤਿਉਹਾਰ ਆਉਣ ’ਤੇ ਬਾਜ਼ਾਰਾਂ ’ਚ ਪਤੰਗਾਂ, ਮੂੰਗਫਲੀ, ਖਜੂਰਾਂ ਤੇ ਗਰਮ ਰੈਡੀਮੇਡ ਕੱਪੜਿਆਂ ਆਦਿ ਦੇ ਵਪਾਰੀਆਂ ਵੱਲੋਂ ਦੁਕਾਨਾਂ ਸਜਾ ਲਈਆਂ ਗਈਆਂ ਹਨ, ਜੋ ਆਪਣੇ ਗਾਹਕਾਂ ਦੇ ਇੰਤਜ਼ਾਰ ’ਚ ਆਸ ਲਾਈ ਬੈਠੇ ਹਨ। ਇਸ ਵਾਰ ਜ਼ੋਰਦਾਰ ਠੰਡ, ਮਹਿੰਗਾਈ ਅਤੇ ਕੋਰੋਨਾ ਦੀ ਤੀਸਰੀ ਲਹਿਰ ਦੇ ਸ਼ੁਰੂ ਹੋਣ ਕਾਰਨ ਲੋਹੜੀ ਦਾ ਤਿਉਹਾਰ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਓਧਰ ਪਤੰਗ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਕਾਗਜ਼ ਅਤੇ ਧਾਗੇ ਦੀਆਂ ਕੀਮਤਾਂ ’ਚ ਜ਼ਿਆਦਾ ਵਾਧਾ ਹੋਣ ਦੇ ਬਾਵਜੂਦ ਪਤੰਗਬਾਜ਼ੀ ਕਰਨ ਵਾਲਿਆਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਰਸਾਤ ਅਤੇ ਧੁੰਦ ਕਾਰਨ ਸੂਰਜ ਦੇਵਤਾ ਦੇ ਨਾਂ ਨਿਕਲਣ ਤੋਂ ਪ੍ਰੇਸ਼ਾਨ ਬੱਚਿਆਂ ’ਚ ਕਾਫ਼ੀ ਮਾਯੂਸੀ ਵੇਖਣ ਨੂੰ ਮਿਲ ਰਹੀ ਹੈ।

ਮਹਿੰਗਾਈ ਨੇ ਬਾਜ਼ਾਰਾਂ ’ਚ ਪਾਈ ਮੰਦੀ
ਥੋਕ ਮੂੰਗਫਲੀ ਵਿਕ੍ਰੇਤਾ ਨੇ ਦੱਸਿਆ ਕਿ ਮਹਿੰਗਾਈ ਕਾਰਨ ਇਸ ਵਾਰ ਲੋਹੜੀ ਦਾ ਤਿਉਹਾਰ ਫਿੱਕਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਬਾਜ਼ਾਰਾਂ ’ਚ ਮੂੰਗਫਲੀ ਅਤੇ ਹੋਰ ਖਾਣ-ਪੀਣ ਵਾਲੇ ਸਾਮਾਨ ਦੀ ਖਰੀਦ ਘੱਟ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੂੰਗਫਲੀ, ਚਿੜਵੜੇ, ਖਜੂਰ, ਗੱਚਕ ਦੇ ਰੇਟਾਂ ’ਚ ਪਿਛਲੇ ਸਾਲ ਬਦਲੇ ਕਾਫ਼ੇ ਜ਼ਿਆਦਾ ਉਛਾਲ ਆਇਆ ਹੈ, ਜਿਸ ਕਾਰਨ ਬਾਜ਼ਾਰਾਂ ’ਚ ਗਾਹਕ ਨਜ਼ਰ ਨਹੀਂ ਆ ਰਿਹਾ।

ਪਤੰਗਾਂ ’ਤੇ ਵੀ ਪਿਆ ਮਹਿੰਗਾਈ ਦਾ ਅਸਰ
ਹਰ ਸਾਲ ਲੋਹੜੀ ਦੇ ਤਿਉਹਾਰ ਮੌਕੇ ਖ਼ਾਸ ਕਰਕੇ ਪਤੰਗਬਾਜ਼ਾਂ ਵੱਲੋਂ ਪਤੰਗਾਂ ਨੂੰ ਖੁੱਲ੍ਹੇ ਆਸਮਾਨ ’ਚ ਸ਼ੌਕ ਨਾਲ ਉਡਾਇਆ ਜਾਂਦਾ ਹੈ। ਮਹਿੰਗਾਈ ਜ਼ਿਆਦਾ ਹੋਣ ਕਾਰਨ ਪਤੰਗਾਂ ਦੇ ਸ਼ੌਕੀਨਾਂ ਨੂੰ ਇਸ ਦੀ ਮਾਰ ਚੱਲਣੀ ਪੈ ਰਹੀ ਹੈ, ਜਿਸ ਕਾਰਨ ਉਹ ਇਸ ਤੋਂ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ। ਮਹਿੰਗਾਈ ਦੇ ਬਾਵਜੂਦ ਬੱਚਿਆਂ ’ਚ ਪਤੰਗਬਾਜ਼ੀ ਦਾ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪਤੰਗ ਵਪਾਰੀ ਪ੍ਰਵੀਨ ਚੋਪੜਾ ਨੇ ਦੱਸਿਆ ਕਿ ਇਸ ਸਾਲ ਮਹਿੰਗਾਈ ਜ਼ਿਆਦਾ ਹੋਣ ਕਾਰਨ ਲੋਕਾਂ ’ਚ ਪਤੰਗ ਦਾ ਸ਼ੌਕ ਘੱਟ ਨਜ਼ਰ ਆ ਰਿਹਾ ਹੈ, ਕਿਉਂਕਿ ਪਤੰਗ ਨੂੰ ਤਿਆਰ ਕਰਨ ਲਈ ਵਰਤੇ ਜਾਂਦੇ ਕਾਗਜ਼ ਦੀ ਕੀਮਤ ’ਚ ਕਾਫ਼ੀ ਜ਼ਿਆਦਾ ਵਾਧਾ ਹੋਣ ਨਾਲ ਪਤੰਗਾਂ ਦੀ ਕੀਮਤ ਪਹਿਲਾਂ ਨਾਲੋਂ 20 ਫੀਸਦੀ ਤੱਕ ਵੱਧ ਗਈ ਹੈ।

ਨਵੇਂ ਸਾਲ ਅਤੇ ਵਿਦੇਸ਼ਾਂ ਵਾਲੀਆਂ ਉਡਣਗੀਆਂ ਜ਼ਿਲ੍ਹੇ ’ਚ ਪਤੰਗਾਂ
ਜ਼ਿਲ੍ਹੇ ’ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਸ਼ਹਿਰ ਤੋਂ ਤਿਆਰ ਕੀਤੀਆਂ ਨਵੀਂ ਕਿਸਮ ਦੀਆਂ ਪਤੰਗਾਂ ਉਡਣ ਲਈ ਤਿਆਰ ਹਨ, ਜਿਨ੍ਹਾਂ ਦੀ ਵਿਕਰੀ ਸਬੰਧੀ ਦੁਕਾਨਾਂ ਸਜ ਚੁੱਕੀਆਂ ਹਨ। ਅੱਜਕਲ ਬਾਜ਼ਾਰ ’ਚ ਭਾਰਤ, ਕੈਨੇਡਾ ਦੇ ਝੰਡੇ ਵਾਲੀਆਂ ਪਤੰਗਾਂ ਨੂੰ ਨੌਜਵਾਨਾਂ ਵੱਲੋਂ ਉਡਾਉਣ ਦਾ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹੈਪੀ ਲੋਹੜੀ, ਸਿੱਧੂ, ਆਈ ਲਵ ਇੰਡੀਆ, ਗੋ ਕੋਰੋਨਾ ਅਤੇ ਨਵੇਂ ਸਾਲ ਦਾ ਸੰਦੇਸ਼ ਵਾਲੀਆਂ ਪਤੰਗਾਂ ਬਾਜ਼ਾਰ ’ਚ ਨਜ਼ਰ ਆ ਰਹੀਆਂ ਹਨ। ਇਹ ਪਤੰਗਾਂ 5 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਕੀਮਤ ਨਾਲ ਬਾਜ਼ਾਰ ’ਚ ਵਿਕਣ ਲਈ ਮੌਜੂਦ ਹਨ, ਜਿਨ੍ਹਾਂ ਦੀ ਉਚਾਈ 10 ਫੁੱਟ ਤੱਕ ਮੰਨੀ ਜਾ ਸਕਦੀ ਹੈ। ਇਸ ਤੋਂ ਇਲਾਵਾ ਘਰਾਂ ਵਿਚ ਸਜਾਵਟ ਦੇ ਤੌਰ ’ਤੇ ਰੱਖਣ ਲਈ 4 ਇੰਚ ਤੱਕ ਦੀਆਂ ਰੰਗ ਬਿਰੰਗੀਆਂ ਪਤੰਗਾਂ ਵੀ ਆ ਚੁੱਕੀਆਂ ਹਨ। ਪ੍ਰਸ਼ਾਸਨ ਵੱਲੋ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਏ ਜਾਣ ਦੇ ਬਾਵਜੂਦ ਇਸ ਦੀ ਵਿਕਰੀ ਜ਼ੋਰਾਂ ਨਾਲ ਹੋ ਰਹੀ ਹੈ, ਜੋ ਇਨਸਾਨ ਅਤੇ ਪੰਛੀਆਂ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ।


author

rajwinder kaur

Content Editor

Related News