ਕਾਂਗਰਸ ਵਿਰੁੱਧ ਸੜਕਾਂ 'ਤੇ ਅਕਾਲੀ-ਭਾਜਪਾ, ਜਲੰਧਰ 'ਚ ਕੀਤਾ ਪ੍ਰਦਰਸ਼ਨ
Monday, Jun 12, 2017 - 04:49 PM (IST)
ਜਲੰਧਰ— ਕਾਂਗਰਸ ਵਿਰੁੱਧ ਅਕਾਲੀ ਦਲ ਅਤੇ ਭਾਜਪਾ ਦਾ ਸੰਯੁਕਤ ਪ੍ਰਦਰਸ਼ਨ ਸੂਬਾ ਪੱਧਰ 'ਤੇ ਅੱਜ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਦੋਹਾਂ ਪਾਰਟੀਆਂ ਦੇ ਵਰਕਰ ਜੁਟੇ ਹਨ। ਪ੍ਰਦਰਸ਼ਨ 'ਚ ਦੋਹਾਂ ਪਾਰਟੀਆਂ ਦੇ ਨੇਤਾ ਆਪਣੇ ਸੰਬੋਧਨ 'ਚ ਕਾਂਗਰਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਧਰਨੇ 'ਚ ਮੁੱਖ ਰੂਪ ਤੋਂ ਪੰਜਾਬ ਕੈਬਟਿਨ ਮੰਤਰੀ ਰਾਣਾ ਗੁਰਜੀਤ ਨੂੰ ਖਨਨ ਮਾਮਲੇ 'ਚ ਮੁੱਖ ਰੂਪ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਲੰਧਰ ਦੇ ਡੀ. ਸੀ ਦਫਤਰ ਦੇ ਬਾਹਰ ਅਕਾਲੀ ਦਲ ਅਤੇ ਭਾਜਪਾ ਦੇ ਸ਼ਹਿਰੀ ਅਤੇ ਦੇਹਾਤ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਚ ਵਿਧਾਇਕ ਅਜੀਤ ਸਿੰਘ ਕੋਹਾੜ, ਸਰਬਜੀਤ ਸਿੰਘ ਮੱਕੜ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂ, ਬਲਜੀਤ ਸਿੰਘ ਨੀਲਾਮਹਿਲ, ਗੁਰਚਜਨ ਸਿੰਘ ਚੰਨੀ, ਸੁਖਵਿੰਦਰ ਸਿੰਘ ਰਾਜਪਾਲ, ਚਰਨਜੀਤ ਸਿੰਘ ਮੱਕੜ, ਭਾਜਪਾ ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਸਮੇਤ ਕਈ ਆਗੂ ਪਹੁੰਚੇ ਹਨ। ਸਾਰੇ ਆਗੂ ਵਾਰੀ-ਵਾਰੀ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ।
ਇਸ ਮੌਕੇ 'ਤੇ ਵਿਧਾਇਕ ਅਜਿਤ ਸਿੰਘ ਕੋਹਾੜ ਨੇ ਕਿਹਾ ਕਿ ਰੇਤ 'ਚ ਘਪਲੇ ਵਾਲੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਅਤੇ ਰਾਣਾ ਗੁਰਜੀਤ ਸਿੰਘ ਨੂੰ ਹਟਾਇਆ ਜਾਵੇ, ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਲ ਧਿਆਨ ਦੇ ਕੇ ਕੁਝ ਨਾ ਕੁਝ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਨਤਾ ਨਾਲ ਝੂਠੇ ਵਾਅਦੇ ਕੀਤੇ ਸਨ ਅਤੇ ਉਨ੍ਹਾਂ ਵਿਰੁੱਧ ਅਕਾਲੀ-ਭਾਜਪਾ ਗਠਬੰਧਨ ਸੰਘਰਸ਼ ਜਾਰੀ ਰੱਖੇਗਾ।
