ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਾ ਪਰਿਵਾਰ ਅੱਜ ਖਾ ਰਿਹੈ ਦਰ-ਦਰ ਦੀਆਂ ਠੋਕਰਾਂ
Saturday, Jun 27, 2020 - 07:27 PM (IST)
ਹੁਸ਼ਿਆਰਪੁਰ (ਅਮਰੀਕ)— ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਕੁਰਬਾਨ ਹੋ ਜਾਂਦੇ ਹਨ। ਇਥੇ ਦੱਸ ਦੇਈਏ ਕਿ ਭਾਵੇਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮ੍ਰਿਤਕ ਫ਼ੌਜੀਆਂ ਦੇ ਪਰਿਵਾਰਾਂ ਨੂੰ ਬੇਸ਼ੁਮਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਕਈ ਫ਼ੌਜੀਆਂ ਦੇ ਪਰਿਵਾਰ ਅੱਜ ਵੀ ਆਪਣੇ ਸ਼ਹੀਦ ਹੋਏ ਪੁੱਤਾਂ ਨੂੰ ਯਾਦ ਕਰਦੇ ਸਰਕਾਰ ਦੇ ਦਾਅਵਿਆਂ ਨੂੰ ਤਰਸ ਰਹੇ ਹਨ। ਸਰਕਾਰ ਨੇ ਤਾਂ ਆਪਣੇ ਵੱਲੋਂ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰ ਦਿੱਤੇ ਪਰ ਇਹ ਨਹੀਂ ਪਤਾ ਪੂਰੇ ਕਦੋ ਹੋਣਗੇ।ਇਸ ਦੀ ਮਿਸਾਲ ਹੁਸ਼ਿਆਰਪੁਰ ਦੇ ਪਿੰਡ ਜਹੁਰਾ ਦੇ ਪਿਛਲੇ ਕੁਝ ਮਹੀਨੇ ਪਹਿਲਾਂ ਸ਼ਹੀਦ ਹੋਏ ਹੌਲਦਾਰ ਬਲਜਿੰਦਰ ਸਿੰਘ ਦੇ ਪਰਿਵਾਰ 'ਚ ਵੇਖਣ ਨੂੰ ਮਿਲੀ, ਜੋਕਿ ਸਰਕਾਰੀ ਸਹਾਇਤਾ ਲਈ ਤਰਸ ਰਿਹਾ ਹੈ।
ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਨੂੰ ਮਜਬੂਰ ਹੋਇਆ ਪਰਿਵਾਰ
ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ 'ਚ ਗੇੜੇ ਮਾਰ ਮਾਰ ਕੇ ਵੀ ਸ਼ਹੀਦ ਦੇ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਹੈ। ਸ਼ਹੀਦ ਦੀ ਮਾਤਾ ਕਾਂਤਾ ਦੇਵੀ ਵਾਸੀ ਜਹੂਰਾ ਨੇ ਦੱਸਿਆ ਕਿ ਸਾਨੂੰ ਸਿਰਫ 5 ਲੱਖ ਰੁਪਏ ਸਿਰਫ ਦੇ ਕੇ ਸਰਕਾਰ ਨੇ ਨਵਾਜਿਆ ਹੈ। ਜਦ ਕਿ ਪੰਜਾਬ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਕੀ ਜਵਾਨ ਸ਼ਹੀਦ ਹੋਏ ਹਨ, ਉਸ ਤਰ੍ਹਾਂ ਹੀ ਮੇਰਾ ਪੁੱਤਰ ਦੇਸ਼ ਦੀ ਰਾਖੀ ਕਰਦੇ ਨੌਜਵਾਨ ਲੇਹ ਲੱਦਾਖ ਦੀਆਂ ਬਰਫੀਲੀਆਂ ਚੋਟੀਆਂ 'ਤੇ ਵੀ ਗਸ਼ਤ ਕਰ ਰਿਹਾ ਸੀ, ਜਦੋਂ ਉਸ ਨੂੰ ਮਾਈਨਸ 30 ਡਿਗਰੀ ਬਰਫੀਲੇ ਤੂਫਾਨ ਨੇ ਮਾਰ ਦਿੱਤਾ। ਮੇਰਾ ਜਵਾਨ ਪੁੱਤਰ ਜਨਵਰੀ 2020 ਸਾਲ 'ਚ ਹੀ ਸ਼ਹੀਦ ਹੋਇਆ ਸੀ।
ਮਾਂ ਖੇਤੀਬਾੜੀ ਕਰਕੇ ਪਾਲ ਰਹੀ ਹੈ ਪਰਿਵਾਰ
ਉਨ੍ਹਾਂ ਕਿਹਾ ਕਿ ਭਾਵੇਂ ਕਿ ਸਰਕਾਰੀ ਸਮਾਗਮਾਂ ਨਾਲ ਉਸ ਦੀ ਅੰਤਿਮ ਵਿਦਾਈ ਦਿੱਤੀ ਗਈ ਪਰ ਕੋਈ ਸਰਕਾਰੀ ਗਰਾਂਟ ਨਹੀਂ ਦਿੱਤੀ। ਉਨ੍ਹਾਂ ਦੀ ਸ਼ਹੀਦ ਦੀ ਪਤਨੀ ਪ੍ਰਦੀਪ ਕੌਰ ਨੇ ਦੱਸਿਆ ਕਿ ਮੇਰੇ 2 ਜੁੜਵਾ ਬੱਚੇ ਹਨ, ਜਿਨ੍ਹਾਂ ਦੀ ਉਮਰ ਕਰੀਬ 5 ਸਾਲ ਹੈ ਜਦ ਕਿ ਅਸੀਂ ਅਤੇ ਮੇਰੀ ਸੱਸ ਅਤੇ ਭੈਣ ਇਕੋ ਘਰ 'ਚ ਰਹਿ ਰਹੇ ਹਾਂ ਅਤੇ ਉਹ ਮਕਾਨ ਵੀ ਕਰਜਾ ਚੁੱਕ ਕੇ ਬਣਾਇਆ ਸੀ। ਉਸ ਨੇ ਕਿਹਾ ਕਿ ਮਕਾਨ ਦਾ ਕਰਜ਼ਾ ਵੀ ਅਜੇ ਵੀ ਸਿਰ 'ਤੇ ਹੈ।
ਸ਼ਹੀਦ ਦੀ ਮਾਤਾ ਖੇਤੀਬਾੜੀ ਆਪ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਪਲ ਰਹੀ ਹੈ, ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਚਲ ਰਿਹਾ ਹੈ।
ਠੋਕਰਾਂ ਖਾਣ ਨੂੰ ਮਜਬੂਰ ਹੋਣ ਵਾਲੇ ਸ਼ਹੀਦ ਦੇ ਪਰਿਵਾਰ ਨੇ ਦੱਸਿਆ ਕਿ ਭਾਵੇਂ ਸਰਕਾਰ ਬਾਕੀ ਸ਼ਹੀਦ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਯੋਗਦਾਨ ਦੇਣ ਲਈ ਕੋਈ ਕਸਰ ਨਹੀਂ ਛੱਡ ਰਹੀ ਪਰ ਅਸੀਂ ਆਪਣੇ ਪੁੱਤਰ ਦੇ ਸ਼ਹੀਦ ਹੋਣ ਮਗਰੋਂ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਸਰਕਾਰ ਪਾਸੋ ਮਦਦ ਦੀ ਗੁਹਾਰ ਲਗਾਈ ਬੈਠੇ ਹਾਂ ਕਿ ਸਰਕਾਰ ਵੱਲੋਂ ਕਦੋਂ ਸ਼ਹੀਦ ਦੇ ਪਰਿਵਾਰ ਨੂੰ ਮਾਣ ਸਤਿਕਾਰ ਮਿਲੇਗਾ।
ਉਸ ਦੀ ਭੈਣ ਅਮਨਦੀਪ ਕੌਰ ਨੇ ਦੱਸਿਆ ਕਿ ਭਰਾ ਦੇ ਸ਼ਹੀਦ ਹੋਣ ਮਗਰੋਂ ਮਹਿਗਾਈ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਬਿਜਲੀ ਦੇ ਬਿਲ ਮੁਫ਼ਤ ਹੋਵੋ ਅਤੇ ਉਨ੍ਹਾ ਦੀ ਯਾਦ 'ਚ ਕੋਈ ਸਕੂਲ ਦਾ ਨਾਮ ਰੱਖਿਆ ਜਾਣਾ ਚਾਹੀਦਾ ਹੈ।