ਕਾਂਗਰਸ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫਾ

08/26/2016 12:22:02 PM

ਚੰਡੀਗੜ੍ਹ— ਜਲੰਧਰ ''ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ''ਤੇ ਕਾਤਲਾਨਾ ਹਮਲੇ ਦੀ ਜਾਂਚ ਨੂੰ ਸੀ. ਬੀ. ਆਈ ਹਵਾਲੇ ਕੀਤੇ ਜਾਣ ਦਾ ਸਵਾਗਤ ਕਰਦਿਆਂ ਪੰਜਾਬ ''ਚ ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸ ਵਿਧਾਇਕ ਦਲ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤੋਂ ਸੂਬੇ ਦੀਆਂ ਜਾਂਚ ਏਜੰਸੀਆਂ ਦੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਨਾਕਾਮੀ ਦਾ ਪਤਾ ਚਲਦਾ ਹੈ। ਅਜਿਹੇ ''ਚ ਸੁਖਬੀਰ ਨੂੰ ਬਤੌਰ ਗ੍ਰਹਿ ਮੰਤਰੀ ਆਪਣੀ ਨਾਕਾਮੀ ਨੂੰ ਸਵੀਕਾਰ ਕਰਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ''ਚ ਇਹ ਤੀਜਾ ਵੱਡਾ ਮਾਮਲਾ ਹੈ, ਜਿਸ ''ਚ ਸੂਬੇ ਦੀਆਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਕਾਬੂ ਕਰਨ ''ਚ ਨਾਕਾਮ ਰਹੀਆਂ ਹਨ। ਇਸੇ ਲੜੀ ਹੇਠ ਪਹਿਲਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸੀ, ਜਿਸਨੇ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਲੜੀ ਸ਼ੁਰੂ ਕੀਤੀ। ਪੁਲਸ 1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗਾਇਬ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੱਭਣ ''ਚ ਵੀ ਨਾਕਾਮ ਰਹੀ ਹੈ। ਦੂਜਾ ਮਾਮਲਾ ਮਾਤਾ ਚੰਦ ਕੌਰ ਜੀ ਦੀ ਭੈਣੀ ਸਾਹਿਬ ਵਿਖੇ ਹੱਤਿਆ ਸੀ ਅਤੇ ਤੀਜ਼ਾ ਹਮਲਾ ਜਲੰਧਰ ਦੇ ਭੀੜ ਵਾਲੇ ਬਾਜ਼ਾਰ ''ਚ ਬਿਗ੍ਰੇਡੀਅਰ ਗਗਨੇਜਾ ''ਤੇ ਹੋਇਆ ਹਮਲਾ ਹੈ ਪਰ ਸੂਬਾ ਸਰਕਾਰ ਦੀਆਂ ਏਜੰਸੀਆਂ ਤਿੰਨਾਂ ''ਚ ਫੇਲ ਰਹੀਆਂ ਹਨ।  
ਚੰਨੀ ਨੇ ਦੋਸ਼ ਲਗਾਇਆ ਕਿ ਇਸ ਸਭ ਦਾ ਮੂਲ ਕਾਰਨ ਅਕਾਲੀ-ਭਾਜਪਾ ਦੇ ਸ਼ਾਸਨਕਾਲ ਦੌਰਾਨ ਪੁਲਸ ਦਾ ਸਿਆਸੀਕਰਨ ਹੈ, ਜਿਸਨੇ ਪੰਜਾਬ ਪੁਲਸ ਦੇ ਪ੍ਰੋਫੈਸ਼ਨਲਿਜ਼ਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਉਹੀ ਫੋਰਸ ਹੈ, ਜਿਸਨੇ ਅੱਤਵਾਦ ਨੂੰ ਕਾਬੂ ਕਰਨ ''ਚ ਸਫਲਤਾ ਹਾਸਲ ਕੀਤੀ ਸੀ ਅਤੇ ਪੰਜਾਬ ਇਕਲੌਤਾ ਸੂਬਾ ਹੈ, ਜਿਥੇ ਹਾਲਾਤ ਕੰਟਰੋਲ ''ਚ ਆਏ ਹਨ। ਹਾਲਾਂਕਿ, 2007 ਤੋਂ ਬਾਅਦ ਵਰਤਮਾਨ ਸ਼ਾਸਨ ਦੇ ਸੱਤਾ ''ਚ ਆਉਣ ''ਤੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ।


Gurminder Singh

Content Editor

Related News