ਬਿਜਲੀ ਬੱਚਤ ਦਾ ਸਰਕਾਰ ਨੇ ਲੱਭਿਆ ਨਵਾਂ ਢੰਗ, ਇਨ੍ਹਾਂ ਖ਼ਪਤਕਾਰਾਂ ਦਾ ਹੁਣ ਆਇਆ ਕਰੇਗਾ 1 ਮਹੀਨੇ ਦਾ ਬਿੱਲ
Saturday, Sep 03, 2022 - 06:00 PM (IST)
ਜਲੰਧਰ (ਪੁਨੀਤ)– 2 ਮਹੀਨਿਆਂ ਦਾ ਬਿੱਲ ਬਣਨ ’ਤੇ ਖ਼ਪਤ ਦਾ ਸੰਤੁਲਨ ਹੋਣ ਦੀਆਂ ਉਮੀਦਾਂ ’ਤੇ ਮਹਿਕਮੇ ਨੇ ਪਾਣੀ ਫੇਰ ਦਿੱਤਾ ਹੈ। ਇਸ ਤਹਿਤ ਹੁਣ 7 ਕਿਲੋਵਾਟ ਅਤੇ ਇਸ ਤੋਂ ਵੱਧ ਲੋਡ ਵਾਲੇ ਖ਼ਪਤਕਾਰਾਂ ਨੂੰ 2 ਮਹੀਨਿਆਂ ਦੀ ਥਾਂ ਇਕ ਮਹੀਨੇ ਦਾ ਬਿੱਲ ਮਿਲਿਆ ਕਰੇਗਾ। ਇਸ ਤਹਿਤ ਜੇਕਰ ਕਿਸੇ ਮਹੀਨੇ ਬਿਜਲੀ ਦੀ ਖ਼ਪਤ ਵੱਧ ਹੋਵੇਗੀ ਤਾਂ ਦੂਜੇ ਮਹੀਨੇ ਖ਼ਪਤ ਘੱਟ ਹੋਵੇਗੀ ਤਾਂ ਖ਼ਪਤਕਾਰਾਂ ਨੂੰ ਇਸ ਦਾ ਲਾਭ ਨਹੀਂ ਹੋ ਸਕੇਗਾ। ਸ਼ੁਰੂਆਤ ਵਿਚ ਸਮਾਰਟ ਮੀਟਰ ਵਾਲੇ ਖ਼ਪਤਕਾਰਾਂ ਨੂੰ ਇਕ ਮਹੀਨੇ ਦਾ ਬਿੱਲ ਮਿਲਿਆ ਕਰੇਗਾ, ਜਦਕਿ ਆਉਣ ਵਾਲੇ ਸਮੇਂ ਵਿਚ ਇਹ ਸਕੀਮ ਦੂਜੇ ਮੀਟਰਾਂ ’ਤੇ ਵੀ ਲਾਗੂ ਹੋ ਜਾਵੇਗੀ। ਇਸ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ, ਜਦਕਿ ਖ਼ਪਤਕਾਰਾਂ ਨੂੰ ਹਰ ਮਹੀਨੇ ਆਪਣੀ ਖ਼ਪਤ ’ਤੇ ਸੰਤੁਲਨ ਰੱਖਣਾ ਪਵੇਗਾ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ
ਸਰਕਾਰ ਦੇ ਹੁਕਮਾਂ ’ਤੇ ਪਾਵਰਕਾਮ ਵੱਲੋਂ ਘਰੇਲੂ ਖ਼ਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਸਕੀਮ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਤਹਿਤ 2 ਮਹੀਨਿਆਂ ਦੇ ਬਣਨ ਵਾਲੇ ਬਿਜਲੀ ਦੇ ਬਿੱਲ ਵਿਚ ਖ਼ਪਤਕਾਰਾਂ ਨੂੰ 600 ਯੂਨਿਟ ਤੱਕ ਦੀ ਛੋਟ ਦਿੱਤੀ ਗਈ ਹੈ, ਜਿਸ ਖ਼ਪਤਕਾਰ ਦੀ ਖ਼ਪਤ 600 ਯੂਨਿਟ ਤੋਂ ਵੱਧ ਹੋਵੇਗੀ, ਉਸ ਨੂੰ ਪੂਰਾ ਬਿੱਲ ਦੇਣਾ ਪਵੇਗਾ। ਖ਼ਪਤ 600 ਯੂਨਿਟ ਤੋਂ ਘੱਟ ਹੋਣ ’ਤੇ ਕੋਈ ਬਿੱਲ ਨਹੀਂ ਬਣੇਗਾ।
2 ਮਹੀਨਿਆਂ ਦਾ ਬਿੱਲ ਬਣਨ ਦੀ ਸੂਰਤ ’ਚ 600 ਯੂਨਿਟ ਤੋਂ ਵੱਧ ਖ਼ਪਤ ਵਾਲੇ ਖ਼ਪਤਕਾਰਾਂ ਨੂੰ 2 ਮਹੀਨੇ ਵਾਧੂ ਰਾਹਤ ਮਿਲਣ ਵਾਲੀ ਸੀ, ਇਸ ਤਹਿਤ ਮਾਰਚ-ਅਪ੍ਰੈਲ ਅਤੇ ਸਤੰਬਰ-ਅਕਤੂਬਰ ਦੇ ਬਿੱਲ ਵਿਚ ਲਾਭ ਮਿਲਣਾ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਅਪ੍ਰੈਲ ਅਤੇ ਸਤੰਬਰ ਦੇ ਮੁਕਾਬਲੇ ਮਾਰਚ ਅਤੇ ਅਕਤੂਬਰ ਵਿਚ ਏ. ਸੀ. ਦੀ ਵਰਤੋਂ ਘੱਟ ਹੁੰਦੀ ਹੈ। ਇਸ ਤਹਿਤ ਮਾਰਚ-ਅਪ੍ਰੈਲ ਅਤੇ ਸਤੰਬਰ-ਅਕਤੂਬਰ ਦਾ ਬਿੱਲ ਬਣਨ ’ਤੇ ਖ਼ਪਤ ਸੰਤੁਲਿਤ ਹੋਣ ਦੀ ਉਮੀਦ ਸੀ। ਖ਼ਪਤਕਾਰਾਂ ਦੀਆਂ ਇਨ੍ਹਾਂ ਉਮੀਦਾਂ ਨੂੰ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਪਿੰਡ ਦੀਆਂ ਔਰਤਾਂ ਨੇ ਬੋਲਿਆ ਹੱਲਾ, ਚੋਅ 'ਚ ਸੁੱਟਿਆ ਖੋਖਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ