ਪਾਵਰਕਾਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ
Monday, Sep 19, 2022 - 04:19 PM (IST)

ਮੋਹਾਲੀ (ਪਰਦੀਪ) : ਬਿਜਲੀ ਚੋਰੀ ਰੋਕੂ ਪੁਲਸ ਦੇ ਵਿਸ਼ੇਸ਼ ਦਸਤੇ ਦੇ ਹੌਲਦਾਰ ਹਰਪ੍ਰੀਤ ਸਿੰਘ ਅਤੇ ਉਸ ਦੇ ਇਕ ਸਾਥੀ ਕਰਮਜੀਤ ਸਿੰਘ ਕੰਮਾ (ਪ੍ਰਾਈਵੇਟ ਵਿਅਕਤੀ) ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਨੇ ਕਾਬੂ ਕੀਤਾ ਹੈ। ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਮੋਹਾਲੀ ਵਿਚ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਮੁਦਈ ਤਰਲੋਚਨ ਸਿੰਘ ਦੇ ਘਰ ਛਾਪੇਮਾਰੀ ਕੀਤੀ ਸੀ ਅਤੇ ਬਿਜਲੀ ਚੋਰੀ ਦਾ ਕੇਸ ਰਫਾ-ਦਫਾ ਕਰਨ ਲਈ ਪਾਵਰਕਾਮ ਦੇ ਹੌਲਦਾਰ ਹਰਪ੍ਰੀਤ ਸਿੰਘ ਵਲੋਂ 15,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਇਹ ਸੌਦਾ 5,000 ਰੁਪਏ ਵਿਚ ਤੈਅ ਹੋਇਆ ਸੀ। ਤਰਲੋਚਨ ਸਿੰਘ ਤੋਂ ਹੌਲਦਾਰ ਹਰਪ੍ਰੀਤ ਸਿੰਘ ਲਈ 5,000 ਰੁਪਏ ਰਿਸ਼ਵਤ ਹਾਸਲ ਕਰਦੇ ਕਰਮਜੀਤ ਸਿੰਘ ਉਰਫ਼ ਕੰਮਾ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਰੰਗੇਂ ਹੱਥੀਂ ਕਾਬੂ ਕੀਤਾ ਗਿਆ।