ਪੰਡੋਰੀ ਮਹੰਤਾਂ ’ਚ ਸਰਕਾਰੀ ਨਲਕਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ, 3 ਜ਼ਖ਼ਮੀ

Thursday, Jul 22, 2021 - 02:54 AM (IST)

ਪੰਡੋਰੀ ਮਹੰਤਾਂ ’ਚ ਸਰਕਾਰੀ ਨਲਕਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ, 3 ਜ਼ਖ਼ਮੀ

ਗੁਰਦਾਸਪੁਰ(ਹਰਮਨ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਪੰਡੋਰੀ ਮਹੰਤਾਂ ਵਿਚ ਅੱਜ ਇਕ ਚੌਰਾਹੇ ’ਚ ਸਰਕਾਰੀ ਨਲਕਾ ਲਗਾਉਣ ਮੌਕੇ ਹੋਏ ਵਿਵਾਦ ਕਾਰਨ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਉੱਪਰ ਦੋਸ਼ ਲਗਾਏ ਗਏ ਹਨ।
ਦੂਸਰੇ ਪਾਸੇ ਸਰਪੰਚ ਵੱਲੋਂ ਉਕਤ ਔਰਤਾਂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਲਟਾ ਉਨ੍ਹਾਂ ਉੱਪਰ ਹੀ ਹਮਲਾ ਕਰਨ ਅਤੇ ਤੋੜ ਫੋੜ ਕਰਨ ਦੇ ਦੋਸ਼ ਲਗਾਏ ਗਏ ਹਨ। ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਕਵਿਤਾ ਸ਼ਰਮਾ, ਕ੍ਰਿਸ਼ਨਾ ਦੇਵੀ ਅਤੇ ਪ੍ਰੋਮਿਲਾ ਦੇਵੀ ਨੇ ਦੱਸਿਆ ਕਿ ਪੰਡੋਰੀ ਮਹੰਤਾਂ ਦੇ ਸਰਪੰਚ ਵੱਲੋਂ ਉਨ੍ਹਾਂ ਦੇ ਘਰ ਸਾਹਮਣੇ ਚੌਰਾਹੇ ਨੇੜੇ ਇਕ ਸਰਕਾਰੀ ਨਲਕਾ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਇਸੇ ਕਰ ਕੇ ਬੀਤੀ ਸ਼ਾਮ ਉਨ੍ਹਾਂ ਦੀ ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਬਹਿਸਬਾਜ਼ੀ ਹੋ ਗਈ, ਜਿਸ ਦੌਰਾਨ ਸਰਪੰਚ ਅਤੇ ਉਸਦੇ ਸਾਥੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਕਾਰਨ ਉਹ ਜ਼ਖਮੀ ਹੋ ਗਈਆਂ ਅਤੇ ਸਿਵਲ ਹਸਪਤਾਲ ਵਿਖੇ ਦਾਖ਼ਲ ਹਨ। ਉਕਤ ਔਰਤਾਂ ਨੇ ਕਾਰਵਾਈ ਲਈ ਪੁਲਸ ਨੂੰ ਸ਼ਿਕਾਇਤ ਕੀਤੀ ਹੈ।

ਦੂਜੇ ਪਾਸੇ ਸਰਪੰਚ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ’ਤੇ ਕੋਈ ਹਮਲਾ ਨਹੀਂ ਕੀਤਾ। ਉਲਟਾ ਉਕਤ ਦੂਸਰੀ ਧਿਰ ਨੇ ਹੀ ਉਨ੍ਹਾਂ ਦੇ ਘਰ ਦਾ ਗੇਟ ਤੋੜ ਦਿੱਤਾ ਅਤੇ ਉਨ੍ਹਾਂ ’ਤੇ ਹਮਲਾ ਕੀਤਾ ਹੈ, ਜਿਸ ਸਬੰਧੀ ਉਨ੍ਹਾਂ ਨੇ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ।


author

Bharat Thapa

Content Editor

Related News