ਮਾਮੂਲੀ ਵਿਵਾਦ ਕਾਰਨ ਦੋ ਧਿਰਾਂ ''ਚ ਖੜਕੀ, ਚੱਲੀ ਗੋਲੀ

12/02/2018 5:37:56 PM

ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਲੋਹਗੜ੍ਹ ਦੇ ਕੋਲ ਮਾਮੂਲੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ 'ਚ ਗੋਲੀ ਚੱਲਣ ਕਾਰਨ ਦੋਵੇਂ ਧਿਰਾਂ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੋਗਾ ਅਤੇ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧ 'ਚ ਧਰਮਕੋਟ ਪੁਲਸ ਵੱਲੋਂ ਵਿਕਰਮਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਨਿਵਾਸੀ ਪਿੰਡ ਭਿੰਡਰ ਕਲਾਂ ਦੇ ਬਿਆਨਾਂ 'ਤੇ ਨਿੱਕਾ ਸਿੰਘ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹੈਪੀ ਮੋਟਾ, ਸੁਖਵਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਭਿੰਡਰ ਖੁਰਦ ਅਤੇ ਸੱਤ-ਅੱਠ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਦੂਸਰੀ ਧਿਰ ਦੇ ਜ਼ਖਮੀ ਸੁਖਵਿੰਦਰ ਸਿੰਘ ਉਰਫ ਕੰਮਾ ਪੁੱਤਰ ਜਸਮੇਲ ਸਿੰਘ ਨਿਵਾਸੀ ਪਿੰਡ ਭਿੰਡਰ ਖੁਰਦ ਦੇ ਬਿਆਨਾਂ 'ਤੇ ਵਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਿੱਲਾ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਕਰਮਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਹ ਆਪਣੇ ਦੋਸਤ ਮਨਪ੍ਰੀਤ ਸਿੰਘ ਦੀ ਪਾਰਟੀ ਮਨਾ ਕੇ ਕਾਰ 'ਚ ਵਾਪਸ ਆ ਰਹੇ ਸਨ ਤਾਂ ਦੋਸ਼ੀਆਂ ਨੇ ਜੋ ਚਾਰ ਮੋਟਰਸਾਈਕਲਾਂ 'ਤੇ ਸਵਾਰ ਸਨ ਅਤੇ ਹਥਿਆਰਾਂ ਨਾਲ ਲੈਸ ਸਨ, ਸਾਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦੇ ਇਲਾਵਾ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਪਿੱਛੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮੇਰੀ ਲੱਤਾਂ 'ਤੇ ਲੱਗੀ, ਜਦ ਮੈਂ ਰੋਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਏ। ਉਸਨੇ ਕਿਹਾ ਕਿ ਨਿੱਕਾ ਸਿੰਘ ਸ਼ੱਕ ਕਰਦਾ ਸੀ ਕਿ ਉਹ ਮੈਨੂੰ ਦੇਖ ਕੇ ਆਪਣੀਆਂ ਮੁੱਛਾਂ ਨੂੰ ਤਾਅ ਦਿੰਦਾ ਹੈ। ਇਸ ਰੰਜਿਸ਼ ਦੇ ਚੱਲਦੇ ਉਨ੍ਹਾਂ ਹਮਲਾ ਕੀਤਾ।
ਦੂਸਰੀ ਧਿਰ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੇ ਸਾਨੂੰ ਘੇਰ ਕੇ ਕੁੱਟ-ਮਾਰ ਕੀਤੀ ਅਤੇ ਗੋਲੀਆਂ ਚਲਾਈਆਂ, ਜਿਸ ਕਾਰਨ ਮੈਂ ਅਤੇ ਰਵਿੰਦਰ ਸਿੰਘ ਹੈਪੀ ਜ਼ਖਮੀ ਹੋ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰਨ 'ਚ ਲੱਗੇ ਹਨ ਅਤੇ ਘਟਨਾਂ ਸਥਾਨ 'ਤੇ ਜਾ ਕੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤਾਂਕਿ ਸੱਚਾਈ ਦਾ ਪਤਾ ਲੱਗ ਸਕੇ। ਦੋਵਾਂ ਧਿਰਾਂ ਦੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।


Related News