ਕਰੋੜਾਂ ਰੁਪਏ ਖਰਚ ਕੇ ਮੁਕੰਮਲ ਹੋਇਆ ਪਲਟੂਨ ਪੁਲ ਦਾ ਨਿਰਮਾਣ ਕਾਰਜ

02/23/2018 12:26:31 AM

ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ/ਘੁਮਾਣ,   (ਜ. ਬ. /ਰਮੇਸ਼)-  ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਭੇਟ ਪੱਤਣ ਵਿਚ ਲੰਮੇ ਸਮੇਂ ਤੋਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਪਲਟੂਨ ਪੁਲ ਦਾ ਨਿਰਮਾਣ ਕਾਰਜ ਮੁਕੰਮਲ ਹੋ ਗਿਆ ਹੈ, ਜਿਸ ਤੋਂ ਇਸ ਵਾਰ ਪੈਦਲ ਯਾਤਰਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਵੇਗੀ। ਪਿੰਡ ਵਾਸੀ ਕੁਝ ਲੋਕਾਂ ਵੱਲੋਂ ਇਸ ਪਲਟੂਨ ਪੁਲ ਵਿਚ ਵਿਭਾਗ ਵੱਲੋਂ ਘਟੀਆ ਲੱਕੜ ਵਰਤਣ ਦੇ ਦੋਸ਼ ਲਾਏ ਗਏ ਹਨ।
ਇਹ ਪੁਲ ਖਡਿਆਲਾ ਸੈਣੀਆਂ ਜ਼ਿਲਾ ਹੁਸ਼ਿਆਰਪੁਰ ਤੋਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਦੇ ਦਰਸ਼ਨਾਂ ਨੂੰ ਲੱਖਾਂ ਦੀ ਗਿਣਤੀ 'ਚ ਜਾਂਦੀ ਸੰਗਤ ਦੀ ਸਹੂਲਤ ਲਈ ਬਣਾਇਆ ਜਾ ਰਿਹਾ ਸੀ, ਜਿਸ ਦਾ ਨੀਂਹ ਪੱਥਰ ਸ੍ਰੀ ਹਰਗੋਬਿੰਦਪੁਰ ਤੋਂ ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੱਖਿਆ ਗਿਆ ਸੀ, ਜਿਸ ਦੇ ਨਿਰਮਾਣ ਲਈ 2 ਕਰੋੜ 86 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਇਹ ਪੁਲ ਗੁਰਦੁਆਰਾ ਖਡਿਆਲਾ ਸੈਣੀਆਂ ਜ਼ਿਲਾ ਹੁਸ਼ਿਆਰਪੁਰ ਤੋਂ ਚੱਲਦੀ ਪੈਦਲ ਸੰਗਤ ਲਈ ਬਣਾਇਆ ਗਿਆ ਸੀ ਜੋ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀ ਹੈ। ਇਸ ਪੁਲ ਦਾ ਨਿਰਮਾਣ ਕਾਰਜ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਪੁਲ ਨਾ ਹੋਣ ਕਰ ਕੇ ਲੋਕ ਬੇੜੀਆਂ ਰਾਹੀਂ ਬਿਆਸ ਦਰਿਆ ਨੂੰ ਪਾਰ ਕਰਦੇ ਸਨ, ਜਿਸ ਕਰ ਕੇ ਕਈ ਵਾਰ ਕਈ ਅਣਹੋਣੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਸਨ।
ਪੁਲ ਬਣਨ ਦੀ ਉਡੀਕ ਕਰ ਰਹੇ ਹਲਕਾ ਵਾਸੀਆਂ ਵੱਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਉਪਰਾਲੇ ਸਦਕਾ ਪਿਛਲੇ ਲੰਮੇ ਸਮੇਂ ਤੋਂ ਲਟਕੇ ਇਸ ਪਲਟੂਨ ਪੁਲ ਦਾ ਨਿਰਮਾਣ ਕਾਰਜ ਸਿਰੇ ਚੜ੍ਹਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਹਰੇਕ ਸਾਲ ਸੰਗਤ ਦੇ ਆਉਣ ਤੋਂ ਪਹਿਲਾਂ ਬਿਆਸ ਦਰਿਆ 'ਤੇ ਪਲਟੂਨ ਪੁਲ ਬਣਾਉਣ ਦਾ ਭਰੋਸਾ ਦਿੱਤਾ ਜਾਂਦਾ ਸੀ ਪਰ ਹਰ ਵਾਰ ਸੰਗਤਾਂ ਨੂੰ ਨਿਰਾਸ਼ ਹੋਣਾ ਪੈਂਦਾ ਸੀ ਜੋ ਕਿ ਇਸ ਵਾਰ ਵਿਭਾਗ ਵੱਲੋਂ ਪਲਟੂਨ ਪੁਲ ਬਣਾ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲ ਵਿਚ ਵਰਤੇ ਸਾਮਾਨ ਤੋਂ ਨਾਰਾਜ਼ ਪਿੰਡ ਵਾਸੀ ਪਰਮਜੀਤ ਸਿੰਘ, ਇਕਬਾਲ ਸਿੰਘ, ਜਗਜੀਤ ਸਿੰਘ, ਨਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਬਣਾਉਣ ਲਈ ਵਿਭਾਗ ਵੱਲੋਂ ਆਪਣੀ ਮਿਆਦ ਪੁਗਾ ਚੁੱਕੀ ਘਟੀਆ ਲੱਕੜ ਦੀ ਵਰਤੋਂ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਸੀ ਕਿ ਇਸ ਪੁਲ ਤੋਂ ਲੰਘਣ ਲੱਗਿਆਂ ਖਤਰਾ ਬਣਿਆ ਰਹੇਗਾ।
ਕੀ ਕਹਿਣਾ ਹੈ ਐੱਸ. ਡੀ. ਓ. ਦਾ
ਇਸ ਸਬੰਧੀ ਸੰਕੇਸ਼ ਸ਼ਰਮਾ ਐੱਸ. ਡੀ. ਓ. ਪੀ. ਡਬਲਯੂ. ਡੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਨੂੰ ਬਣਾਉਣ ਲਈ ਵਿਭਾਗ ਵੱਲੋਂ 43 ਪਲਟੂਨ, ਲੱਕੜ ਦੇ ਫੱਟੇ, ਚੈਨਲ ਆਦਿ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲ ਬਣਾਉਣ ਲਈ ਜਾਰੀ ਹੋਈ ਰਾਸ਼ੀ ਨਾਲ ਪੁਲ ਤਿਆਰ ਨਹੀਂ ਹੋ ਰਿਹਾ ਸੀ, ਇਸ ਲਈ ਵਿਭਾਗ ਕੋਲ ਪਹਿਲਾਂ ਪਈ ਲੱਕੜ ਦੀ ਵਰਤੋਂ ਕੀਤੀ ਗਈ ਹੈ।


Related News