ਪੰਥਕ ਇਕੱਠ 'ਚ ਬੋਲੇ ਸੁਖਬੀਰ ਬਾਦਲ, ਪੰਥ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕਰਾਂਗੇ
Monday, Jan 03, 2022 - 02:57 PM (IST)
ਅੰਮ੍ਰਿਤਸਰ: ਸ੍ਰੀ ਦਰਬਾਰ 'ਚ ਹੋਈ ਬੇਅਦਬੀ ਦੀ ਕੋਸ਼ਿਸ਼ ਦੇ ਰੋਸ ਵਜੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਸਿਰਫ਼ ਰਾਜਨੀਤੀ ਕੀਤੀ ਹੈ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਨੇ ਕਿਹਾ ਕਿ ਹੁਣ ਵੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਦੇ ਦੋਸ਼ੀ ਦੀ ਪਛਾਣ ਕਰਨ ਦੀ ਜਗ੍ਹਾ ਕਾਂਗਰਸ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ ਪਰ ਪੰਥ ਇਹ ਸਭ ਸਹਿਣ ਨਹੀਂ ਕਰੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਧਰਮ ਗਿਣਤੀ ਵਿੱਚ ਘੱਟ ਗਿਣਤੀ ਧਰਮ ਹੈ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਪੰਥ ਇਹ ਜਾਣਦਾ ਹੈ ਕਿ ਕੋਈ ਵੀ ਧਰਮ ਤਾਂ ਹੀ ਵਧੇਗਾ ਜੇ ਉਸ ਕੋਲ ਸਿਆਸੀ ਤਾਕਤ ਹੋਵੇਗੀ।100 ਸਾਲ ਪਹਿਲਾਂ ਗੁਰੂ ਘਰਾਂ ਵਿੱਚ ਮਹੰਤਾਂ ਦਾ ਕਬਜ਼ਾ ਸੀ ਅਤੇ ਬੇਅਦਬੀਆਂ ਕੀਤੀਆਂ ਜਾਂਦੀਆਂ ਸਨ। ਉਸ ਵਕਤ ਵੀ ਬਜ਼ੁਰਗਾਂ ਅਤੇ ਜਥੇਦਾਰਾਂ ਨੇ ਇਕੱਠਿਆਂ ਹੋ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਸ਼੍ਰੋਮਣੀ ਕਮੇਟੀ ਦਾ ਗਠਨ ਕੀਤਾ।ਫਿਰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ।ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਫ਼ੌਜ ਹੈ। ਸਿੱਖ ਪੰਥ ਨੂੰ ਜਿੱਥੇ ਵੀ ਲੋੜ ਪਏ ਅਕਾਲੀ ਦਲ ਅੱਗੇ ਹੋ ਕੇ ਲੜਦਾ ਹੈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਾਡੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਹੈ ਅਤੇ ਇਹ ਕਮੇਟੀ ਵੋਟਾਂ ਰਾਹੀਂ ਚੁਣੀ ਜਾਂਦੀ ਹੈ। ਹਰ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਰਿਹਾ ਹੈ ਪਰ ਵਿਰਧੀ ਧਿਰਾਂ ਹਮੇਸ਼ਾ ਹੀ ਪੰਥ ਨੂੰ ਖੇਰੂੰ-ਖੇਰੂੰ ਕਰਨ ਲਈ ਚਾਲਾਂ ਚੱਲਦੀਆਂ ਰਹੀਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬੀ ਮਾਂ ਬੋਲੀ 'ਤੇ ਇਕ ਹੋਰ ਹਮਲਾ, ਹੁਣ ਆਰਮੀ ਪਬਲਿਕ ਸਕੂਲਾਂ ’ਚ ਮਾਂ ਬੋਲੀ ਦੀ ‘ਬਲੀ’
ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਬੇਅਦਬੀ ਸਾਡੇ ਰਾਜ ਵਿੱਚ ਹੋਈ ਸੀ ਅਤੇ ਇਸ ਗੱਲ ਦਾ ਅਫ਼ਸੋਸ ਹੈ ਪਰ ਵਿਰੋਧੀਆਂ ਨੇ ਭੰਡੀ ਪ੍ਰਚਾਰ ਕੀਤਾ ਕਿ ਬੇਅਦਬੀ ਅਕਾਲੀ ਦਲ ਨੇ ਕਰਵਾਈ ਹੈ। ਅਸੀਂ ਸੱਤਾ ਵਿੱਚ ਰਹਿੰਦੇ ਤਾਂ ਉਸ ਬੇਅਦਬੀ ਦੇ ਦੋਸ਼ੀ ਫੜੇ ਜਾਣੇ ਸਨ ਪਰ ਕਾਂਗਰਸ ਨੇ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ। ਪੰਜ ਸਾਲਾਂ ਤੋਂ ਬਾਅਦ ਵੀ ਬੇਅਦਬੀ ਦੇ ਦੋਸ਼ੀ ਸਾਹਮਣੇ ਨਹੀਂ ਆਏ ਕਿਉਂਕਿ ਇਹ ਦੋਸ਼ੀਆਂ ਨੂੰ ਫੜਨਾ ਹੀ ਨਹੀਂ ਚਾਹੁੰਦੇ। ਇਨ੍ਹਾਂ ਦੀ ਇੱਛਾ ਹੀ ਨਹੀਂ ਹੈ ਕਿ ਦੋਸ਼ੀ ਫੜੇ ਜਾਣ ਇਸੇ ਕਰਕੇ ਇਹ ਵਾਰ -ਵਾਰ ਕਹਿ ਰਹੇ ਨੇ ਕੇ ਅਕਾਲੀ ਫੜ ਕੇ ਅੰਦਰ ਸੁੱਟਾਂਗੇ।ਕਾਂਗਰਸ ਨੇ ਸਾਨੂੰ ਫੜਨ ਲਈ ਸਿੱਟ ਬਣਾਈ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਮੁਖੀ ਲਾਇਆ ਪਰ ਹਾਈਕੋਰਟ ਨੇ ਰਿਪੋਰਟ ਰੱਦ ਕਰ ਦਿੱਤੀ।
ਅੱਗੇ ਬੋਲਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿਹਾ ਕਿ 13 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਅਦਬੀ ਹੁੰਦੀ ਹੈ। ਦੋਸ਼ੀ ਵੀ ਫੜੇ ਜਾਂਦੇ ਹਨ ਪਰ ਪੁਲਸ ਕੋਈ ਕਾਰਵਾਈ ਨਹੀਂ ਕਰਦੀ।15 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਹੁੰਦੀ ਹੈ। ਗੁਟਕਾ ਸਾਹਿਬ ਨੂੰ ਸਰੋਵਰ ਵਿੱਚ ਸੁੱਟਿਆ ਜਾਂਦਾ ਹੈ।ਦੋਸ਼ੀ ਨੂੰ ਫੜ ਕੇ ਪੁਲਸ ਨੂੰ ਫੋਨ ਕੀਤਾ ਜਾਂਦਾ ਹੈ ਪਰ ਪੁਲਸ ਦੋਸ਼ੀ ਨੂੰ ਲੈਣ ਨਹੀਂ ਆਉਂਦੀ ।ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆਪ ਥਾਣੇ ਛੱਡ ਕੇ ਆਉਂਦੇ ਹਨ ਪਰ ਅਗਲੇ ਦਿਨ ਹੀ ਉਸ ਨੂੰ ਪੁੱਛ-ਗਿੱਛ ਦੀ ਬਜਾਏ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼ੀ ਦੀ ਡੀਐੱਨਏ ਰਾਹੀਂ ਪਛਾਣ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ। ਜੇਕਰ ਇਸ਼ਤਿਹਾਰ ਕੱਢਿਆ ਸੀ ਤਾਂ 15 ਦਿਨ ਤਾਂ ਦੇਣੇ ਚਾਹੀਦੇ ਸਨ।ਬੜੀ ਜਲਦੀ ਸਸਕਾਰ ਕਰਕੇ ਸਾਰੇ ਸਬੂਤ ਖ਼ਤਮ ਕਰ ਦਿੱਤੇ ਗਏ। ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 48 ਘੰਟਿਆਂ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕਰਨ ਵਾਲੇ ਬਾਅਦ ਵਿੱਚ ਇਸ ਮਸਲੇ 'ਤੇ ਬੋਲੇ ਵੀ ਨਹੀਂ।
ਇਹ ਵੀ ਪੜ੍ਹੋ : ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ 'ਤੇ CM ਚੰਨੀ ਤੇ ਗਵਰਨਰ ਵਿਚਾਲੇ ਫਸਿਆ ਪੇਚ
ਸੁਖਬੀਰ ਬਾਦਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਦੀ ਲੀਡਰਸ਼ਿਪ ਨੇ ਬਾਬਰੀ ਮਸਜਿਦ 'ਤੇ ਹਮਲਾ ਕਰਕੇ ਉਸ ਨੂੰ ਢਾਅ ਦਿੱਤਾ ਸੀ।ਉਸ ਘਟਨਾ ਮਗਰੋਂ ਜਿੰਨੀਆਂ ਵੀ ਚੋਣਾਂ ਹੋਈਆਂ ਕਿਸੇ ਵੀ ਮੁਲਸਮਾਨ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਈਆਂ।ਕਾਂਗਰਸ ਨੇ ਦਰਬਾਰ ਸਾਹਿਬ 'ਤੇ ਟੈਕਾਂ-ਤੋਪਾਂ ਨਾਲ ਹਮਲਾ ਕੀਤਾ।ਹਜ਼ਾਰਾਂ ਭੈਣ-ਭਰਾਵਾਂ ਦਾ ਕਤਲੇਆਮ ਕੀਤਾ, ਕਈ ਗੁਰੂ ਘਰਾਂ ਨੂੰ ਅਗਨੀ ਭੇਟ ਕੀਤਾ ਤੇ ਫਿਰ ਵੀ ਲੋਕ ਉਸੇ ਪਾਰਟੀ ਨੂੰ ਵੋਟਾਂ ਪਾਈ ਜਾ ਰਹੇ ਨੇ। ਕਾਂਗਰਸ ਕੋਲੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਭਾਜਪਾ ਨੇ ਕਾਲੇ ਕਾਨੂੰਨ ਲਿਆਂਦੇ ਅਤੇ ਵਿਰੋਧ ਕਰਦੇ 800 ਕਿਸਾਨ ਸ਼ਹੀਦ ਹੋ ਗਏ । ਕਾਨੂੰਨ ਰੱਦ ਹੋਣ ਮਗਰੋਂ ਹੁਣ ਆਪਣੇ ਲੋਕ ਭਾਜਪਾ 'ਚ ਜਾ ਰਹੇ ਨੇ। ਹੁਣ ਕਿਸੇ ਕਿਸਾਨ ਆਗੂ ਦਾ ਇੱਕ ਵੀ ਬਿਆਨ ਆਇਆ ਤਾਂ ਦੱਸੋ। ਅੱਜ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਸਾਰੇ ਘੇਰਨ ਵਿੱਚ ਲੱਗੇ ਹੋਏ ਨੇ।ਤਿੰਨ ਤਾਕਤਾਂ ਬੀਜੇਪੀ, ਕਾਂਗਰਸ ਅਤੇ 'ਆਪ' ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹਨ। ਹੁਣ ਇਹ ਤੁਹਾਡੇ ਹੱਥ ਵਿੱਚ ਹੈ ਕਿ ਪੰਥ ਨੂੰ ਕਮਜ਼ੋਰ ਕਰਨਾ ਹੈ ਜਾਂ ਤਾਕਤਵਰ ਬਣਾਉਣਾ ਹੈ। ਮੁਤਵਾਜ਼ੀ ਜਥੇਦਾਰ ਅਤੇ ਦਾਦੂਵਾਲ ਹੁਣ ਹੋਈਆਂ ਬੇਅਦਬੀਆਂ ਜਾਂ ਕਾਂਗਰਸ ਸਰਕਾਰ ਖ਼ਿਲਾਫ਼ ਕਦੇ ਨਹੀਂ ਬੋਲੇ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਢਾਅ ਲਾਉਣਾ ਹੈ।
ਸਿੱਖ ਵਿਰਾਸਤ ਨੂੰ ਸਾਂਭਣ ਵਾਲੀ ਪਾਰਟੀ
ਸਿੱਖ ਵਿਰਾਸਤ ਨੂੰ ਜੇਕਰ ਸੰਭਾਲਿਆ ਹੈ ਤਾਂ ਅਕਾਲੀ ਦਲ ਨੇ ਸੰਭਾਲਿਆ ਹੈ।ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਨੇ ਬਾਦਲ ਸਾਹਿਬ ਨੇ ਉਨ੍ਹਾਂ ਥਾਵਾਂ ਨੂੰ ਖ਼ੂਬਸੂਰਤ ਬਣਾ ਦਿੱਤਾ ਹੈ।ਬਾਦਲ ਸਾਹਿਬ ਨੇ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਕਰੋੜਾਂ ਰੁਪਈਆਂ ਦਾ ਫੰਡ ਦਿੱਤਾ ਕਿਉਂਕਿ ਸਾਡੀ ਸੋਚ ਅਮਨ-ਸ਼ਾਂਤੀ ਅਤੇ ਭਾਈਚਾਰਿਕ ਸਾਂਝ ਦੀ ਹੈ।ਜੇਕਰ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਾ ਹੋਏ ਤਾਂ ਕੌੰਮ ਦਾ ਵੀ ਨੁਕਸਾਨ ਹੋਵੇਗਾ ਅਤੇ ਪੰਜਾਬ ਦਾ ਵੀ। ਸੰਗਤ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਜੇ ਤੁਸੀਂ ਆਪਣੇ ਘਰ ਦੀ ਵਾਗਡੋਰ ਕਿਸੇ ਹੋਰ ਨੂੰ ਦੇਣੀ ਹੈ ਤਾਂ ਤੁਹਾਡੀ ਮਰਜੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਕੌਮ ਨੂੰ ਤਾਕਤ ਦੇਣ। ਅਕਾਲੀ ਦਲ ਕੌਮ ਦੇ ਦੋਖੀਆਂ ਖ਼ਿਲਾਫ਼ ਹਮੇਸ਼ਾ ਲੜਾਈ ਲੜਦਾ ਰਹੇਗਾ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ