ਸਕੂਲ ਪਾਠਕ੍ਰਮ ’ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹੈ ਇਤਿਹਾਸ : ਕੁਲਤਾਰ ਸਿੰਘ ਸੰਧਵਾਂ

Monday, May 08, 2023 - 02:04 AM (IST)

ਸਕੂਲ ਪਾਠਕ੍ਰਮ ’ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹੈ ਇਤਿਹਾਸ : ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਖ਼ਦਸ਼ਾ ਜਤਾਇਆ ਕਿ ਵਿਦਿਆਰਥੀਆਂ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਵਿਰਵੇ ਕਰਨ ਲਈ ਸਕੂਲ ਪਾਠਕ੍ਰਮ ’ਚੋਂ ਸਾਜ਼ਿਸ਼ਨ ਇਤਿਹਾਸਕ ਘਟਨਾਵਾਂ, ਖ਼ਾਸ ਕਰਕੇ ਧਾਰਮਿਕ ਇਤਿਹਾਸ ਹਟਾਇਆ ਜਾ ਰਿਹਾ ਹੈ। ਮੋਹਾਲੀ ਦੇ ਫ਼ੇਜ਼ 3ਬੀ-1 ਸਥਿਤ ਰਾਮਗੜ੍ਹੀਆ ਭਵਨ ਵਿਖੇ ਸਿੱਖ ਰਾਜ ਦੇ ਉਸਰੱਈਏ ਅਤੇ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਸਬੰਧੀ ਰਾਮਗੜ੍ਹੀਆ ਸਭਾ ਮੋਹਾਲੀ ਵੱਲੋਂ ਕਰਵਾਏ ਗਏ ਸਮਾਗਮ 'ਚ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਬਾਬ ਤੋਂ ਰਣਜੀਤ ਨਗਾੜੇ ਤੱਕ ਦੇ ਸਿੱਖ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜ ਕੇ ਜੇਕਰ ਬੱਚੇ ਚੰਗੇ ਇਨਸਾਨ ਬਣ ਗਏ ਤਾਂ ਜ਼ਿੰਦਗੀ ਦੇ ਬਾਕੀ ਪੜਾਅ ਵੀ ਉਹ ਸੁਖਾਲੇ ਹੀ ਸਰ ਕਰ ਲੈਣਗੇ। ਉਨ੍ਹਾਂ ਅਜਿਹੇ ਸਮਾਗਮਾਂ ਨੂੰ ਇਸ ਦਿਸ਼ਾ ਵਿਚ ਚੰਗੀ ਪਹਿਲ ਕਰਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਹੈਰੀਟੇਜ ਸਟਰੀਟ ਬਲਾਸਟ : ਜਾਂਚ ਦੌਰਾਨ ਫੋਰੈਂਸਿਕ ਟੀਮ ਨੂੰ ਮਿਲੀਆਂ ਸ਼ੱਕੀ ਚੀਜ਼ਾਂ

ਮਿਸਲਾਂ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਹਲੀਮੀ ਸਿੱਖ ਰਾਜ ਦਾ ਮੁੱਢ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੋਂ ਬੱਝਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਸਿੱਖਾਂ ਦੀ ਗਿਣਤੀ ਮਹਿਜ਼ 6 ਫ਼ੀਸਦੀ ਸੀ ਅਤੇ ਸਿੱਖਾਂ ਨੇ ਵਿਸ਼ਾਲ ਸਿੱਖ ਰਾਜ ਖੜ੍ਹਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗੁਰਬਾਣੀ ਉਦੋਂ ਹਰ ਘਰ ਵਿਚ ਸੀ ਅਤੇ ਸਿੱਖ ਬਾਣੀ-ਬਾਣੇ ਅਤੇ ਸਿਦਕ ਦੇ ਪੱਕੇ ਸਨ, ਜਿਸ ਕਾਰਨ ਸਿੱਖਾਂ ਦੀ ਹਰ ਮੈਦਾਨ ਫ਼ਤਹਿ ਹੁੰਦੀ ਰਹੀ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੂਬੇ ’ਚ 4 ਆਰ. ਟੀ. ਏ. ਅਤੇ 23 ਆਰ. ਟੀ. ਓ. ਹੋਣਗੇ ਤਾਇਨਾਤ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਗੁਰੂਘਰ ਲਈ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲਾਲ ਕਿਲ੍ਹਾ ਫ਼ਤਹਿ ਕਰਨ ਉਪਰੰਤ ਉਨ੍ਹਾਂ ਨੇ ਗੁਰੂਘਰਾਂ ਨੂੰ ਉਸਾਰਨ ਵੱਲ ਤਰਜੀਹ ਦਿੱਤੀ ਨਾ ਕਿ ਸਿਰਫ਼ ਆਪਣੇ ਲਈ ਪੈਸਾ ਜੋੜਿਆ। ਸੰਧਵਾਂ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾ ਨਿਰਸਵਾਰਥ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਹੈ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਯੋਧਿਆਂ ਨੇ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦਿੱਤਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਿਸ ਹਾਂ, ਜਿਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ।

ਵਿਧਾਨ ਸਭਾ ਸਪੀਕਰ ਸੰਧਵਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸੇ ਤਰ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਜਿੱਥੇ ਮਹਾਨ ਸਿੱਖ ਜਰਨੈਲ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ, ਉਥੇ ਉਨ੍ਹਾਂ ਨੇ ਰਾਮਗੜ੍ਹੀਆ ਭਵਨ ਦੇ ਹਾਲ ਨੂੰ ਨਵਿਆਉਣ ਦੀ ਜ਼ਿੰਮੇਵਾਰੀ ਵੀ ਲਈ।


author

Manoj

Content Editor

Related News