ਅੰਦਰੂਨੀ ਸਰਵੇ ਰਾਹੀਂ ਉਮੀਦਵਾਰ ਤੈਅ ਕਰੇਗੀ ਕਾਂਗਰਸ
Thursday, Apr 05, 2018 - 06:39 AM (IST)

ਜਲੰਧਰ (ਰਵਿੰਦਰ ਸ਼ਰਮਾ) - ਸ਼ਾਹਕੋਟ ਉਪ ਚੋਣ ਨੂੰ ਲੈ ਕੇ ਇਕ ਪਾਸੇ ਜਿੱਥੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਨ ਵਿਚ ਪਹਿਲ ਕਰ ਲਈ ਹੈ, ਉਥੇ ਹੁਣ ਕਾਂਗਰਸ ਨੇ ਵੀ ਅਕਾਲੀ ਦਲ ਦੇ ਇਸ ਗੜ੍ਹ ਵਿਚ ਸੰਨ੍ਹ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਅੰਦਰੂਨੀ ਸਰਵੇ ਨਾਲ ਹਲਕੇ ਲਈ ਉਮੀਦਵਾਰੀ ਤੈਅ ਕਰੇਗੀ। ਇਸਦੇ ਲਈ ਪਾਰਟੀ ਨੇ ਅੰਦਰੂਨੀ ਸਰਵੇ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ। ਸਰਵੇ ਵਿਚ ਇਸ ਗੱਲ 'ਤੇ ਜ਼ਿਆਦਾ ਫੋਕਸ ਰਹੇਗਾ ਕਿ ਬਾਹਰੀ ਉਮੀਦਵਾਰ ਹੋਵੇ ਜਾਂ ਲੋਕਲ ਉਮੀਦਵਾਰ।
ਭਾਵੇਂ ਮੁਢਲੇ ਤੌਰ 'ਤੇ ਪਾਰਟੀ ਇਥੇ ਬਾਹਰੋਂ ਕਿਸੇ ਵੱਡੇ ਆਗੂ ਨੂੰ ਮੈਦਾਨ ਵਿਚ ਉਤਾਰਨ ਦੇ ਹੱਕ ਵਿਚ ਸੀ ਪਰ ਲੋਕਲ ਲਾਬੀ ਦੇ ਵਿਰੋਧ 'ਤੇ ਉਤਰ ਆਉਣ ਕਾਰਨ ਹੁਣ ਪਾਰਟੀ ਨੂੰ ਸਰਵੇ ਕਰਵਾਉਣਾ ਪੈ ਰਿਹਾ ਹੈ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜੋ ਲੀਡਰ ਸਾਰਿਆਂ ਨੂੰ ਪਸੰਦ ਹੋਵੇਗਾ, ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ ਅਤੇ ਜਿੱਤਣ ਵਾਲੇ ਆਗੂ 'ਤੇ ਹੀ ਪਾਰਟੀ ਦਾਅ ਲਾਵੇਗੀ।
ਜ਼ਿਕਰਯੋਗ ਹੈ ਕਿ ਸ਼ਾਹਕੋਟ ਵਿਧਾਨ ਸਭਾ ਸੀਟ 'ਤੇ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਇਸ ਸੀਟ 'ਤੇ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਦਾ ਪੂਰਾ ਜ਼ੋਰ ਰਿਹਾ। ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਚੁੱਕੀ ਹੈ ਤੇ ਅਗਲੇ ਕੁਝ ਦਿਨਾਂ ਵਿਚ ਚੋਣ ਕਮਿਸ਼ਨ ਇਥੇ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ ਕਿਉਂਕਿ ਇਹ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਤੇ ਟਕਸਾਲੀ ਵੋਟ ਨੂੰ ਆਪਣੇ ਪੱਖ ਵਿਚ ਹੀ ਰੱਖਣ ਲਈ ਅਕਾਲੀ ਦਲ ਨੇ ਪਹਿਲ ਕਰਦਿਆਂ ਇਥੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਕੋਹਾੜ ਦੇ ਪਰਿਵਾਰ ਤੋਂ ਨਾਇਬ ਸਿੰਘ ਕੋਹਾੜ ਨੂੰ ਟਿਕਟ ਦੇ ਕੇ ਹਮਦਰਦੀ ਦੀ ਖੇਡ ਵੀ ਖੇਡੀ ਹੈ ਤੇ ਨਾਲ ਹੀ ਪੰਥਕ ਵੋਟ ਨੂੰ ਵੀ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੂਜੇ ਪਾਸੇ 2017 ਵਿਧਾਨ ਸਭਾ ਚੋਣਾਂ ਵਿਚ 40 ਹਜ਼ਾਰ ਦੇ ਕਰੀਬ ਵੋਟਾਂ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਡਾ. ਅਮਰਜੀਤ ਸਿੰਘ ਥਿੰਦ ਨੂੰ ਵੀ ਪਾਰਟੀ ਵਿਚ ਸ਼ਾਮਲ ਕਰ ਕੇ ਆਪਣਾ ਵੋਟ ਬੈਂਕ ਹੋਰ ਮਜ਼ਬੂਤ ਕਰ ਲਿਆ ਹੈ ਕਿਉਂਕਿ ਇਸ ਸਮੇਂ ਸੂਬੇ ਦੀ ਸੱਤਾ 'ਤੇ ਕਾਂਗਰਸ ਕਾਬਜ਼ ਹੈ ਤੇ ਇਹ ਉਪ ਚੋਣ ਉਨ੍ਹਾਂ ਲਈ ਇੱਜ਼ਤ ਦਾ ਸਵਾਲ ਹੋਵੇਗੀ। ਜੇਕਰ ਸੱਤਾ ਵਿਚ ਰਹਿੰਦਿਆਂ ਕਾਂਗਰਸ ਇਹ ਸੀਟ ਹਾਰ ਜਾਂਦੀ ਹੈ ਤਾਂ ਪਾਰਟੀ ਨੂੰ ਇਸਦਾ ਜ਼ਮੀਨੀ ਪੱਧਰ 'ਤੇ ਨੁਕਸਾਨ ਹੋਵੇਗਾ।
ਪਾਰਟੀ ਦੀ ਜਿੱਤ ਨੂੰ ਹਰ ਹਾਲ ਵਿਚ ਯਕੀਨੀ ਬਣਾਉਣ ਲਈ ਪਾਰਟੀ ਨੇ ਅੰਦਰੂਨੀ ਤੌਰ 'ਤੇ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤਾਂ ਕਾਫੀ ਬਾਹਰੀ ਆਗੂ ਇਸ ਸੀਟ 'ਤੇ ਨਜ਼ਰਾਂ ਗੱਡੀ ਬੈਠੇ ਸਨ ਪਰ ਜਿਵੇਂ ਹੀ ਹਾਈਕਮਾਨ ਨੂੰ ਇਹ ਰਿਪੋਰਟ ਪਹੁੰਚੀ ਕਿ ਬਾਹਰੀ ਉਮੀਦਵਾਰ ਉਤਾਰਨ ਨਾਲ ਲੋਕਲ ਆਗੂ ਨਾਰਾਜ਼ ਹੋ ਸਕਦੇ ਹਨ ਅਤੇ ਵਿਰੋਧ ਵਜੋਂ ਅਕਾਲੀ ਦਲ ਨੂੰ ਇਸਦਾ ਫਾਇਦਾ ਹੋ ਸਕਦਾ ਹੈ ਤਾਂ ਪਾਰਟੀ ਨੇ ਆਪਣਾ ਫੈਸਲਾ ਬਦਲ ਲਿਆ ਹੈ ਕਿਉਂਕਿ ਕਾਂਗਰਸ ਲਹਿਰ ਵਿਚ ਵੀ ਲਾਡੀ ਸ਼ੇਰੋਵਾਲੀਆ ਇਥੋਂ ਚੋਣ ਹਾਰ ਗਏ ਸਨ, ਇਸ ਲਈ ਉਨ੍ਹਾਂ ਦੀ ਪੁਜ਼ੀਸ਼ਨ ਇਥੇ ਜ਼ਿਆਦਾ ਮਜ਼ਬੂਤ ਨਹੀਂ ਹੈ। ਹਾਈਕਮਾਨ ਵੀ ਇਕ ਸਾਲ ਪਹਿਲਾਂ ਹੀ ਚੋਣ ਹਾਰਨ ਵਾਲੇ ਆਗੂ 'ਤੇ ਦਾਅ ਨਹੀਂ ਖੇਡਣਾ ਚਾਹੇਗੀ।
ਦੂਜੇ ਪਾਸੇ ਲੋਕਲ ਆਗੂਆਂ ਦੀ ਗੱਲ ਕਰੀਏ ਤਾਂ ਹੁਣ ਮੈਦਾਨ ਵਿਚ ਬ੍ਰਿਜ ਭੁਪਿੰਦਰ ਲਾਲੀ, ਡਾ. ਨਵਜੋਤ ਦਹੀਆ, ਕੈਪਟਨ ਹਰਮਿੰਦਰ ਸਿੰਘ ਤੇ ਐਡਵੋਕੇਟ ਜਸਪ੍ਰੀਤ ਸਿੰਘ ਹੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਜਦੋਂਕਿ ਬਾਹਰੀ ਉਮੀਦਵਾਰ ਦੇ ਤੌਰ 'ਤੇ ਰਾਜਿੰਦਰ ਕੌਰ ਭੱਠਲ, ਲਾਲ ਸਿੰਘ ਤੇ ਅਵਤਾਰ ਹੈਨਰੀ ਲਾਈਨ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਬ੍ਰਿਜ ਭੁਪਿੰਦਰ ਲਾਲੀ ਜਿਥੇ ਪੁਰਾਣੇ ਆਗੂ ਹਨ, ਉਥੇ ਡਾ. ਦਹੀਆ ਦੀ ਲੋਕਲ ਵੋਟਰਾਂ 'ਤੇ ਚੰਗੀ ਪਕੜ ਹੈ। ਨੌਜਵਾਨ ਆਗੂ ਜਸਪ੍ਰੀਤ ਸਿੰਘ ਇਕ ਪਾਸੇ ਜਿਥੇ ਟਕਸਾਲੀ ਕਾਂਗਰਸੀ ਪਰਿਵਾਰ ਤੋਂ ਹਨ, ਉਥੇ ਉਨ੍ਹਾਂ ਦੀ ਨੌਜਵਾਨਾਂ 'ਤੇ ਕਾਫੀ ਪਕੜ ਹੈ ਅਤੇ ਬਾਰ ਐਸੋਸੀਏਸ਼ਨ ਨਕੋਦਰ ਪਹਿਲਾਂ ਹੀ ਉਨ੍ਹਾਂ ਦੇ ਹੱਕ ਵਿਚ ਮਤਾ ਪਾਸ ਕਰ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਦੇ ਅੰਦਰੂਨੀ ਸਰਵੇ ਵਿਚ ਬਾਜ਼ੀ ਬਾਹਰੀ ਆਗੂ ਦੇ ਹੱਥ ਵਿਚ ਜਾਂਦੀ ਹੈ ਜਾਂ ਫਿਰ ਲੋਕਲ ਆਗੂ ਦੇ ਹੱਥ ਵਿਚ।