ਕਾਂਗਰਸ ’ਚ ਮੁੜ ਵੱਡਾ ਭੂਚਾਲ ਆਉਣ ਦੇ ਸੰਕੇਤ, ਜਵਾਬੀ ਹਮਲੇ ਦੀ ਤਿਆਰੀ ’ਚ ਸੁਨੀਲ ਜਾਖੜ
Saturday, May 07, 2022 - 11:06 PM (IST)
ਚੰਡੀਗੜ੍ਹ (ਹਰੀਸ਼) : ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਸੁਨੀਲ ਜਾਖੜ ਹੁਣ ਪਾਰਟੀ ’ਤੇ ਵੱਡਾ ਹਮਲਾ ਬੋਲਣ ਦੀ ਤਿਆਰੀ ਵਿਚ ਹਨ। ਇਸ ਲਈ ਉਹ ਹਰ ਦਸਤਾਵੇਜ਼ ਅਤੇ ਮਸੌਦਾ ਤਿਆਰ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਨੇਤਾਵਾਂ ਨੂੰ ਜਨਤਕ ਤੌਰ ’ਤੇ ਨੰਗਾ ਕਰ ਸਕਣ, ਜਿਨ੍ਹਾਂ ਕਾਰਣ ਉਨ੍ਹਾਂ ਨੂੰ ਪਾਰਟੀ ਵਿਚ ਹਾਸ਼ੀਏ ’ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਜ਼ਾ ਘਟਨਾਕ੍ਰਮ ਤੋਂ ਜਾਖੜ ਬੇਹੱਦ ਨਿਰਾਸ਼ ਹਨ। ਉਨ੍ਹਾਂ ਦੀ ਦਲੀਲ ਹੈ ਕਿ ਚੋਣਾਂ ਸਮੇਂ ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਦੇ ਉਨ੍ਹਾਂ ਦੇ ਬਿਆਨਾਂ ’ਤੇ ਹਾਈਕਮਾਨ ਨੇ ਉਨ੍ਹਾਂ ਨੂੰ ਕਦੇ ਕੁਝ ਨਹੀਂ ਕਿਹਾ ਸੀ ਪਰ ਹੁਣ ‘ਸੀਨੀਅਰ ਨੇਤਾਵਾਂ’ ਖ਼ਿਲਾਫ ਬਿਆਨਬਾਜ਼ੀ ਲਈ ਉਨ੍ਹਾਂ ਨੂੰ ਨੋਟਿਸ ਫੜ੍ਹਾ ਦਿੱਤਾ ਗਿਆ। ਉਨ੍ਹਾਂ ਦੀ ਯੋਜਨਾ 13 ਤੋਂ 15 ਮਈ ਦੌਰਾਨ ਮੀਡੀਆ ਜ਼ਰੀਏ ਪਾਰਟੀ ਵਲੋਂ ਜਵਾਬਤਲਬੀ ਕਰਨ ਦੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਜਾਣਬੁੱਝ ਕੇ ਇਹ ਸਮਾਂ ਚੁਣਿਆ ਹੈ ਜਦੋਂ ਕਾਂਗਰਸ ਉਦੈਪੁਰ ਵਿਚ ਸੰਕਲਪ ਕੈਂਪ ਆਯੋਜਿਤ ਕਰ ਰਹੀ ਹੋਵੇਗੀ ਜਿਸ ਵਿਚ ਦੇਸ਼ ਭਰ ਤੋਂ 400 ਦੇ ਕਰੀਬ ਸੀਨੀਅਰ ਪਾਰਟੀ ਨੇਤਾ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਿਓ, ਦੋਵਾਂ ਦੀ ਹੋਈ ਦਰਦਨਾਕ ਮੌਤ
ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹਣ ਦੀ ਤਿਆਰੀ
ਪੰਜਾਬ ਦੇ ਕੁਝ ਨੇਤਾਵਾਂ ਤੋਂ ਇਲਾਵਾ ਹਾਈਕਮਾਨ ਦੇ ਕੁਝ ਕਰੀਬੀ ਨੇਤਾਵਾਂ ਖ਼ਿਲਾਫ ਸੁਨੀਲ ਜਾਖੜ ਪੁਖਤਾ ਦਸਤਾਵੇਜ਼ ਇਕੱਠੇ ਕਰ ਰਹੇ ਹਨ। ਹਾਈਕਮਾਨ ਦੇ ਕਰੀਬੀ ਇਨ੍ਹਾਂ ਨੇਤਾਵਾਂ ਵਿਚ ਇੱਕ ਮਹਿਲਾ ਨੇਤਾ ਅਤੇ ਰਾਜਸਥਾਨ ਦਾ ਨੇਤਾ ਵੀ ਸ਼ਾਮਿਲ ਹੈ। ਉਨ੍ਹਾਂ ਦੀ ਪੂਰੀ ਤਿਆਰੀ ਇਸ ਗੱਲ ’ਤੇ ਚੱਲ ਰਹੀ ਹੈ ਕਿ ਤਿੰਨੇ ਦਿਨ ਮੀਡੀਆ ਨੂੰ ਅਜਿਹਾ ਮਸਾਲਾ ਦਿੱਤਾ ਜਾਵੇ ਜੋ ਕਾਂਗਰਸ ਦੇ ਸੰਕਲਪ ਕੈਂਪ ਦੇ ਏਜੰਡੇ ’ਤੇ ਭਾਰੀ ਪੈ ਸਕੇ। ਉਹ ਸਾਬਕਾ ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਤੱਕ ਦੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹਣ ਤੋਂ ਇਲਾਵਾ ਕੇਂਦਰੀ ਨੇਤਾਵਾਂ ਦੇ ਲੈਣ-ਦੇਣ ਨੂੰ ਉਜਾਗਰ ਕਰਨ ਦੇ ਮੂਡ ਵਿਚ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਹਾਈ ਪ੍ਰੋਫਾਈਲ ਦੋਹਰੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਯੂ. ਕੇ. ਤੋਂ ਆਏ ਕਾਤਲ ਨੇ ਇੰਝ ਖੇਡੀ ਖੂਨੀ ਖੇਡ
ਕਦੇ ਚੰਨੀ ਨਾਲ ਨਹੀਂ ਬਣੀ ਜਾਖੜ ਦੀ
ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਲੰਬੇ ਅਰਸੇ ਤੋਂ ਤਨਾਤਨੀ ਰਹੀ ਹੈ। ਸਾਲ 2015 ਵਿਚ ਜਦੋਂ ਜਾਖੜ ਨੂੰ ਅਚਾਨਕ ਪੰਜਾਬ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾਇਆ ਗਿਆ ਸੀ ਤੱਦ ਉਨ੍ਹਾਂ ਦੀ ਜਗ੍ਹਾ ’ਤੇ ਚੰਨੀ ਨੂੰ ਹੀ ਲਿਆਂਦਾ ਗਿਆ ਸੀ। ਇਸ ਵਾਰ ਵੀ ਅਜਿਹਾ ਹੀ ਕੁਝ ਹੋਇਆ ਸੀ। ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵਿਧਾਇਕਾਂ ਵਲੋਂ ਨਵੇਂ ਮੁੱਖ ਮੰਤਰੀ ਅਹੁਦੇ ਲਈ ਨਾਮ ਪੁੱਛੇ ਜਾਣ ’ਤੇ 79 ਵਿਚੋਂ 42 ਵਿਧਾਇਕਾਂ ਨੇ ਜਾਖੜ ਦਾ ਨਾਮ ਸੁਝਾਇਆ ਸੀ ਪਰ ਹਾਈਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।
ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ
ਦੋ ਵੱਡੀਆਂ ਪਾਰਟੀਆਂ ਵੱਲੋਂ ਮਿਲ ਚੁੱਕੀ ਹੈ ਆਫਰ
ਸੁਨੀਲ ਜਾਖੜ ਨੂੰ ਚੋਣਾਂ ਤੋਂ ਪਹਿਲਾਂ ਦੋ ਵੱਡੀਆਂ ਰਾਜਨੀਤਕ ਪਾਰਟੀਆਂ ਵਲੋਂ ਆਫਰ ਆਈ ਸੀ ਜਿਸਨੂੰ ਉਨ੍ਹਾਂ ਨੇ ਨਕਾਰ ਦਿੱਤਾ ਸੀ। ਉਨ੍ਹਾਂ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਇਨ੍ਹਾਂ ਵਿਚ ਭਾਜਪਾ ਨੇ ਤਾਂ ਉਨ੍ਹਾਂ ਨੂੰ ਕੇਂਦਰੀ ਰਾਜਨੀਤੀ ਵਿਚ ਆਉਣ ਤੱਕ ਦਾ ਪ੍ਰਸਤਾਵ ਦੇ ਦਿੱਤਾ ਸੀ ਜਦੋਂਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਅਕਸ ਨੂੰ ਭੁਨਾਉਣ ਲਈ ਪੰਜਾਬ ਵਿਚ ਹੀ ਪਾਰਟੀ ਵਿਚ ਅਹਿਮ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਜਾਖੜ ਇਸ ਗੱਲ ਦੇ ਇੰਤਜ਼ਾਰ ਵਿਚ ਹਨ ਕਿ ਪਾਰਟੀ ਉਨ੍ਹਾਂ ਖ਼ਿਲਾਫ ਕੋਈ ਐਕਸ਼ਨ ਲਵੇ ਤਾਂਕਿ ਉਹ ਆਪਣੀ ਨਵੀਂ ਰਾਜਨੀਤਕ ਮੰਜ਼ਿਲ ਲੱਭ ਸਕਣ ਪਰ ਚੋਣਾਂ ਤੋਂ ਪਹਿਲਾਂ ਅਤੇ ਹੁਣ ਤੱਕ ਕਾਫ਼ੀ ਮਾਹੌਲ ਬਦਲ ਚੁੱਕਿਆ ਹੈ। ਭਾਜਪਾ ਅਤੇ ‘ਆਪ’ ਹੁਣ ਵੀ ਉਨ੍ਹਾਂ ਵਿਚ ਓਨੀ ਹੀ ਦਿਲਚਸਪੀ ਦਿਖਾਉਣਗੇ, ਇਹ ਵੀ ਵੇਖਣਾ ਹੋਵੇਗਾ।
ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ
ਦੋ ਵੱਡੇ ਨੇਤਾ ਸਿਰਫ਼ 7 ਮਹੀਨਿਆਂ ’ਚ ਕਾਂਗਰਸ ਤੋਂ ਹੋਏ ਦੂਰ
ਜਾਖੜ ਨੇ ਜਿਸ ਤਰ੍ਹਾਂ ਕਾਂਗਰਸ ਵਲੋਂ ਉਨ੍ਹਾਂ ਨੂੰ ਦੁਰਵਿਵਹਾਰ ਕਰਨ ਨੂੰ ਆਪਣੇ ਆਤਮ-ਸਨਮਾਨ ਨਾਲ ਜੋੜ ਕੇ ਪਲਟਵਾਰ ਕਰਨ ਦਾ ਮਨ ਬਣਾਇਆ ਹੈ ਉਸ ਤੋਂ ਇਹ ਸਾਫ਼ ਹੈ ਕਿ ਉਹ ਕਿਸੇ ਵੀ ਸਮੇਂ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਅਜਿਹਾ ਹੋਣ ’ਤੇ ਕਾਂਗਰਸ ਸਿਰਫ਼ 7 ਮਹੀਨਿਆਂ ਵਿਚ ਪੰਜਾਬ ਵਿਚ ਆਪਣੇ ਦੋ ਦਿੱਗਜਾਂ ਨੂੰ ਖੋਹ ਚੁੱਕੀ ਹੋਵੇਗੀ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਹੀ ਨੇਤਾ ਪੰਜਾਬ ਵਿਚ ਸਰਕਾਰ ਅਤੇ ਸੰਗਠਨ ਵਿਚ ਉੱਚ ਅਹੁਦਿਆਂ ’ਤੇ ਰਹੇ ਹਨ। ਇਸ ਤੋਂ ਪਹਿਲਾਂ ਨਵੰਬਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ਗਠਿਤ ਕੀਤੀ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਕੇਜਰੀਵਾਲ ਨੂੰ ਤਿੱਖੇ ਸਵਾਲ, ਰੇਤ ਮਾਮਲੇ ਨੂੰ ਲੈ ਕੇ ਬੋਲਿਆ ਵੱਡਾ ਹਮਲਾ
ਪਰਨੀਤ ਕੌਰ ਨੇ ਵੀ ਨਹੀਂ ਦਿੱਤਾ ਸੀ ਨੋਟਿਸ ਦਾ ਜਵਾਬ
ਕਾਂਗਰਸ ਹਾਈਕਮਾਨ ਦੀ ਪਾਰਟੀ ’ਤੇ ਪਕੜ ਕਿੰਨੀ ਕਮਜ਼ੋਰ ਪੈ ਚੁੱਕੀ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਦੇ ਇਸ਼ਾਰੇ ’ਤੇ ਜਾਰੀ ਹੁੰਦੇ ਕਾਰਣ ਦੱਸੋ ਨੋਟਿਸ ਨੂੰ ਕੋਈ ਵੀ ਹੁਣ ਗੰਭੀਰਤਾ ਨਾਲ ਨਹੀਂ ਲੈਂਦਾ। ਜਾਖੜ ਤੋਂ ਪਹਿਲਾਂ ਪਟਿਆਲਾ ਤੋਂ ਕਾਂਗਰਸ ਸੰਸਦ ਮੈਂਬਰ ਪਰਨੀਤ ਕੌਰ ਵੀ ਪੰਜਾਬ ਇੰਚਾਰਜ ਹਰੀਸ਼ ਚੌਧਰੀ ਦੇ ਨੋਟਿਸ ਨੂੰ ਨਜ਼ਰ-ਅੰਦਾਜ਼ ਕਰ ਚੁੱਕੇ ਹਨ। ਪਰਨੀਤ ਕੌਰ ’ਤੇ ਚੋਣਾਂ ਸਮੇਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜੋ ਭਾਜਪਾ ਨਾਲ ਗੱਠ-ਜੋੜ ਵਿਚ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਸਨ ਪਰ ਪਰਨੀਤ ਕੌਰ ਨੇ ਨਾ ਕੋਈ ਜਵਾਬ ਦਿੱਤਾ ਅਤੇ ਨਾ ਹੀ ਦੁਬਾਰਾ ਉਨ੍ਹਾਂ ਨੂੰ ਪਾਰਟੀ ਨੇ ਕੋਈ ਨੋਟਿਸ ਭੇਜਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਦਾ ਨਤੀਜਾ ਐਲਾਨਿਆ, ਮਾਨਸਾ ਦੀ ਸੁਖਮਨ ਕੌਰ ਰਹੀ ਪੰਜਾਬ ਭਰ ’ਚੋਂ ਅੱਵਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?