ਕਾਂਗਰਸ ਦੇ ਕੰਮਾਂ ਤੋਂ ਸਿਰਫ ਅਕਾਲੀ-ਭਾਜਪਾ ਆਗੂ ਹੀ ਖੁਸ਼ ਨਹੀਂ : ਲਾਲ ਸਿੰਘ

Tuesday, Oct 10, 2017 - 10:59 AM (IST)

ਸਮਾਣਾ (ਅਨੇਜਾ)-ਸੱਤਾ ਬੜੇ ਹੀ ਯਤਨਾਂ ਅਤੇ ਕਰਮਾਂ ਨਾਲ ਮਿਲਦੀ ਹੈ। ਇਸ ਦਾ ਗਲਤ ਇਸਤੇਮਾਲ ਕਰਨ 'ਤੇ ਜਨਤਾ ਸੱਤਾ 'ਚੋਂ ਬਾਹਰ ਕਰਨ ਲਈ ਭੋਰਾ ਵੀ ਸਮਾਂ ਨਹੀਂ ਲਾਉਂਦੀ। ਇਸ ਤੋਂ ਬਾਅਦ ਮਿਲੀ ਹਾਰ ਨੂੰ ਪਚਾਉਣਾ ਬਹੁਤ ਔਖਾ ਹੋ ਜਾਂਦਾ ਹੈ। ਇਹੋ ਹਾਲ ਹੁਣ ਵਿਧਾਨ ਸਭਾ ਚੋਣਾਂ 'ਚੋਂ ਹਾਰ ਚੁੱਕੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਹੋ ਚੁੱਕਾ ਹੈ। ਇਹ ਗੱਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਪੱਪੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਨਾਲ ਸੁਰਿੰਦਰ ਸਿੰਘ ਖੇੜਕੀ ਵੀ ਮੌਜੂਦ ਸਨ। 
ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੇ ਸੱਤਾ 'ਚੋਂ ਲਾਂਭੇ ਕਰ ਕੇ ਘਰ ਬਿਠਾ ਦਿੱਤਾ ਹੈ, ਉਹ ਅੱਜ ਆਪਣੀਆਂ ਕਮੀਆਂ ਸੁਧਾਰਨ ਦੀ ਬਜਾਏ ਕਾਂਗਰਸ ਦੇ ਕੰਮਾਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਪੰਜਾਬ ਦੀ ਜਨਤਾ ਦੇ ਹਿਤਾਂ ਸਬੰਧੀ ਕੀਤੇ ਜਾ ਰਹੇ ਕੰਮ ਉਨ੍ਹਾਂ ਨੂੰ ਪਚ ਨਹੀਂ ਰਹੇ। 
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਸਿਰਫ ਅਕਾਲੀ-ਭਾਜਪਾ ਆਗੂ ਹੀ ਇਸ ਤੋਂ ਖੁਸ਼ ਨਹੀਂ। ਸੂਬਾ ਵਿਚ 10 ਸਾਲਾਂ ਤੱਕ ਸੱਤਾ 'ਤੇ ਲਗਾਤਾਰ ਕਾਬਜ਼ ਰਹਿਣ ਵਾਲਿਆਂ ਨੂੰ ਹੁਣ ਕਾਂਗਰਸ ਦਾ ਰਾਜ ਪਸੰਦ ਨਹੀਂ ਆ ਰਿਹਾ ਹੈ। ਲਾਲ ਸਿੰਘ ਨੇ ਕਿਹਾ ਕਿ ਜੇਕਰ ਇਨ੍ਹਾਂ ਦਾ ਇਹੋ ਹਾਲ ਰਿਹਾ ਤਾਂ ਵਿਧਾਨ ਸਭਾ ਚੋਣਾਂ ਦੀ ਦੂਜੀ ਟਰਮ ਦੌਰਾਨ ਵੀ ਇਹ ਘਰ ਬੈਠਣਗੇ ਅਤੇ ਕਾਂਗਰਸ ਫਿਰ ਤੋਂ ਵਿਕਾਸ ਦੇ ਦਮ 'ਤੇ ਸੱਤਾ ਉੱਤੇ ਕਾਬਜ਼ ਹੋਵੇਗੀ।
 


Related News