ਕੋਰੋਨਾ ਕਾਰਣ ਸਮਾਣਾ ਵਿਚ ਤੀਜੀ ਮੌਤ
Friday, Jul 17, 2020 - 05:50 PM (IST)
ਸਮਾਣਾ (ਦਰਦ) : ਤੇਜ ਕਲੋਨੀ, ਸਮਾਣਾ ਨਿਵਾਸੀ ਕੋਰੋਨਾ ਪਾਜ਼ੇਟਿਵ 60 ਸਾਲਾ ਵਿਅਕਤੀ ਨਾਰਾਇਣ ਦਾਸ ਦੀ ਬੀਤੀ ਰਾਤ ਮੌਤ ਹੋ ਗਈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਸ਼ੁੱਕਰਵਾਰ ਸਵੇਰੇ ਸਥਾਨਕ ਸ਼ਮਸ਼ਾਨਘਾਟ ਵਿਚ ਮ੍ਰਿਤਕ ਦਾ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ। ਐੱਸ.ਐੱਮ.ਓ. ਡਾ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਤੇਜ ਕਲੋਨੀ ਨਿਵਾਸੀ ਇਕ ਗਰਭਵਤੀ ਔਰਤ ਦਾ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪ੍ਰੀਵਾਰਕ ਮੈਂਬਰਾਂ ਦੇ ਕਰਵਾਏ ਟੈਸਟਾਂ ਵਿਚ 11 ਵਿਚੋਂ 10 ਪਾਜ਼ੇਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਿਚ ਹੀ ਆਈਸੋਲੇਟ ਕਰਕੇ ਕਲੋਨੀ ਨੂੰ ਕੰਟੇਨਮੈਂਟ ਐਲਾਨ ਦਿੱਤਾ ਗਿਆ। ਉਸੇ ਪ੍ਰੀਵਾਰ ਦਾ ਮੈਂਬਰ ਮ੍ਰਿਤਕ ਨਾਰਾਇਣ ਦਾਸ ਡਾਇਬਿਟੀਜ਼ ਦਾ ਮਰੀਜ਼ ਸੀ ਅਤੇ ਤਿੰਨ ਦਿਨ ਪਹਿਲਾਂ ਸਾਹ ਦੀ ਤਕਲੀਫ ਹੋਣ ਕਰਕੇ ਉਸ ਨੂੰ ਇਲਾਜ ਲਈ ਪਟਿਆਲਾ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ।
ਸਮਾਣਾ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਇਸ ਨੂੰ ਤੀਜੀ ਮੌਤ ਦੱਸਦਿਆ ਐੱਸ.ਐੱਮ.ਓ. ਨੇ ਦੱਸਿਆ ਕਿ ਵੀਰਵਾਰ ਰਾਤ 6 ਵਿਅਕਤੀਆਂ ਦੇ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਪਾਏ ਜਾਣ ਤੇ ਸ਼ਹਿਰ ਵਿਚ ਗਿਣਤੀ ਵੱਧ ਕੇ 96 ਹੋ ਗਈ ਹੈ। ਐਲਾਨੇ ਪਾਜ਼ੇਟਿਵ ਵਿਅਕਤੀਆਂ ਵਿਚ ਇਕ ਸਾਬਕਾ ਕੌਸਲਰ ਸਣੇ ਅਮਰਨਾਥ ਯਾਤਰਾ ਲਈ ਲੰਗਰ ਲਗਾਉਣ ਲਈ ਜਾਣ ਵਾਲੇ ਤਿੰਨ ਮੈਂਬਰ ਵੀ ਸ਼ਾਮਿਲ ਹਨ। ਡਾ. ਸਿੰਘ ਨੇ ਆਪਣੇ ਬਚਾਅ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।