ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਪਾਣੀ ਤੇ ਬਿਜਲੀ ਦਾ ਬਿੱਲ ਭਰਨ ਲਈ ਦੇਣੀ ਪਵੇਗੀ ਫ਼ੀਸ

Monday, Feb 06, 2023 - 11:09 AM (IST)

ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਪਾਣੀ ਤੇ ਬਿਜਲੀ ਦਾ ਬਿੱਲ ਭਰਨ ਲਈ ਦੇਣੀ ਪਵੇਗੀ ਫ਼ੀਸ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ 18 ਸਾਲਾਂ ਬਾਅਦ ਸ਼ਹਿਰ ਦੇ ਸਾਰੇ ਸੰਪਰਕ ਕੇਂਦਰਾਂ ਦੀਆਂ 9 ਸੇਵਾਵਾਂ ’ਤੇ ਸੋਮਵਾਰ ਤੋਂ ਸੁਵਿਧਾ ਫ਼ੀਸ ਲਾਉਣ ਦਾ ਫ਼ੈਸਲਾ ਲਿਆ ਹੈ। ਪਹਿਲਾਂ ਇਨ੍ਹਾਂ ਸੇਵਾਵਾਂ ਦਾ ਲਾਭ ਸ਼ਹਿਰ ਵਾਸੀ ਮੁਫ਼ਤ ਲੈ ਰਹੇ ਸਨ। ਪਾਣੀ ਅਤੇ ਬਿਜਲੀ ਦਾ ਬਿੱਲ ਭਰਨ ਲਈ ਹੁਣ ਸ਼ਹਿਰ ਵਾਸੀਆਂ ਨੂੰ ਸੰਪਰਕ ਕੇਂਦਰ ’ਤੇ ਸੁਵਿਧਾ ਫ਼ੀਸ ਦੇਣੀ ਪਵੇਗੀ। ਪ੍ਰਸ਼ਾਸਨ ਅਨੁਸਾਰ ਬਿਜਲੀ ਦਾ ਬਿੱਲ ਭਰਨ ਲਈ ਆਫ਼ਲਾਈਨ 20 ਅਤੇ ਆਨਲਾਈਨ 10 ਰੁਪਏ ਫ਼ੀਸ ਲੱਗੇਗੀ। ਇਸੇ ਤਰ੍ਹਾਂ ਪਾਣੀ ਦੇ ਬਿੱਲ ਲਈ ਆਫ਼ਲਾਈਨ 10 ਅਤੇ ਆਨਲਾਈਨ 5 ਰੁਪਏ ਫ਼ੀਸ ਦੇਣੀ ਪਵੇਗੀ। ਇਸ ਤੋਂ ਪਹਿਲਾਂ ਕੁੱਲ 18 ਸੇਵਾਵਾਂ ’ਤੇ ਸੁਵਿਧਾ ਫ਼ੀਸ ਲਾਉਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਹੁਣ ਘੱਟ ਸੇਵਾਵਾਂ ’ਤੇ ਹੀ ਸੁਵਿਧਾ ਫ਼ੀਸ ਲਾਈ ਜਾ ਰਹੀ ਹੈ ਅਤੇ ਆਨਲਾਈਨ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ 50 ਫ਼ੀਸਦੀ ਰਿਬੇਟ ਦੇਣ ਦਾ ਫ਼ੈਸਲਾ ਲਿਆ ਗਿਆ। ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਇਸ ਸਬੰਧੀ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ 'ਤੇ ਪੁੱਜ ਰਹੇ ਜਹਾਜ਼ਾਂ 'ਚ ਘੁੰਮਣ ਵਾਲੇ, ਸੱਚ ਜਾਣ ਅਧਿਕਾਰੀ ਵੀ ਹੈਰਾਨ-ਪਰੇਸ਼ਾਨ

ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ 20 ਸੇਵਾਵਾਂ ਲਈ ਕੋਈ ਸੁਵਿਧਾ ਫ਼ੀਸ ਨਹੀਂ ਲਈ ਜਾਵੇਗੀ ਅਤੇ ਵਰਤਮਾਨ 'ਚ ਸੰਪਰਕ ਕੇਂਦਰਾਂ ਵਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਕੁੱਲ ਸੇਵਾਵਾਂ ਵਿਚੋਂ 28 ਸੇਵਾਵਾਂ ਲਈ ਸੁਵਿਧਾ ਫ਼ੀਸ ਨਹੀਂ ਵਧਾਈ ਜਾਵੇਗੀ ਕਿਉਂਕਿ ਸਮਾਜ ਦੇ ਲੋੜਵੰਦ ਵਰਗਾਂ ਵਲੋਂ ਇਨ੍ਹਾਂ ਸੇਵਾਵਾਂ ਦਾ ਲਾਭ ਚੁੱਕਿਆ ਜਾਂਦਾ ਹੈ। ਸੇਵਾਵਾਂ 'ਚ ਐੱਸ. ਸੀ. ਸਰਟੀਫਿਕੇਟ, ਹੋਰ ਬੀ. ਸੀ. ਸਰਟੀਫਿਕੇਟ ਸੇਵਾਵਾਂ, ਕਾਨੂੰਨੀ ਵਾਰਸ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਜਨਮ ਅਤੇ ਮੌਤ ਸਰਟੀਫਿਕੇਟ, ਯੂ. ਡੀ. ਆਈ. ਡੀ. ਵਿਕਲਾਂਗਤਾ ਕਾਰਡ, ਕਿਰਾਏਦਾਰ ਅਤੇ ਨੌਕਰ ਵੈਰੀਫਿਕੇਸ਼ਨ ਆਦਿ ਸ਼ਾਮਲ ਹਨ। ਪ੍ਰਸ਼ਾਸਨ ਅਨੁਸਾਰ ਸੰਪਰਕ ਕੇਂਦਰ 20 ਸਾਲਾਂ ਤੋਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਨ ਲਈ ਵਨ ਸਟਾਪ ਸਾਲਿਊਸ਼ਨ ਪ੍ਰਤੀ ਕੰਮ ਕਰ ਰਿਹਾ ਹੈ, ਜਿਸ 'ਚ ਸੰਪਰਕ ਕੇਂਦਰਾਂ ਦੀ ਗਿਣਤੀ 4 ਤੋਂ ਵੱਧ ਕੇ 45 ਹੋ ਗਈ ਹੈ। ਮੈਨਪਾਵਰ, ਹਾਰਡਵੇਅਰ ਤੇ ਸਾਫਟਵੇਅਰ ਅਤੇ ਹੋਰ ਸਾਂਭ-ਸੰਭਾਲ ’ਤੇ ਖ਼ਰਚ ਵੀ ਵੱਧਦਾ ਜਾ ਰਿਹਾ ਹੈ। ਇਸ ਤਰ੍ਹਾਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਫਲਾਈਨ ਅਤੇ ਆਨਲਾਈਨ ਦੋਵੇਂ ਮੋਡ 'ਚ ਸਿਰਫ 9 ਸੇਵਾਵਾਂ ’ਤੇ ਮਾਮੂਲੀ ਸੁਵਿਧਾ ਫ਼ੀਸ ਲਾਈ ਜਾਵੇਗੀ ਅਤੇ ਆਨਲਾਈਨ ਮੋਡ ’ਤੇ 50 ਫ਼ੀਸਦੀ ਰਿਬੇਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਜਲੰਧਰ ਦੌਰੇ 'ਤੇ, ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ

ਦੱਸਣਯੋਗ ਹੈ ਕਿ ਵਿਭਾਗ ਨੇ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਸੀ, ਜਿਸ ਅਨੁਸਾਰ ਸੁਵਿਧਾ ਫ਼ੀਸ ਪਹਿਲਾਂ ਆਈ. ਟੀ. ਵਿਭਾਗ ਵਲੋਂ ਸਪੋਰਟ ਕੀਤੀ ਜਾਂਦੀ ਸੀ ਪਰ ਉਹ ਹੁਣ ਲੋਕਾਂ ਤੋਂ ਲੈਣ ਦਾ ਫ਼ੈਸਲਾ ਲਿਆ ਗਿਆ। ਸਬੰਧਿਤ ਵਿਭਾਗਾਂ ’ਤੇ ਵੀ ਫ਼ੀਸ ਲਾਉਣ ਦੀ ਗੱਲ ਕਹੀ ਗਈ ਸੀ ਪਰ ਉਸ ’ਤੇ ਸਹਿਮਤੀ ਨਹੀਂ ਬਣ ਸਕੀ ਸੀ। ਜਿਹੜੇ ਵਿਭਾਗਾਂ ਦੀਆਂ ਸੇਵਾਵਾਂ ਲਈ ਸੁਵਿਧਾ ਫ਼ੀਸ ਲਾਈ ਗਈ ਹੈ, ਉਨ੍ਹਾਂ ਵਿਚ ਨਗਰ ਨਿਗਮ ਅਤੇ ਇੰਜੀਨੀਅਰਿੰਗ ਵਿਭਾਗ ਆਦਿ ਸ਼ਾਮਲ ਹੈ। ਹੁਣ ਤੱਕ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਸੰਪਰਕ ਕੇਂਦਰ ਜਾਣਾ ਪੈਂਦਾ ਸੀ ਪਰ ਹੁਣ ਸੰਪਰਕ ਕੇਂਦਰ ਲੋਕਾਂ ਦੇ ਘਰਾਂ ਤੱਕ ਜਾਵੇਗਾ। ਆਈ. ਟੀ. ਵਿਭਾਗ ਦੀ ਡੋਰ ਸਟੈੱਪ ਡਲਿਵਰੀ ਸੇਵਾ ਵੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਘਰੋਂ ਸੇਵਾਵਾਂ ਦਾ ਲਾਭ ਚੁੱਕਣ ਲਈ ਲੋਕਾਂ ਨੂੰ ਪ੍ਰਤੀ ਸੇਵਾ ਲਈ 200 ਰੁਪਏ (ਕਰ ਸਮੇਤ) ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਜੇਕਰ ਹੋਰ ਸੇਵਾ ਦਾ ਵੀ ਲੋਕ ਲਾਭ ਲੈਣਾ ਚਾਹੁੰਦੇ ਹਨ ਤਾਂ ਉਸ ਲਈ 100 ਰੁਪਏ (ਕਰ ਸਮੇਤ) ਵਾਧੂ ਦੇਣੇ ਪਣਗੇ। ਇਸ ਵਿਚ ਹੋਰ ਫ਼ੀਸ ਸ਼ਾਮਲ ਨਹੀਂ ਹੈ। ਸੰਪਰਕ ਵੈੱਬਸਾਈਟ/ਸੰਪਰਕ ਟੋਲ ਫਰੀ ਨੰਬਰ 1800-180-1725/ਸੰਪਰਕ ਐਪ ਰਾਹੀਂ ਸੇਵਾ ਬੁੱਕ ਕੀਤੀ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News