ਸ਼ਹੀਦ ਭਗਤ ਸਿੰਘ ਦੇ ਨਵੇਂ ਲਾਏ ਬੁੱਤ ਦਾ ਵਿਵਾਦ ਭਖਿਆ, ਮਨੋਰੰਜਨ ਕਾਲੀਆ ਨੇ ਕੈਪਟਨ ਤੋਂ ਕੀਤੀ ਕਾਰਵਾਈ ਦੀ ਮੰਗ

Thursday, Mar 25, 2021 - 06:02 PM (IST)

ਸ਼ਹੀਦ ਭਗਤ ਸਿੰਘ ਦੇ ਨਵੇਂ ਲਾਏ ਬੁੱਤ ਦਾ ਵਿਵਾਦ ਭਖਿਆ, ਮਨੋਰੰਜਨ ਕਾਲੀਆ ਨੇ ਕੈਪਟਨ ਤੋਂ ਕੀਤੀ ਕਾਰਵਾਈ ਦੀ ਮੰਗ

ਜਲੰਧਰ (ਗੁਲਸ਼ਨ) : ਇੱਥੋਂ ਦੇ ਭਗਤ ਸਿੰਘ ਚੌਕ ’ਚ ਕਈ ਦਹਾਕਿਆਂ ਮਗਰੋਂ ਸ਼ਹੀਦ ਭਗਤ ਸਿੰਘ ਦੇ ਨਵੇਂ ਲਾਏ ਗਏ ਬੁੱਤ ਬਾਰੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਸਥਾਨਕ ਭਗਤ ਸਿੰਘ ਚੌਕ ਦੇ ਸੁੰਦਰੀਕਰਨ ਦੇ ਨਾਂ ’ਤੇ ਸ਼ਹੀਦ ਭਗਤ ਸਿੰਘ ਦੇ ਨਵੇਂ ਲਗਾਏ ਬੁੱਤ ’ਤੇ ਇਤਰਾਜ਼ ਜਤਾਉਂਦਿਆਂ ਜਾਂਚ ਦੀ ਮੰਗ ਕੀਤੀ ਹੈ। ਪੱਤਰ ’ਚ ਮਨੋਰੰਜਨ ਕਾਲੀਆ ਨੇ ਲਿਖਿਆ ਕਿ ਨਗਰ ਨਿਗਮ ਜਲੰਧਰ ਨੇ ਸ਼ਹੀਦ ਭਗਤ ਸਿੰਘ ਚੌਕ ’ਚ ਪਹਿਲਾਂ ਲੱਗੇ ਹੋਏ ਬੁੱਤ ਨੂੰ ਬਦਲ ਕੇ 5 ਫੁੱਟ ਉੱਚਾ ਨਵਾਂ ਬੁੱਤ ਲਗਾ ਦਿੱਤਾ ਹੈ ਪਰ ਇਹ ਬੁੱਤ ਸ਼ਹੀਦ ਭਗਤ ਸਿੰਘ ਦੀ ਪ੍ਰਮਾਣਿਤ ਤਸਵੀਰ ਨਾਲ ਮੇਲ ਨਹੀਂ ਖਾਂਦਾ। ਇਹ ਬੁੱਤ ਸਿਰਫ਼ 11 ਇੰਚ ਪੈਡਸਟਲ ’ਤੇ ਲਗਾਇਆ ਗਿਆ ਹੈ। ਜਦੋਂ ਵੀ ਕੋਈ ਵਿਅਕਤੀ ਪ੍ਰਣਾਮ ਕਰਨ ਲਈ ਬੁੱਤ ਨੇੜੇ ਆਉਂਦਾ ਹੈ ਤਾਂ ਵਿਅਕਤੀ ਦੇ ਮੁਕਾਬਲੇ ’ਚ ਸ਼ਹੀਦ ਦਾ ਬੁੱਤ ਛੋਟਾ ਦਿਖਾਈ ਦਿੰਦਾ ਹੈ। ਸ਼ਹੀਦ ਭਗਤ ਸਿੰਘ ਦਾ ਨਾਂ ਵੀ ਪ੍ਰਮੁੱਖਤਾ ਨਾਲ ਕਿਤੇ ਨਹੀਂ ਲਿਖਿਆ ਗਿਆ। ਉਦਘਾਟਨੀ ਪਲੇਟ ’ਤੇ ਬਹੁਤ ਛੋਟੇ ਅੱਖਰਾਂ ਨਾਲ ਸ਼ਹੀਦ ਭਗਤ ਸਿੰਘ ਚੌਕ ਲਿਖਿਆ ਗਿਆ ਹੈ, ਜਦਕਿ ਉਦਘਾਟਨ ਕਰਨ ਵਾਲੇ ਨੇਤਾਵਾਂ ਦੇ ਨਾਂ ਕਾਫੀ ਵੱਡੇ ਲਿਖੇ ਹੋਏ ਹਨ। ਕਾਲੀਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਬਣਾਉਣ ਅਤੇ ਲਗਾਉਣ ਵਿਚ ਪੂਰੀ ਤਰ੍ਹਾਂ ਲਾਪ੍ਰਵਾਹੀ ਵਰਤੀ ਗਈ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਖਿਲਚੀਆਂ ਨੇੜੇ ਭਿਆਨਕ ਟੱਕਰ ’ਚ ਮੱਝਾਂ ਨਾਲ ਭਰਿਆ ਟਰੱਕ ਪਲਟਿਆ, ਤੜਫ਼-ਤੜਫ਼ ਮਰੀਆਂ 20 ਮੱਝਾਂ 

PunjabKesari

ਇਹ ਵੀ ਪੜ੍ਹੋ : ਓਲੰਪਿਕ ਖੇਡਾਂ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

ਮਨੋਰੰਜਨ ਕਾਲੀਆ ਨੇ ਪੰਜਾਬ ਸਰਕਾਰ ਤੋਂ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਨਵੇਂ ਲਗਾਏ ਬੁੱਤ ’ਤੇ ਮਾਲੀਏ ’ਚੋਂ ਖ਼ਰਚ ਕੀਤੀ ਗਈ ਰਾਸ਼ੀ ਸਬੰਧਤ ਅਧਿਕਾਰੀ ਤੋਂ ਵਸੂਲੀ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਲੱਗੇ ਬੁੱਤ ਦੀ ਜਗ੍ਹਾ ਕਿਸੇ ਪ੍ਰਸਿੱਧ ਸ਼ਿਲਪਕਾਰ ਵੱਲੋਂ ਬਣਾਏ ਕਾਂਸੇ ਦਾ ਬੁੱਤ ਲਗਾਇਆ ਜਾਵੇ। ਮਨੋਰੰਜਨ ਕਾਲੀਆ ਨੇ ਨਵੇਂ ਲਾਏ ਗਏ ਬੁੱਤ ਦੀਆਂ ਤਸਵੀਰਾਂ ਅਤੇ ਨਾਂ ਪਲੇਟ ਦੀ ਤਸਵੀਰ ਮੁੱਖ ਮੰਤਰੀ ਨੂੰ ਵੀ ਈ-ਮੇਲ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਕੋਤਾਹੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸੱਜੇ ਹੱਥ ਦੀ ਮੁੱਠੀ ਬੰਦ ਕਰਕੇ ਉੱਪਰ ਚੁੱਕੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਗਾਇਆ ਜਾਂਦਾ ਹੈ ਪਰ ਨਵੇਂ ਲਗਾਏ ਬੁੱਤ ਦਾ ਖੱਬਾ ਹੱਥ ਉੱਪਰ ਚੁੱਕਿਆ ਗਿਆ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News