ਪੰਜਾਬ ''ਚ ''ਕੋਰੋਨਾ'' ਦੀ ਦੂਜੀ ਲਹਿਰ ਦਾ ਡਰ, ਘਾਤਕ ਸਾਬਿਤ ਹੋ ਰਿਹੈ ''ਡੇਂਗੂ''
Thursday, Oct 08, 2020 - 11:01 AM (IST)
ਲੁਧਿਆਣਾ (ਸਹਿਗਲ) : ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਭਾਵੇਂ ਕੋਰੋਨਾ ਵਾਇਰਸ ਦੇ ਕੇਸਾਂ 'ਚ ਕਾਫੀ ਕਮੀ ਆ ਰਹੀ ਹੈ ਪਰ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੀ ਦੂਜੀ ਲਹਿਰ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ। ਇਸ ਤੋਂ ਇਲਾਵਾ ਡੇਂਗੂ ਦਾ ਦਿਨੋਂ-ਦਿਨ ਵੱਧ ਰਿਹਾ ਕਹਿਰ ਵੀ ਚਿੰਤਾ ਦਾ ਵਿਸ਼ਾ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਲੋਕਾਂ ਨੂੰ ਅਜੇ ਕਾਫੀ ਸਮਾਂ ਕੋਰੋਨਾ ਤੋਂ ਬਚਾਅ ਲਈ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ ਜਿਵੇਂ ਕਿ ਘਰੋਂ ਬਾਹਰ ਨਿਕਲਣ ’ਤੇ ਮਾਸਕ ਪਹਿਨਣਾ, 2 ਗਜ਼ ਦੀ ਸਮਾਜਿਕ ਦੂਰੀ ਰੱਖਣ ਅਤੇ ਸਮੇਂ-ਸਮੇਂ ’ਤੇ ਹੱਥ ਧੋਣ ਦੀ ਯਾਦ ਅਜੇ ਬਰਕਰਾਰ ਰੱਖਣੀ ਹੋਵੇਗੀ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਫੇਸਬੁੱਕ ਦੇ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਕੋਰੋਨਾ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਪਰ ਦੂਜੀ ਲਹਿਰ ਤੋਂ ਬਚਾਅ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੱਛਮੀ ਦੇਸ਼ ਅਮਰੀਕਾ, ਫਰਾਂਸ, ਸਪੇਨ ’ਚ ਕੋਰੋਨਾ ਦੀ ਦੂਜੀ ਲਹਿਰ ਦੀ ਦਸਤਕ ਸਾਹਮਣੇ ਆਈ ਹੈ। ਇਸ ਲਈ ਲੋਕਾਂ ਨੂੰ ਲਾਪਰਵਾਹ ਹੋਣ ਦੀ ਬਜਾਏ ਕੋਰੋਨਾ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੇ ਕੇਸ ਘੱਟ ਹੋਏ ਹਨ ਤਾਂ ਫਿਰ ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਦੂਜੀ ਲਹਿਰ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ 'ਸੁਖਦੇਵ ਢੀਂਡਸਾ' ਨੇ ਕੀਤਾ ਵੱਡਾ ਐਲਾਨ
ਪਿਛਲੇ 24 ਘੰਟਿਆਂ ਦੌਰਾਨ 33 ਮਰੀਜ਼ਾਂ ਦੀ ਮੌਤ
ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 33 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 852 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਮੁਤਾਬਕ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਕਮੀ ਆ ਰਹੀ ਹੈ ਪਰ ਕੋਰੋਨਾ ਦੀ ਦੂਜੀ ਲਹਿਰ ਤੋ ਸਾਵਧਾਨ ਰਹਿਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਹੁਣ ਤੱਕ 1,20,860 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 3712 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ 253 ਮਰੀਜ਼ ਆਕਸੀਜ਼ਨ ਸਪੋਰਟ ’ਤੇ ਹਨ, ਜਦੋਂ ਕਿ 54 ਵੈਂਟੀਲੇਟਰ ’ਤੇ, ਜਿਨ੍ਹਾਂ ਜ਼ਿਲ੍ਹਿਆਂ 'ਚ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ 'ਚ ਲੁਧਿਆਣਾ 'ਚ 6, ਬਠਿੰਡਾ 'ਚ 5, ਜਲੰਧਰ 'ਚ 5, ਅੰਮ੍ਰਿਤਸਰ 'ਚ 3, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਮੁਕਤਸਰ, ਪਠਾਨਕੋਟ ਅਤੇ ਰੋਪੜ 'ਚ 2-2 ਮਰੀਜ਼ਾਂ ਤੋਂ ਇਲਾਵਾ ਫਾਜ਼ਿਲਕਾ, ਕਪੂਰਥਲਾ, ਐੱਸ. ਬੀ. ਐੱਸ. ਨਗਰ ਅਤੇ ਸੰਗਰੂਰ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਸੂਬੇ 'ਚ ਬੀਤੇ ਦਿਨ 29216 ਸ਼ੱਕੀ ਮਰੀਜ਼ਾਂ ਦੇ ਨਮੂਨੇ ਜਾਂਚ ਲਈ ਲੈਬ ’ਚ ਭੇਜੇ ਗਏ ਹਨ।
2 ਦਿਨਾਂ 'ਚ ਡੇਂਗੂ ਦੇ 80 ਤੋਂ ਜ਼ਿਆਦਾ ਕੇਸ
ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਲੁਧਿਆਣਾ ਜ਼ਿਲ੍ਹੇ ’ਚ ਵੀ ਡੇਂਗੂ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। 2 ਦਿਨਾਂ 'ਚ 80 ਤੋਂ ਜ਼ਿਆਦਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਡੇਂਗੂ ਦਾ ਮੱਛਰ ਬੱਚਿਆਂ ਲਈ ਘਾਤਕ ਸਿੱਧ ਹੋ ਰਿਹਾ ਹੈ। ਅਜਿਹੇ ਕਈ ਮਰੀਜ਼ ਹਸਪਤਾਲਾਂ 'ਚ ਦਾਖ਼ਲ ਹਨ, ਜਿਨ੍ਹਾਂ ਦੀ ਉਮਰ ਕੁਝ ਦਿਨਾ ਤੋਂ ਲੈ ਕੇ 12 ਸਾਲ ਤੱਕ ਹੈ। ਉਦਾਹਰਣ ਵਜੋਂ ਬਸਤੀ ਜੋਧੇਵਾਲ ਦੀ ਰਹਿਣ ਵਾਲੀ ਇਕ ਬੱਚੀ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਹੋਈ ਹੈ, ਜਿਸ ਦੀ ਉਮਰ ਕੁਝ ਦਿਨ ਦੀ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਚੱਕਰਵਿਊ 'ਚ ਬੁਰੇ ਫਸੇ 'ਨਵਜੋਤ ਸਿੱਧੂ', ਰਾਹੁਲ ਦੀ ਯਾਤਰਾ ਤੋਂ ਹੋਣਾ ਪਿਆ ਆਊਟ
ਇਸ ਤੋਂ ਇਲਾਵਾ ਸਮਰਾਲਾ ਰੋਡ ਦੀ ਰਹਿਣ ਵਾਲੀ 6 ਸਾਲਾ ਬੱਚੀ, ਪ੍ਰਭਾਤ ਨਗਰ ਦੀ ਰਹਿਣ ਵਾਲੀ 9 ਸਾਲਾ ਬੱਚੀ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਹੋਈ ਹੈ, ਜਿਸ ਦੀ ਰਿਪੋਰਟ ਡੇਂਗੂ ਪਾਜ਼ੇਟਿਵ ਆਈ ਹੈ। ਬੀਤੇ ਦਿਨ ਵੀ ਅਜਿਹੇ ਕੁਝ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ 10 ਸਾਲਾ ਮੁੰਡਾ ਸ਼ਿੰਗਾਰ ਰੋਡ ਦਾ ਰਹਿਣ ਵਾਲਾ ਹੈ, ਇਸ ਤੋਂ ਇਲਾਵਾ 12 ਸਾਲਾ ਮੁੰਡਾ ਬਸਤੀ ਜੋਧੇਵਾਲ, 12 ਸਾਲਾ ਕੁੜੀ ਅਮਰਪੁਰਾ ਦੀ ਰਹਿਣ ਵਾਲੀ ਹੈ। ਤਿੰਨੋਂ ਮਰੀਜ਼ ਸੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਹੋਏ ਹਨ। ਇਸ ਤੋਂ ਇਲਾਵਾ 4 ਮਹੀਨੇ ਦੀ ਇਕ ਬੱਚੀ ਜੋ ਸੁਭਾਸ਼ ਨਗਰ ਦੀ ਰਹਿਣ ਵਾਲੀ ਹੈ, ਸੀ. ਐੱਮ. ਸੀ. ਹਸਪਤਾਲ 'ਚ ਇਲਾਜ ਲਈ ਦਾਖ਼ਲ ਹੋਈ ਹੈ। ਕਈ ਹੋਰ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਕੂਮ ਕਲਾਂ ਦਾ ਰਹਿਣ ਵਾਲਾ 7 ਸਾਲਾ ਮੁੰਡਾ ਅਤੇ 2 ਸਾਲਾ ਅਤੇ 6 ਸਾਲਾ ਮੁੰਡਾ ਡੇਂਗੂ ਪਾਜ਼ੇਟਿਵ ਆਇਆ ਹੈ।
ਪਿਛਲੇ 2 ਦਿਨ 'ਚ 30 ਤੋਂ ਜ਼ਿਆਦਾ ਮਰੀਜ਼ ਸੀ. ਐੱਮ. ਸੀ. ਹਸਪਤਾਲ, 8 ਮਰੀਜ਼ ਸਿਵਲ ਅਤੇ 44 ਮਰੀਜ਼ ਹਸਪਤਾਲ 'ਚ ਦਾਖ਼ਲ ਹੋਏ ਹਨ। ਸਿਹਤ ਮਹਿਕਮੇ ਵੱਲੋਂ ਡੇਂਗੂ ਦੇ ਕਹਿਰ ਨੂੰ ਰੋਕਣ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ। ਹਾਲਾਂਕਿ ਜ਼ਿਲ੍ਹੇ 'ਚ ਕੋਰੋਨਾ ਦੇ ਕੇਸ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਏ ਹਨ ਪਰ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਡੇਂਗੂ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਦੇ ਲਈ ਕਾਬਲ ਅਧਿਕਾਰੀਆਂ ਦੀ ਟੀਮ ਤਾਇਨਾਤ ਕਰਨ ਦੀ ਲੋੜ ਹੈ ਜਾਂ ਜ਼ਿਲ੍ਹੇ 'ਚ ਡੇਂਗੂ ਦਾ ਮੱਛਰ ਕਾਫੀ ਭਿਆਨਕ ਸਿੱਧ ਹੋ ਸਕਦਾ ਹੈ।