ਕਾਂਗਰਸੀ ਸਕੱਤਰ ਜਗਦੀਸ਼ ਜੱਸਲ ਤੇ ਸੁਖਬੀਰ ਮਿਨਹਾਸ ਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ’ਚ ਹੋਏ ਸ਼ਾਮਲ

Monday, Nov 22, 2021 - 10:46 PM (IST)

ਭੋਗਪੁਰ (ਰਾਣਾ ਭੋਗਪੁਰੀਆ)-ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਬਹੁਤ ਦੂਰਅੰਦੇਸ਼ੀ ਵਾਲਾ ਫ਼ੈਸਲਾ ਹੈ, ਇਸ ਲਈ ਕੇਂਦਰ ਸਰਕਾਰ ਵਧਾਈ ਦੀ ਹੱਕਦਾਰ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਅਹਿਮ ਯੋਗਦਾਨ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਜਗਦੀਸ਼ ਕੁਮਾਰ ਜੱਸਲ ਨੇ ਕੀਤਾ। ਉਨ੍ਹਾਂ ਤੋਂ ਇਲਾਵਾ ਸੁਖਬੀਰ ਸਿੰਘ ਮਿਨਹਾਸ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ। ਜੱਸਲ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਵਾਪਸ ਲਏ ਜਾ ਚੁੱਕੇ ਹਨ। ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਸੰਘਰਸ਼ ਦਾ ਰਾਹ ਤਿਆਗ ਦੇਣਾ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਕਰਤਾਰਪੁਰ ਲਾਂਘਾ ਮੁੜ ਚਾਲੂ ਕਰਨ ’ਤੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ । ਕੋਰੋਨਾ ਮਹਾਮਾਰੀ ਕਾਰਨ ਕਰਤਾਰਪੁਰ ਲਾਂਘਾ ਬੰਦ ਕੀਤਾ ਗਿਆ ਸੀ ਅਤੇ ਹੁਣ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਮੰਗ ਨੂੰ ਸਵੀਕਾਰਦੇ ਹੋਏ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਿਆ ਗਿਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਆਟੋ ਚਾਲਕਾਂ ਨਾਲ ਕੇਜਰੀਵਾਲ ਨੇ ਕੀਤੀ ਮੁਲਾਕਾਤ, ਕੀਤੇ ਵੱਡੇ ਵਾਅਦੇ

ਇਥੇ ਇਹ ਵਰਣਨਯੋਗ ਹੈ ਕਿ ਜਦੋਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਰ੍ਹੇ ਕੀਤਾ ਗਿਆ ਸੀ ਤਾਂ ਉਸ ਵਕਤ ਜ਼ਿਲ੍ਹਾ ਜਲੰਧਰ ’ਚੋਂ ਸਿਰਫ ਜਗਦੀਸ਼ ਕੁਮਾਰ ਜੱਸਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਬਿਆਨ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇਗਾ । ਜਲਦ ਹੀ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਦੀ ਸ਼ੁਰੂਆਤ ਆਦਮਪੁਰ ਹਲਕੇ ਤੋਂ ਕੀਤੀ ਜਾਵੇਗੀ। ਜੇਕਰ ਪਾਰਟੀ ਨੇ ਜ਼ਿਲ੍ਹੇ ’ਚ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਜ਼ਿੰਮੇਵਾਰੀ ਦਿੱਤੀ ਤਾਂ ਪਾਰਟੀ ਦਾ ਹਾਈਕਮਾਂਡ ਦਾ ਰਿਣੀ ਹੋਵਾਂਗਾ। ਇਸ ਮੌਕੇ ਜਗਦੀਸ਼ ਜੱਸਲ ਨੇ ਆਦਮਪੁਰ ਹਲਕੇ ਤੋਂ ਮਿਸ਼ਨ ਪੰਜਾਬ 2022 ਦੇ ਤਹਿਤ ਆਉਂਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਆਪਣੀ ਦਾਅਵੇਦਾਰੀ ਵੀ ਪੇਸ਼ ਕੀਤੀ ਹੈ ।


Manoj

Content Editor

Related News