ਸ੍ਰੀ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਲਈ 1400 ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਕਾਰਜ ਆਰੰਭ : ਬੀਬੀ ਜਗੀਰ ਕੌਰ

Tuesday, Nov 02, 2021 - 09:15 PM (IST)

ਸ੍ਰੀ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਲਈ 1400 ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਕਾਰਜ ਆਰੰਭ : ਬੀਬੀ ਜਗੀਰ ਕੌਰ

ਅੰਮ੍ਰਿਤਸਰ(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ 1400 ਕਮਰਿਆਂ ਵਾਲੇ ਸੰਗਤ ਨਿਵਾਸ ਦੇ ਨਿਰਮਾਣ ਦਾ ਕਾਰਜ ਅੱਜ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਸ਼ੁਰੂ ਕੀਤਾ ਗਿਆ। ਇਹ ਨਿਵਾਸ ਰਾਮ ਤਲਾਈ ਚੌਕ ਨਜ਼ਦੀਕ ਪੁਰਾਣੀ ਹੰਸਲੀ ਦੇ ਸਥਾਨ ’ਤੇ ਬਣਾਇਆ ਜਾਵੇਗਾ, ਜਿਸ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਇਸ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਸਰਾਵਾਂ ਵਿਚ ਵਾਧਾ ਕਰਨ ਦੇ ਕਾਰਜ ਜਾਰੀ ਹਨ।

ਇਹ ਵੀ ਪੜ੍ਹੋ- ਮੀਟਿੰਗ ਮਗਰੋਂ ਨਵਜੋਤ ਸਿੱਧੂ ਦਾ ਬਿਆਨ ਆਇਆ ਸਾਹਮਣੇ, ਕਿਹਾ- ਪੰਜਾਬ ਕਾਂਗਰਸ 'ਚ ਸਭ ਕੁਝ ਠੀਕ
ਇਸੇ ਤਹਿਤ ਹੀ 1400 ਕਮਰਿਆਂ ਵਾਲੀ ਨਵੀਂ ਸਰਾਂ ਪੁਰਾਣੀ ਹੰਸਲੀ ਦੇ ਸਥਾਨ ’ਤੇ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ ਅਤੇ ਸੱਤ ਮੰਜ਼ਿਲਾ ਇਹ ਸਰਾਂ ਵਰਤਮਾਨ ਸਮੇਂ ਦੀਆਂ ਸਹੂਲਤਾਂ ਅਨੁਸਾਰ ਬਣਾਈ ਜਾਵੇਗੀ। ਇਸ ਵਿਚ ਗਰਾਊਂਡ ਫਲੌਰ ’ਤੇ 300 ਕਾਰਾਂ ਦੀ ਪਾਰਕਿੰਗ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਸਰਾਂ ਅੰਦਰ ਕੰਟੀਨ ਵੀ ਤਿਆਰ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਵੀ ਕੁਝ ਸਰਾਵਾਂ ਦਾ ਕਾਰਜ ਸ਼ੁਰੂ ਕੀਤਾ ਗਿਆ, ਪਰੰਤੂ ਚੌਕ ਰਾਮ ਤਲਾਈ ਨਜ਼ਦੀਕ ਇਸ ਵਿਸ਼ਾਲ ਸਰਾਂ ਨਾਲ ਸੰਗਤ ਦੀ ਰਿਹਾਇਸ਼ ਲਈ ਆਉਦੀ ਮੁਸ਼ਕਲ ਦਾ ਵੱਡੀ ਪੱਧਰ ’ਤੇ ਹੱਲ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਰਾਂ ਤੋਂ ਸ੍ਰੀ ਦਰਬਾਰ ਸਾਹਿਬ ਤੀਕ ਸੰਗਤ ਨੂੰ ਲਿਜਾਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ੍ਰੀ ਅਨੰਦ ਸਾਹਿਬ ਦਾ ਪਾਠ ਕੀਤਾ ਅਤੇ ਕਾਰਸੇਵਾ ਆਰੰਭ ਕਰਨ ਦੀ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲਿਆਂ ਨੂੰ ਸਿਰੋਪਾਓ ਵੀ ਦਿੱਤੇ।


author

Bharat Thapa

Content Editor

Related News