ਕਾਂਗਰਸ ਸਿੱਖ ਮਾਮਲਿਆਂ ਤੋਂ ਆਪਣੇ ਹੱਥ ਪਰ੍ਹਾਂ ਰੱਖੇ : ਸੁਖਬੀਰ

Tuesday, Oct 03, 2017 - 06:32 AM (IST)

ਕਾਂਗਰਸ ਸਿੱਖ ਮਾਮਲਿਆਂ ਤੋਂ ਆਪਣੇ ਹੱਥ ਪਰ੍ਹਾਂ ਰੱਖੇ : ਸੁਖਬੀਰ

ਚੰਡੀਗੜ੍ਹ, (ਪਰਾਸ਼ਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਬਾਰੇ ਕੀਤੀ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਮੁੱਖ ਮੰਤਰੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸ. ਜੀ. ਪੀ. ਸੀ. ਨੂੰ ਕਾਂਗਰਸ ਦੇ ਜਾਂਚ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਹਿ ਕੇ ਸਿੱਖ ਸੰਸਥਾਵਾਂ ਦਾ ਮਾਣ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਨੇ ਕਿਹਾ ਕਿ ਸਿੱਖਾਂ ਨੂੰ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਦੋਸਤਾਂ ਤੋਂ ਜਾਣਨ ਦੀ ਲੋੜ ਨਹੀਂ ਕਿ ਉਨ੍ਹਾਂ ਦਾ ਅਸਲੀ ਦੁਸ਼ਮਣ ਕੌਣ ਹੈ ਅਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਨੂੰ ਬਦਨਾਮ ਕਰਨ ਲਈ ਕੀਤੀਆਂ ਬੇਅਦਬੀਆਂ ਪਿੱਛੇ ਕੌਣ ਹੋ ਸਕਦਾ ਹੈ? ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਸਾਡੇ ਵਿਰੋਧੀਆਂ ਦੁਆਰਾ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਕੇ ਸਿੱਖਾਂ ਨੂੰ ਇਸ ਤੋਂ ਦੂਰ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਚ ਕਾਂਗਰਸ ਦਾ ਹੱਥ ਹੋਣ ਦੇ ਸਬੂਤਾਂ ਨੂੰ ਮਿਟਾਉਣ ਲਈ ਬਣਾਇਆ ਗਿਆ ਹੈ।
ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਰੇ ਇਸ ਕਮਿਸ਼ਨ ਦੀ ਅਸਲੀਅਤ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਅੰਦਰ ਆਜ਼ਾਦੀ ਅਤੇ ਨਿਰਪੱਖਤਾ ਦੀ ਘਾਟ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਬੁਲਾਰਾ ਬਣਨ ਦੀ ਲੋੜ ਪੈਂਦੀ ਹੈ। ਇਸ ਕਾਂਗਰਸੀ ਸੰਸਥਾ ਨਾਲ ਸਹਿਯੋਗ ਕਰਨ ਤੋਂ ਇਨਕਾਰ ਕੀਤੇ ਜਾਣ ਉਤੇ ਕੈਪਟਨ ਵੱਲੋਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਆਲੋਚਨਾ ਕਰਨ ਵਾਲਾ ਬਿਆਨ ਇਸ ਗੱਲ ਦਾ ਜਿਊਂਦਾ-ਜਾਗਦਾ ਸਬੂਤ ਹੈ ਕਿ ਇਸ ਕਮਿਸ਼ਨ ਨੂੰ ਸਥਾਪਿਤ ਕਰਨ ਦਾ ਅਸਲੀ ਉਦੇਸ਼ ਕੀ ਹੈ। ਇਹ ਕਮਿਸ਼ਨ ਅਸਲ ਵਿਚ ਬੇਅਦਬੀਆਂ ਪਿੱਛੇ ਕਾਂਗਰਸ ਦੀ ਭੂਮਿਕਾ ਉਤੇ ਪਰਦਾ ਪਾਉਣ ਲਈ ਬਣਾਇਆ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕੀਤਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ-ਢੇਰੀ ਕੀਤਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਹੀ ਸਰੂਪਾਂ ਨੂੰ ਸਾੜ ਕੇ ਬੇਅਦਬੀ ਕੀਤੀ ਸੀ, ਉਹੀ ਪਾਰਟੀ ਅੱਜ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਉਤੇ ਮਗਰਮੱਛ ਵਾਲੇ ਹੰਝੂ ਵਹਾ ਰਹੀ ਹੈ। ਸੱਚਾਈ ਇਹ ਹੈ ਕਿ ਬੇਅਦਬੀ ਦੀਆਂ ਇਹ ਸਾਰੀਆਂ ਘਟਨਾਵਾਂ ਅਕਾਲੀ-ਭਾਜਪਾ ਸਰਕਾਰ ਦੇ ਖ਼ਿਲਾਫ ਇਕ ਬਹੁਤ ਵੱਡੀ ਸਾਜ਼ਿਸ਼ ਸਨ ਤੇ ਇਹ ਸਾਜ਼ਿਸ਼ ਰਚਣ ਵਾਲੀ ਕਾਂਗਰਸ ਸੀ। ਹੁਣ ਕੈਪਟਨ ਚਾਹੁੰਦਾ ਹੈ ਕਿ ਅਸੀਂ ਉਸ ਵੱਲੋਂ ਬਣਾਏ ਜਾਂਚ ਕਮਿਸ਼ਨ ਨੂੰ ਮਾਨਤਾ ਦੇ ਦੇਈਏ। ਬਾਦਲ ਨੇ ਕਿਹਾ ਕਿ ਸਿੱਖਾਂ ਦੀ ਰੂਹਾਨੀ ਤਾਕਤ ਦੇ ਚਸ਼ਮੇ ਨੂੰ ਤਬਾਹ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਚੁਣੀ ਹੋਈ ਸੰਸਦ ਐੱਸ. ਜੀ. ਪੀ. ਸੀ. ਵਰਗੀਆਂ ਸਿੱਖ ਸੰਸਥਾਵਾਂ ਦੀ ਪਵਿੱਤਰਤਾ ਅਤੇ ਤਾਕਤ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਕੇ ਕੈਪਟਨ ਸਿਰਫ ਕਾਂਗਰਸ ਦੀ ਪੁਰਾਣੀ ਨੀਤੀ ਨੂੰ ਹੀ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਂਗਰਸ ਨੇ ਪਹਿਲਾਂ ਇਨ੍ਹਾਂ ਸੰਸਥਾਵਾਂ ਉਤੇ ਪਿਛਲੇ ਦਰਵਾਜ਼ੇ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਫਿਰ ਐੱਸ. ਜੀ. ਪੀ. ਸੀ. ਚੋਣਾਂ ਵਿਚ ਆਪਣੇ ਹਥਠੋਕੇ ਉੁਮੀਦਵਾਰ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਨੇ ਇਸ ਦੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਐੱਸ. ਜੀ. ਪੀ. ਸੀ. ਨੂੰ ਭੰਗ ਕਰਨ ਅਤੇ ਇਸ ਦੀ ਥਾਂ ਇਕ ਸਰਕਾਰੀ ਬੋਰਡ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿੱਖਾਂ ਦਾ ਗੁੱਸਾ ਵੇਖ ਕੇ ਇਨ੍ਹਾਂ ਆਪਣਾ ਨਾਪਾਕ ਇਰਾਦਾ ਤਿਆਗ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਹ ਦੁਬਾਰਾ ਝੂਠੇ ਪ੍ਰਾਪੇਗੰਡੇ ਰਾਹੀਂ ਸਿੱਖ ਸੰਸਥਾਵਾਂ ਦੀ ਮਰਿਆਦਾ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੋਂ ਕਾਂਗਰਸ ਆਪਣੇ ਹੱਥ ਪਰ੍ਹਾਂ ਰੱਖੇ।


Related News