ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 476ਵੇਂ ਟਰੱਕ ਦੀ ਸਮੱਗਰੀ

06/26/2018 9:59:01 AM

ਸ਼੍ਰੀਨਗਰ/ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ ਇਕ ਗਿਣੀ-ਮਿਥੀ ਸਾਜ਼ਿਸ਼ ਅਧੀਨ ਭਾਰਤੀ ਖੇਤਰਾਂ 'ਚ ਪਿਛਲੇ ਕਈ ਸਾਲਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਬਹੁਤੀ ਵਾਰ ਇਸ ਫਾਇਰਿੰਗ ਦੀ ਆੜ ਹੇਠ ਅੱਤਵਾਦੀਆਂ ਦੇ ਟੋਲਿਆਂ ਨੂੰ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਵਾਈ ਜਾਂਦੀ ਹੈ। ਇਕ ਪਾਸੇ ਗੋਲੀਬਾਰੀ ਨਾਲ ਸਰਹੱਦੀ ਖੇਤਰਾਂ 'ਚ ਵਸਦੇ ਪਰਿਵਾਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਦੂਜੇ ਪਾਸੇ ਅੱਤਵਾਦ ਨੇ ਬੀਤੇ ਸਾਲਾਂ 'ਚ ਕਈ ਘਰਾਂ ਦੇ ਚਿਰਾਗ ਬੁਝਾਅ ਦਿੱਤੇ ਹਨ। ਪਾਕਿਸਤਾਨ ਦੀ ਇਹ ਘਿਨਾਉਣੀ ਖੇਡ ਅੱਜ ਵੀ ਜਾਰੀ ਹੈ ਅਤੇ ਇਸ ਖੇਡ ਦੇ ਖੂਨੀ Îਿਨਸ਼ਾਨ ਜੰਮੁ-ਕਸ਼ਮੀਰ ਦੇ ਸਰਹੱਦੀ ਪਿੰਡਾਂ 'ਚ ਸ਼ਰੇਆਮ ਵੇਖੇ ਜਾ ਸਕਦੇ ਹਨ। ਇਹ ਨਿਸ਼ਾਨ ਉਨ੍ਹਾਂ ਅਣਗਿਣਤ ਪਰਿਵਾਰਾਂ ਦੀ ਬਰਬਾਦੀ ਨੂੰ ਬਿਆਨ ਕਰਦੇ ਜਾਪਦੇ ਹਨ, ਜਿਹੜੇ ਸ਼ਰਨਾਰਥੀਆਂ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹਨ।
ਘੋਰ ਸੰਕਟ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਇਨ੍ਹਾਂ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਲੋੜਵੰਦ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਬੀਤੇ ਦਿਨੀਂ 476ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ 1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਦੀ ਕਿਰਪਾ ਸਦਕਾ ਦਰਬਾਰ ਬਾਵਾ ਲਾਲ ਦਿਆਲ ਜੀ ਧਿਆਨਪੁਰ (ਬਟਾਲਾ) ਤੋਂ ਭਿਜਵਾਈ ਗਈ ਸੀ। ਇਸ ਸਮੱਗਰੀ ਵਿਚ 400 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਚਾਵਲ, ਇਕ ਕੰਬਲ, ਇਕ ਤੌਲੀਆ, ਇਕ ਪੀਸ ਕੱਪੜੇ ਦਾ, ਇਕ ਥਾਲ ਅਤੇ ਇਕ ਗਿਲਾਸ ਸ਼ਾਮਲ ਸੀ। ਦਰਬਾਰ ਸ਼੍ਰੀ ਧਿਆਨਪੁਰ ਤੋਂ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਸਮੱਗਰੀ ਦੇ ਕਈ ਟਰੱਕ ਭਿਜਵਾਏ ਜਾ ਚੁੱਕੇ ਹਨ। 
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜਲੰਧਰ ਤੋਂ ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ। ਰਾਹਤ ਮੁਹਿੰਮ ਦੇ ਮੁਖੀ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਦਰਬਾਰ ਸ਼੍ਰੀ ਧਿਆਨਪੁਰ ਦੇ ਪ੍ਰਮੁੱਖ ਸੇਵਕ ਜਗਦੀਸ਼ ਜੀ, ਗਰੀਬ ਦਾਸ ਜੀ, ਸਰਬਜੀਤ ਲਾਡੀ, ਸੁਰਿੰਦਰ ਕੁਮਾਰ, ਰਿੰਕੂ, ਨੰਨ੍ਹਾ, ਮੰਗਾ, ਨੀਟਾ ਤੋਂ ਇਲਾਵਾ ਜੰਮੂ ਦੇ ਸ਼੍ਰੀ ਸੰਜੀਵ ਸਾਹਨੀ, ਮਨੋਹਰ ਲਾਲ ਖੰਨਾ, ਪ੍ਰਦੀਪ ਕੋਹਲੀ, ਜੇ. ਕੇ. ਭਾਖੜੀ ਅਤੇ ਜਲੰਧਰ ਦੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਵੀ ਸ਼ਾਮਲ ਸਨ।


Related News