ਪੰਜਾਬ ''ਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ ਕਾਂਗਰਸ ਸਰਕਾਰ : ਮਜੀਠੀਆ

05/22/2020 8:16:16 PM

ਅੰਮ੍ਰਿਤਸਰ, (ਛੀਨਾ)- ਕਾਂਗਰਸ ਸਰਕਾਰ ਦੇ ਵਜੀਰਾਂ ਦੇ ਭ੍ਰਿਸ਼ਟਾਚਾਰ ਤੇ ਗੈਰ ਕਾਨੂੰਨੀ ਕੰਮਾ ਦੀਆ ਖਬਰਾਂ ਲਗਾਉਣ ਵਾਲੇ ਪੱਤਰਕਾਰਾਂ 'ਤੇ ਨਾਜਾਇਜ਼ ਪੁਲਸ ਕੇਸ ਦਰਜ ਕਰਕੇ ਲੋਕਤੰਤਰ ਦਾ ਚੋਥਾ ਥੱਮ ਸਮਝੇ ਜਾਣ ਵਾਲੇ ਮੀਡੀਆ ਨੂੰ ਧੱਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਕਾਂਗਰਸ ਦੇ ਰੇਤ ਮਾਫੀਆ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰ ਸਨਪ੍ਰੀਤ ਮਾਂਗਟ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜਖਮੀ ਕਰਕੇ ਕਤਲ ਕੀਤਾ ਜਾਣਾ ਸਾਬਤ ਕਰਦਾ ਹੈ ਕਿ ਸੂਬੇ 'ਚ ਕਾਨੂੰਨ ਨਾਮ ਦੀ ਕੋਈ ਚੀਜ ਨਹੀ ਹੈ। ਸ.ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਤੇ ਵਜੀਰਾਂ ਨੇ ਆਪੋ ਆਪਣੇ ਹਲਕਿਆਂ 'ਚ ਡੀ.ਐਸ.ਪੀ.ਤੇ ਇੰਸਪੈਕਟਰ ਆਪਣੀ ਮੰਨ ਮਰਜੀ ਦੇ ਲਗਾਏ ਹੋਏ ਹਨ ਜਿਹੜੇ ਉਨ੍ਹਾ ਦੇ ਇਸ਼ਾਰੇ 'ਤੇ ਨਾਜਾਇਜ਼ ਪਰਚੇ ਦਰਜ ਕਰਨ 'ਚ ਭੋਰਾ ਵੀ ਨਹੀਂ ਸੋਚਦੇ। ਸ.ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਇਕ ਮੋਜੂਦਾ ਮੰਤਰੀ ਦਾ ਨਾਮ ਲੈਂਦਿਆ ਆਖਿਆ ਕਿ ਉਸ ਨੇ ਰੋਪੜ ਤੇ ਚਮਕੌਰ ਸਾਹਿਬ ਦੇ ਕਈ ਪੱਤਰਕਾਰਾਂ 'ਤੇ ਨਾਜਾਇਜ਼ ਪਰਚੇ ਦਰਜ ਕਰਵਾਏ ਹੋਏ ਹਨ ਤਾਂ ਜੋ ਕੋਈ ਵੀ ਪੱਤਰਕਾਰ ਉਸ ਦੇ ਖਿਲਾਫ ਬੋਲਣ ਜਾਂ ਲਿਖਣ ਦੀ ਕੋਸ਼ਿਸ਼ ਨਾ ਕਰ ਸਕੇ। ਸ.ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਤੋਂ ਬਾਅਦ ਜਿਥੇ ਲੋਕ ਮਰ ਰਹੇ ਸਨ, ਗਰੀਬਾਂ ਨੂੰ ਰਾਸ਼ਣ ਨਹੀਂ ਮਿੱਲ ਰਿਹਾ ਸੀ, ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਜਰੂਰੀ ਉਪਕਰਣ ਨਹੀ ਦਿਤੇ ਜਾ ਰਹੇ ਸਨ, ਮਜਦੂਰ, ਕਿਸਾਨ, ਵਪਾਰੀ, ਦੁਕਾਨਦਾਰ ਆਦਿ ਆਪਣੀਆ ਮੁਸ਼ਕਲਾਂ ਨਾਲ ਜੂਝਦੇ ਹੋਏ ਕਲਪ ਰਹੇ ਸਨ ਤਾਂ ਉਦੋਂ ਕਾਂਗਰਸ ਸਰਕਾਰ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਦੀ ਮਿਲੀ ਭੁੱਗਤ ਨਾਲ ਸ਼ਰਾਬ ਅਤੇ ਰੇਤ ਦੀ ਨਾਜਾਇਜ਼ ਮਾਈਨਿੰਗ ਰਾਹੀ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਕੀਤੇ ਜਾ ਰਹੇ ਸਨ। ਸ.ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ 'ਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੇ ਮੀਡੀਆ ਦੀ ਅਵਾਜ ਦਬਾਉਣਾ ਦਾ ਯਤਨ ਕੀਤਾ ਸੀ। ਸ.ਮਜੀਠੀਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੱਤਰਕਾਰ ਭਾਈਚਾਰੇ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹਾ ਹੈ ਤੇ ਜਿਹੜੇ ਵੀ ਪੱਤਰਕਾਰਾਂ 'ਤੇ ਨਾਜਾਇਜ਼ ਪਰਚੇ ਦਰਜ ਹੋਏ ਉਨ੍ਹਾ ਨੂੰ ਇਨਸਾਫ ਦਿਵਾਉਣ ਵਾਸਤੇ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਅਸੀਂ ਪਿੱਛੇ ਨਹੀ ਹਟਾਂਗੇਂ।


Bharat Thapa

Content Editor

Related News