''ਦਾਖਾ'' ''ਚ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਰਿਹਾ ਬਾਹਰੀ ਉਮੀਦਵਾਰ

10/26/2019 1:59:36 PM

ਲੁਧਿਆਣਾ (ਰਿੰਕੂ) : ਦਾਖਾ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਦਾ ਬਾਹਰੀ ਹੋਣਾ, ਜਿਸ ਦਾ ਜਵਾਬ ਕਾਂਗਰਸ ਪਾਰਟੀ ਚੋਣਾਂ ਦੇ ਅੰਤ ਤੱਕ ਨਾ ਦੇ ਸਕੀ, ਸੰਗਠਨ ਦੇ ਪੱਧਰ 'ਤੇ ਵੀ ਕਾਂਗਰਸ ਅਕਾਲੀਆਂ ਤੋਂ ਪੱਛੜੀ, ਵੱਡੇ ਤੋਂ ਛੋਟੇ ਮੁੱਦੇ 'ਤੇ ਅਕਾਲੀ ਲੀਡਰਸ਼ਿਪ ਮਜ਼ਬੂਤੀ ਨਾਲ ਖੜ੍ਹੀ ਹੋਈ। ਨਾਲ ਹੀ ਕਾਂਗਰਸ ਦੇ ਚਾਹੇ ਮੁੱਖ ਮੰਤਰੀ ਨੇ ਹੋਰਨਾਂ ਉਪ ਚੋਣਾਂ ਦੇ ਮੁਕਾਬਲੇ ਇੱਥੇ ਦੋ ਵਾਰ ਰੋਡ ਸ਼ੋਅ ਕੀਤਾ, ਨਾਲ ਹੀ ਮੰਤਰੀ ਤੋਂ ਲੈ ਕੇ ਸੱਤਾ ਦਾ ਆਨੰਦ ਮਾਣ ਰਹੇ ਸਾਰੇ ਨੇਤਾ ਇੱਥੇ ਮੌਜੂਦ ਰਹੇ ਪਰ ਕਿਸੇ ਨੇ ਵੀ ਅਕਾਲੀਆਂ ਦੇ ਦੋਸ਼ਾਂ ਦਾ ਸਖਤ ਸ਼ਬਦਾਂ 'ਚ ਜਵਾਬ ਨਹੀਂ ਦਿੱਤਾ, ਜਦੋਂ ਕਿ ਦਿਹਾਤੀ ਅਤੇ ਸ਼ਹਿਰੀ ਕਾਂਗਰਸ ਪੂਰੇ ਦਲ-ਬਲ ਨਾਲ ਚੋਣ 'ਚ ਲੱਗੀ ਰਹੀ।

ਕਾਂਗਰਸ ਪਾਰਟੀ ਦੀਆਂ ਲਾਈਆਂ ਡਿਊਟੀਆਂ ਦੀ ਗੱਲ ਕਰੀਏ ਤਾਂ ਉਸ 'ਚ ਵੀ ਇਹ ਜ਼ਿਆਦਾਤਰ ਪਿੰਡਾਂ 'ਚ ਪੂਰੀ ਤਰ੍ਹਾਂ ਨਹੀਂ ਕਰ ਸਕੇ। ਇਹੀ ਹਾਲ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਕਾਂਗਰਸ ਦਾ ਰਿਹਾ। ਅਕਾਲੀਆਂ ਨੇ ਕਾਂਗਰਸ 'ਤੇ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਦੇ ਸੋਸ਼ਲ ਮੀਡੀਆ 'ਤੇ ਜਿੰਨੇ ਵੀ ਦੋਸ਼ ਲਾਏ, ਉਸ 'ਤੇ ਵੀ ਕਾਂਗਰਸ ਵਲੋਂ ਲਏ ਗਏ ਕੁਝ ਸਟੈਂਡ ਇਨ੍ਹਾਂ ਦੇ ਹੀ ਖਿਲਾਫ ਗਏ, ਸਿਆਸੀ ਕਾਰਨਾਂ ਦੀ ਗੱਲ ਕਰੀਏ ਤਾਂ ਲੋਕ ਕਾਂਗਰਸ ਦੀ ਲੋਕਲ ਲੀਡਰਸ਼ਿਪ ਵਲੋਂ ਵਰਕਰਾਂ ਨੂੰ ਲਗਾਤਾਰ ਲਾਏ ਜਾ ਰਹੇ ਲਾਰੇ-ਲੱਪਿਆਂ ਤੋਂ ਅੱਕ ਚੁੱਕੇ ਸਨ, 'ਆਪ' ਦੇ ਵਿਧਾਇਕ ਫੂਲਕਾ ਨੇ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਦੀ ਦੋ ਸਾਲ ਤੱਕ ਸਾਰ ਨਹੀਂ ਲਈ ਅਤੇ ਲੋਕਾਂ ਦੇ ਕੋਲ ਉਨ੍ਹਾਂ ਦਾ ਕੋਈ ਸਥਾਈ ਪਤਾ ਜਾਂ ਫੋਨ ਨੰਬਰ ਤੱਕ ਨਹੀਂ ਸੀ, ਜਿਸ ਕਾਰਨ ਵੀ ਬਾਹਰੀ ਉਮੀਦਵਾਰ ਦਾ ਮੁੱਦਾ ਲੋਕਾਂ ਦੇ ਦਿਲਾਂ 'ਚ ਘਰ ਕਰ ਚੁੱਕਾ ਸੀ। ਇੱਥੇ ਪੰਜਾਬ 'ਚ ਚਾਰ ਉਪ ਚੋਣਾਂ 'ਚ ਚਾਹੇ ਤਿੰਨ ਸੀਟਾਂ 'ਤੇ ਕਾਂਗਰਸ ਦੀ ਜਿੱਤ ਹੋਈ ਪਰ ਦਾਖਾ ਦੀ ਹਾਰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ 'ਤੇ ਭਾਰੀ ਸੱਟ ਵਰਗੀ ਹੈ। ਅੱਗੇ ਸਮਾਂ ਦੱਸੇਗਾ ਕਿ ਇਸ ਹਾਰ ਦਾ ਲੁਧਿਆਣਾ ਦੀ ਸਿਆਸਤ 'ਤੇ ਕੀ ਅਸਰ ਪੈਂਦਾ ਹੈ।


Babita

Content Editor

Related News