ਨਵਜੋਤ ਸਿੱਧੂ ਨਾਲ ਕਲੇਸ਼ ਦਰਮਿਆਨ ਸੁਨੀਲ ਜਾਖੜ ਦਾ ਧਮਾਕੇਦਾਰ ਟਵੀਟ, ਆਖੀ ਵੱਡੀ ਗੱਲ

Wednesday, Dec 01, 2021 - 06:50 PM (IST)

ਚੰਡੀਗੜ੍ਹ/ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਸਿਆਸੀ ਜੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸਿੱਧੂ ਨੇ ਜਦੋਂ ਤੋਂ ਜਾਖੜ ਖ਼ਿਲਾਫ਼ ਇਹ ਬਿਆਨ ਦਿੱਤਾ ਸੀ ਕਿ ਸਾਬਕਾ ਪ੍ਰਦੇਸ਼ ਪ੍ਰਧਾਨ ਪੰਜਾਬ ਨਾਲ ਸਬੰਧਤ ਕਿਸੇ ਵੀ ਮੁੱਦੇ ਨੂੰ ਉਠਾ ਨਹੀਂ ਸਕੇ, ਉਦੋਂ ਤੋਂ ਲੈ ਕੇ ਦੋਹਾਂ ਦਰਮਿਆਨ ਆਪਸੀ ਜੰਗ ਚੱਲੀ ਆ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਅਤੇ ਕਾਰਜਕਾਰੀ ਪ੍ਰਧਾਨਾਂ ਦੀ ਸੂਚੀ ਪਿਛਲੇ 12 ਦਿਨਾਂ ਤੋਂ ਪਾਰਟੀ ਹਾਈਕਮਾਨ ਨੂੰ ਮਨਜ਼ੂਰੀ ਲਈ ਭੇਜੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਮੁੱਦਿਆਂ ’ਤੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ

ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੈਰਿਟ ਦੇ ਆਧਾਰ ’ਤੇ ਸੂਚੀ ਤਿਆਰ ਕਰ ਕੇ ਭੇਜੀ ਹੈ ਪਰ ਇਹ ਵੀ ਚਰਚਾਵਾਂ ਸੁਣਨ ਨੂੰ ਮਿਲੀਆਂ ਸਨ ਕਿ ਹਾਈਕਮਾਨ ਨੇ ਇਸ ਸੂਚੀ ’ਚ ਕੱਟ ਲਗਾ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੁਝ ਨਾਵਾਂ ਦਾ ਸੁਝਾਅ ਦਿੱਤਾ ਸੀ, ਜਿਨ੍ਹਾਂ ’ਤੇ ਕੇਂਦਰੀ ਲੀਡਰਸ਼ਿਪ ਨੇ ਸਹਿਮਤੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦਾ ਵੱਡਾ ਧਮਾਕਾ

ਇਨ੍ਹਾਂ ਚਰਚਾਵਾਂ ਦਰਮਿਆਨ ਸੁਨੀਲ ਜਾਖੜ ਨੇ ਇਕ ਟਵੀਟ ਜਾਰੀ ਕਰਕੇ ਸਿੱਧੂ ’ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਵਿੰਨ੍ਹਿਆ। ਦਰਅਸਲ ਜਾਖੜ ਨੇ ਟਵੀਟ ’ਚ ਕਿਹਾ ਸੀ ਕਿ ‘ਤੁਹਾਡੇ ਬਾਂਦਰ, ਤੁਹਾਡੀ ਸਰਕਸ, ਮੈਂ ਇਸ ਕਹਾਵਤ ਨੂੰ ਫਾਲੋ ਕਰਦਾ ਹਾਂ। ਮੈਂ ਨਾ ਕਿਸੇ ਨੂੰ ਕੋਈ ਸੁਝਾਅ ਦਿੱਤਾ ਹੈ ਅਤੇ ਨਾ ਹੀ ਦੂਜਿਆਂ ਦੇ ਸ਼ੋ’ ਵਿਚ ਦਖਲ ਦਿੰਦਾ ਹਾਂ। ਉਨ੍ਹਾਂ ਟਵੀਟ ’ਚ ਲਿਖਿਆ ਹੈ ਕਿ ਮੇਰਾ ਨਵੀਂ ਕਾਰਜਕਾਰਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਾਖੜ ਦੇ ਇਸ ਟਵੀਟ ਨੂੰ ਸਿੱਧੂ ਵਲੋਂ ਦਿੱਤੀ ਗਈ ਕਾਂਗਰਸ ਅਹੁਦੇਦਾਰਾਂ ਦੀ ਸੂਚੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਲਈ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਟਵੀਟ ਵਾਰ ਕਾਂਗਰਸ ਦੇ ਅੰਦਰ ਕਾਫੀ ਗਰਮਾ ਚੁੱਕੀ ਹੈ। ਜਾਖੜ ਨੇ ਇਸ ਟਵੀਟ ਦੇ ਬਹਾਨੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਕੋਈ ਸੁਝਾਅ ਦਿੱਤਾ ਸੀ ਅਤੇ ਨਾ ਹੀ ਦੂਜੇ ਦੇ ਕੰਮ ’ਚ ਦਖਲਅੰਦਾਜ਼ੀ ਕੀਤੀ ਹੈ।

ਇਹ ਵੀ ਪੜ੍ਹੋ : ਐਕਸ਼ਨ ਮੋਡ ’ਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News