ਕਾਂਗਰਸ ’ਚ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ, ਖਹਿਰਾ ਦੀ ਐਂਟਰੀ ਨਾਲ ਫਾਇਦਾ ਘੱਟ, ਨੁਕਸਾਨ ਵੱਧ
Sunday, Jun 06, 2021 - 06:53 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਪਾਰਟੀ ਵਿਚ ਆਪਣੇ ਖ਼ਿਲਾਫ਼ ਉਠੀ ਬਗਾਵਤ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਨਵਾਂ ਪੈਂਤੜਾ ਚਲਦਿਆਂ ਸੁਖਪਾਲ ਸਿੰਘ ਖਹਿਰਾ ਸਮੇਤ ਤਿੰਨ ਵਿਰੋਧੀ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਹਾਈਕਮਾਨ ਦੇ ਸਾਹਮਣੇ ਖੁਦ ਦਾ ਕੱਦ ਵੱਡਾ ਕੀਤਾ ਹੋਵੇ ਪਰ ਇਸ ਪੂਰੇ ਘਟਨਾਕ੍ਰਮ ਨਾਲ ਕਾਂਗਰਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਦਿਸ ਰਿਹਾ ਹੈ। ਖਹਿਰਾ ਦੇ ਨਾਲ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਧੌਲਾ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਹੈ ਪਰ ਸਾਰਿਆਂ ਦਾ ਮੁੱਖ ਫੋਕਸ ਖਹਿਰਾ ’ਤੇ ਹੀ ਰਿਹਾ ਹੈ ਕਿਉਂਕਿ ਨਾ ਸਿਰਫ਼ ਉਹੀ ਇਨ੍ਹਾਂ ਵਿਚ ਸਭ ਤੋਂ ਸੀਨੀਅਰ ਹਨ, ਸਗੋਂ ਖਹਿਰਾ ਦੀ ਹੀ ਟਿਕਟ ਕਾਂਗਰਸ ’ਚ ਪੱਕੀ ਮੰਨੀ ਜਾ ਰਹੀ ਹੈ। ਪਹਿਲਾਂ ਤੋਂ ਹੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ਵਿਚ ਖਹਿਰਾ ਦੀ ਸ਼ਮੂਲੀਅਤ ਨਾਲ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ। ਕਪੂਰਥਲਾ ਜ਼ਿਲ੍ਹੇ ਨਾਲ ਹੀ ਸਬੰਧਤ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਖਹਿਰਾ ਵਿਚ 36 ਦਾ ਅੰਕੜਾ ਹੈ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜਦੋਂ ਖਹਿਰਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਨ, ਉਦੋਂ ਰਾਣਾ ਗੁਰਜੀਤ ਨੇ ਆਪਣੇ ਕਰੀਬੀ ਟਰਾਂਸਪੋਰਟਰ ਰਾਣਾ ਰਣਜੀਤ ਸਿੰਘ ਨੂੰ ਪਾਰਟੀ ਟਿਕਟ ਦਿਵਾਈ ਸੀ। ਰਾਣਾ ਗੁਰਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਦੋਆਬਾ ਦੀ ਰਾਜਨੀਤੀ ਵਿਚ ਸਰਗਰਮ ਹਨ। 2002 ਵਿਚ ਵਿਧਾਇਕ ਬਣਨ ਤੋਂ ਬਾਅਦ 2004 ਵਿਚ ਜਲੰਧਰ ਤੋਂ ਸੰਸਦ ਤੇ ਫਿਰ ਕਪੂਰਥਲਾ ਤੋਂ ਵਿਧਾਇਕ ਉਹ ਚੁਣੇ ਗਏ। 2002 ਤੋਂ ਉਨ੍ਹਾਂ ਦੇ ਪਰਿਵਾਰ ਦਾ ਹੀ ਕਪੂਰਥਲਾ ਹਲਕੇ ’ਤੇ ਕਬਜ਼ਾ ਹੈ। ਇਹ ਤੈਅ ਹੈ ਕਿ ਘਰ ਵਾਪਸੀ ਦੇ ਬਾਵਜੂਦ ਖਹਿਰਾ ਦੇ ਪੈਰ ਭੁਲੱਥ ’ਚ ਉਹ ਜੰਮਣ ਨਹੀਂ ਦੇਣਗੇ। ਉਨ੍ਹਾਂ ਦੇ ਕਰੀਬੀ ਨੇਤਾਵਾਂ ਨੇ ਤਾਂ ਹੁਣੇ ਤੋਂ ਖਹਿਰਾ ਖ਼ਿਲਾਫ਼ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਦਰਮਿਆਨ ਵੱਡੀ ਖ਼ਬਰ, ਪੰਜਾਬ ਕੈਬਨਿਟ ’ਚ ਫੇਰਬਦਲ ਜਲਦ, ਸਿੱਧੂ ਦੀ ਐਂਟਰੀ ਸੰਭਵ
ਸਮੁੱਚੇ ਦੋਆਬਾ ’ਚ ਕਈ ਸਮੀਕਰਣ ਵਿਗੜ ਸਕਦੇ ਹਨ
ਰਾਣਾ ਗੁਰਜੀਤ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਨੇਤਾਵਾਂ ਵਿਚ ਸ਼ੁਮਾਰ ਹੁੰਦੇ ਸਨ। ਕੈਪਟਨ ਨੇ ਹੀ ਉਨ੍ਹਾਂ ਨੂੰ ਪਹਿਲੀ ਵਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਟਿਕਟ ਦਵਾਈ ਸੀ। ਮੌਜੂਦਾ ਸਰਕਾਰ ਵਿਚ ਉਹ ਮੰਤਰੀ ਵੀ ਰਹੇ ਪਰ ਰੇਤ ਖੋਦਾਈ ਦੇ ਦੋਸ਼ਾਂ ਕਾਰਣ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਹੁਣ ਉਨ੍ਹਾਂ ਦੇ ਹੀ ਧੁਰ ਵਿਰੋਧੀ ਨੂੰ ਕੈਪਟਨ ਪਾਰਟੀ ਵਿਚ ਲਿਆਏ ਹਨ ਤਾਂ ਇਸ ਨਾਲ ਨਾ ਸਿਰਫ਼ ਕਪੂਰਥਲਾ ਜ਼ਿਲ੍ਹਾ ਸਗੋਂ ਸਮੁੱਚੇ ਦੋਆਬਾ ਵਿਚ ਕਾਂਗਰਸ ਦੇ ਕਈ ਸਮੀਕਰਣ ਵਿਗੜ ਸਕਦੇ ਹਨ।
ਇਹ ਵੀ ਪੜ੍ਹੋ : ਕੈਪਟਨ ਨੇ ਜਾਖੜ ਦੇ ਹੱਕ ’ਚ ਵੱਡਾ ਪੱਤਾ ਖੇਡਿਆ, ਅੰਕੜਿਆਂ ਸਣੇ ਹਾਈਕਮਾਨ ਅੱਗੇ ਪੇਸ਼ ਕੀਤੇ ਤੱਥ
ਵਿਰੋਧੀ ਵਿਧਾਇਕਾਂ ਨੂੰ ਲਿਆ ਕੇ ਕੈਪਟਨ ਨੇ ਹਾਈਕਮਾਨ ਦੇ ਸਾਹਮਣੇ ਚਾਹੇ ਆਪਣਾ ਸਿਰ ਉੱਚਾ ਕਰ ਲਿਆ ਹੋਵੇ ਪਰ ਪਾਰਟੀ ਵਿਚ ਇਸ ਦਾ ਵਿਰੋਧ ਹੁਣੇ ਤੋਂ ਸ਼ੁਰੂ ਹੋ ਗਿਆ ਹੈ। ਭੁਲੱਥ ਦੇ ਕਾਂਗਰਸੀ ਨੇਤਾ ਖਹਿਰਾ ਦੀ ਵਾਪਸੀ ਨੂੰ ਹਜ਼ਮ ਨਹੀਂ ਕਰ ਸਕੇ ਹਨ। ਉਥੇ ਹੀ ਖਹਿਰਾ ਜੋ ਅਮਰਿੰਦਰ ’ਤੇ ਵੀ ਨਿੱਜੀ ਤੌਰ ’ਤੇ ਹਮਲੇ ਬੋਲਦੇ ਰਹੇ ਹਨ, ਉਸ ਨੂੰ ਪਾਰਟੀ ਵਿਚ ਲਿਆਉਣ ਦੀ ਮਜਬੂਰੀ ਕਿਸੇ ਦੇ ਸਮਝ ਨਹੀਂ ਆ ਰਹੀ।
ਇਹ ਵੀ ਪੜ੍ਹੋ : ਕਪੂਰਥਲਾ ਹਾਊਸ ’ਚ ਮੁੱਖ ਮੰਤਰੀ ਨੇ ਕੀਤਾ ਮੰਥਨ, ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਹੋਈ ਡਿਨਰ ਡਿਪਲੋਮੈਸੀ
ਰਾਣਾ ਗੁਰਜੀਤ ਨੇ ਮਸਲੇ ’ਤੇ ਚੁੱਪੀ ਧਾਰੀ ਹੋਈ ਹੈ
ਰਾਣਾ ਗੁਰਜੀਤ ਸਿੰਘ ਨੇ ਤਿੰਨ ਦਿਨ ਤੋਂ ਇਸ ਮਸਲੇ ’ਤੇ ਚੁੱਪੀ ਧਾਰੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਸਮਾਂ ਆਉਣ ’ਤੇ ਆਪਣੇ ਪੱਤੇ ਖੋਲ੍ਹਣਗੇ। ਅਜਿਹੇ ਵਿਚ ਖਹਿਰਾ ਦੀਆਂ ਮੁਸ਼ਕਿਲਾਂ ਹੁਣ ਹੋਰ ਵਧਣ ਵਾਲੀਆਂ ਹਨ ਕਿਉਂਕਿ ਰਾਣਾ ਗੁਰਜੀਤ ਸਿੰਘ ਇੰਨੀ ਆਸਾਨੀ ਨਾਲ ਖਹਿਰਾ ਨੂੰ ਜ਼ਿਲੇ ਦੀ ਕਾਂਗਰਸੀ ਰਾਜਨੀਤੀ ਵਿਚ ਜੰਮਣ ਨਹੀਂ ਦੇਣਗੇ। ਧਿਆਨਯੋਗ ਹੈ ਕਿ ਕੈਪਟਨ ਦੇ ਪਾਕਿਸਤਾਨੀ ਦੋਸਤਾਂ ਨੂੰ ਲੈ ਕੇ ਸੁਖਪਾਲ ਖਹਿਰਾ ਕਈ ਵਾਰ ਮੁੱਖ ਮੰਤਰੀ ’ਤੇ ਸਵਾਲੀਆ ਨਿਸ਼ਾਨ ਲਗਾ ਚੁੱਕੇ ਹਨ। ਅਜਿਹੇ ਵਿਚ ਖਹਿਰਾ ਨੂੰ ਵਾਪਸ ਕਿਉਂ ਲਿਆਂਦਾ ਗਿਆ ਹੈ, ਇਹ ਸਿਰਫ਼ ਅਮਰਿੰਦਰ ਸਿੰਘ ਹੀ ਬਿਹਤਰ ਜਾਣਦੇ ਹਨ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਨੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ!