ਸੁਲਤਾਨਪੁਰ ਲੋਧੀ ਟਿਕਟ ‘ਤੇ ਕਾਂਗਰਸੀ ਕਲੇਸ਼, ਪੜ੍ਹੋ ਚੀਮਾ ਖ਼ਿਲਾਫ਼ ਕੀ ਬੋਲੇ ਰਾਣਾ ਗੁਰਜੀਤ

Sunday, Dec 12, 2021 - 04:59 PM (IST)

ਸੁਲਤਾਨਪੁਰ ਲੋਧੀ ਟਿਕਟ ‘ਤੇ ਕਾਂਗਰਸੀ ਕਲੇਸ਼, ਪੜ੍ਹੋ ਚੀਮਾ ਖ਼ਿਲਾਫ਼ ਕੀ ਬੋਲੇ ਰਾਣਾ ਗੁਰਜੀਤ

ਕਪੂਰਥਲਾ : ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਨੂੰ ਲੈ ਕੇ ਕਾਂਗਰਸੀਆਂ ਵਿਚਕਾਰ ਹੀ ਕਲੇਸ਼ ਖੜ੍ਹਾ ਹੋ ਗਿਆ ਹੈ।ਦਰਅਸਲ ਇਸ ਹਲਕੇ ਤੋਂ ਨਵਤੇਜ ਸਿੰਘ ਚੀਮਾ ਮੌਜੂਦਾ ਕਾਂਗਰਸੀ ਵਿਧਾਇਕ ਹਨ ਪਰ ਕਪੂਰਥਲਾ ਹਲਕੇ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ। ਇੰਦਰ ਪ੍ਰਤਾਪ ਨੇ ਇਸ ਹਲਕੇ 'ਚ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ ਤੇ ਲਗਾਤਾਰ ਕਾਂਗਰਸੀ ਕਾਰਕੁਨਾਂ ਨਾਲ ਰਾਬਤਾ ਬਣਾ ਕੇ ਚੋਣ ਪ੍ਰਚਾਰ ਕਰ ਰਹੇ ਹਨ।ਅਜਿਹੇ ਵਿੱਚ ਨਵਤੇਜ ਚੀਮਾ ਤੇ ਉਨ੍ਹਾਂ ਦੇ ਸਮਰਥਕ ਵੱਲੋਂ ਰਾਣਾ ਗੁਰਜੀਤ ਦੇ ਪੁੱਤਰ ਦਾ ਸਿਆਸੀ ਵਿਰੋਧ ਵੀ ਵੇਖਣ ਨੂੰ ਮਿਲ ਰਿਹਾ ਹੈ।ਇਸੇ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਟਿਕਟ ਮੰਗਣਾ ਸਾਰਿਆਂ ਦਾ ਅਧਿਕਾਰ ਹੈ, ਇਸੇ ਲਈ ਉਨ੍ਹਾਂ ਦਾ ਪੁੱਤਰ ਆਪਣਾ ਕੰਮ ਕਰ ਰਿਹਾ ਹੈ। ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦਾ ਫ਼ੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਓਦੋਂ ਤੱਕ ਸੁਲਤਾਨਪੁਰ ਲੋਧੀ ਨਹੀਂ ਜਾਵਾਂਗਾ, ਜਦੋਂ ਤੱਕ ਪੁੱਤਰ ਆਪਣੇ ਜ਼ੋਰ ’ਤੇ ਟਿਕਟ ਨਹੀਂ ਲੈ ਲੈਂਦਾ। 

ਇਹ ਵੀ ਪੜ੍ਹੋਰਾਣਾ ਗੁਰਜੀਤ ਤੇ ਨਵਤੇਜ ਚੀਮਾ ਦੀ ਸਿਆਸੀ ਜੰਗ 'ਚ ਸਿੱਧੂ ਦੀ ਐਂਟਰੀ, ਦਿੱਤਾ ਵੱਡਾ ਬਿਆਨ

ਬੀਤੇ ਦਿਨੀਂ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਕਰਦਿਆਂ ਜਦੋਂ ਰਾਣਾ ਗੁਰਜੀਤ ਨੂੰ ਇਹ ਪੁੱਛਿਆ ਗਿਆ ਕਿ ਨਵਤੇਜ ਚੀਮਾ ਕਹਿੰਦੇ ਹਨ ਕਿ ਰਾਣਾ ਆਪਣੀ ਸੀਟ ਦੀ ਚਿੰਤਾ ਕਰਨ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਬੱਚੇ ਅੱਜ-ਕੱਲ੍ਹ ਸਭ ਕੁਝ ਭੁੱਲ ਜਾਂਦੇ ਹਨ ਪਰ ਕੋਈ ਗੱਲ ਨਹੀਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰੀ ਸੀਟ ’ਤੇ ਆ ਕੇ ਟਿਕਟ ਮੰਗ ਕੇ ਦਿਖਾਵੇ ਪਰ ਮੈਂ ਫਿਰ ਕਹਾਂਗਾ ਕਿ ਚੀਮਾ ਸਾਹਿਬ ਬਹੁਤ ਤਕੜੇ ਹਨ। ਉਸ ਨੇ ਬਹੁਤ ਸਾਰੇ ਕੰਮ ਕੀਤੇ ਹਨ, ਖ਼ਾਸ ਕਰ ਕੇ 550ਵੇਂ ਗੁਰਪੁਰਬ ’ਤੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਉਨ੍ਹਾਂ ਦੀ ਜਿੱਤ ਨੂੰ ਕੌਣ ਚੁਣੌਤੀ ਦੇ ਸਕਦਾ ਹੈ। ਪਰ ਮੈਂ ਹੈਰਾਨ ਹਾਂ ਕਿ ਮੇਰੇ ਪੁੱਤਰ ਨੇ ਆਪਣੇ ਤੌਰ ’ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਘਬਰਾਉਣ ਲੱਗੇ ਹਨ। ਮੇਰਾ ਪੁੱਤਰ ਆਪਣੇ ਦਮ ’ਤੇ ਟਿਕਟ ਦਾ ਦਾਅਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ

ਅੱਗੇ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਲੋਕ ਮੈਨੂੰ ਪਸੰਦ ਕਰਦੇ ਹਨ, ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਮੇਰੀ ਇੱਜ਼ਤ ਕਰਦੇ ਹਨ। ਰਹੀ ਗੱਲ ਸੁਲਤਾਨਪੁਰ ਲੋਧੀ, ਤਾਂ ਅੱਜ-ਕੱਲ੍ਹ ਬੱਚਿਆਂ ਦੀ ਆਪਣੀ ਦਿਲਚਸਪੀ ਹੈ। ਪਹਿਲਾਂ ਜਦੋਂ ਮੈਂ ਆਪਣੇ ਪੁੱਤਰ ਨੂੰ ਕਹਿੰਦਾ ਸੀ ਕਿ ਰਾਜਨੀਤੀ ਵਿਚ ਆਓ, ਤਾਂ ਉਹ ਨਹੀਂ ਮੰਨਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਕਾਰੋਬਾਰ ਕਰਨਾ ਚਾਹੁੰਦਾ ਹਾਂ ਪਰ ਅੱਜ ਉਸ ਦਾ ਮਨ ਹੈ, ਇਸ ਲਈ ਉਹ ਜਾਂ ਤਾਂ ਮੇਰੀ ਸੀਟ ਲਵੇਗਾ, ਜਾਂ ਉਹ ਗੁਆਂਢੀਆਂ ਵੱਲ ਜਾਏਗਾ। ਰਹੀ ਗੱਲ ਮੇਰੇ ਪੁੱਤਰ ਦੇ ਸੁਲਤਾਨਪੁਰ ਹਲਕੇ ਵਿਚ ਜਾਣ ਦੀ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸ ਨੂੰ ਟਿਕਟ ਮਿਲ ਗਈ ਹੈ, ਇਹ ਪਾਰਟੀ ਤੈਅ ਕਰੇਗੀ ਕਿ ਉੱਥੋਂ ਕਿਸਨੂੰ ਟਿਕਟ ਦੇਣੀ ਹੈ । ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਪਿਛਲੇ 5 ਸਾਲਾਂ ਵਿਚ ਜੋ ਵੀ ਕੀਤਾ ਹੈ, ਉਹ ਸਭ ਦੇ ਸਾਹਮਣੇ ਆ ਜਾਵੇਗਾ। ਜੇਕਰ ਕੋਈ ਮੇਰੇ ਹਲਕੇ ਵਿਚ ਆ ਕੇ ਟਿਕਟ ਦੀ ਮੰਗ ਕਰਦਾ ਹੈ ਤਾਂ ਮੈਂ ਉਨ੍ਹਾਂ ਦਾ ਸੁਆਗਤ ਕਰਦਾ ਹਾਂ। 

ਵੇਖੋ ਰਾਣਾ ਗੁਰਜੀਤ ਨਾਲ ਕੀਤੀ ਗੱਲਬਾਤ ਦੀ ਵੀਡੀਓ... 

 

 


author

Harnek Seechewal

Content Editor

Related News