ਕਾਂਗਰਸ ਅੰਦਰ ਦਰੀਆਂ ਝਾੜਨ ਵਾਲੇ ਟਕਸਾਲੀ ਵਰਕਰਾਂ ਦੀ ਵਧਣ ਲੱਗੀ ਹੁਣ ਬੁੱਕਤ

12/19/2017 4:35:07 PM

ਬਾਘਾਪੁਰਾਣਾ (ਚਟਾਨੀ)-ਕਾਂਗਰਸ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਵੱਲੋਂ ਤਿੰਨ ਦਹਾਕਿਆਂ ਤੋਂ ਮਿਹਨਤੀ ਵਰਕਰਾਂ ਨਾਲ ਮੋਹਰੀ ਆਗੂਆਂ ਵਜੋਂ ਹਰੇਕ ਪੱਧਰ 'ਤੇ ਕੀਤੀ ਜਾਣ ਵਾਲੀ ਬੇਇਨਸਾਫੀ ਦੇ ਵਾਰ-ਵਾਰ ਉਠਦੇ ਅਹਿਮ ਮੁੱਦੇ 'ਤੇ ਮੋਹਰੀ ਨੇਤਾਵਾਂ ਨੇ ਹੁਣ ਗੌਰ ਫਰਮਾਉਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਰੈਲੀਆਂ ਅਤੇ ਚੋਣ ਜਲਸਿਆਂ ਦੌਰਾਨ ਦਰੀਆਂ ਝਾੜਨ, ਨਾਅਰੇ ਲਾਉਣ, ਜੁੱਤੀ ਜੋੜੇ ਦੀ ਸੰਭਾਲ ਕਰਨ, ਲੰਗਰ ਵਰਤਾਉਣ ਅਤੇ ਆਗੂਆਂ ਦੀਆਂ ਗੱਡੀਆਂ ਦੀ ਰਾਖੀ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਚਿਰਾਂ ਤੋਂ ਇਹੀ ਗਿਲਾ ਰਿਹਾ ਸੀ ਕਿ ਹਰੇਕ ਛੋਟੀ ਤੋਂ ਵੱਡੀ ਸੰਸਥਾ ਦੀਆਂ ਨਾਮਜ਼ਦਗੀਆਂ ਵੇਲੇ ਏ. ਸੀ. ਕਮਰਿਆਂ 'ਚ ਬੈਠਣ ਵਾਲੇ ਉਹ ਕਾਂਗਰਸੀਆਂ ਦੇ ਹੱਥ ਅਹੁਦੇ ਲੱਗਦੇ ਹਨ, ਜਿਹੜੇ ਆਪਣੇ ਪ੍ਰਭੂਆਂ ਦੀ ਮੁੱਠੀ ਗਰਮ ਕਰਦੇ ਹਨ ਪਰ ਬਾਘਾਪੁਰਾਣਾ ਦੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਪਾਰਟੀ ਅੰਦਰਲੀਆਂ ਅਜਿਹੀਆਂ ਸਾਰੀਆਂ ਖਾਮੀਆਂ ਅਤੇ ਪ੍ਰਿਤਾਂ ਨੂੰ ਪਰ੍ਹੇ ਧਕੇਲਦਿਆਂ ਇਸ ਵਾਰ ਪਾਰਟੀ ਦੇ ਮਿਹਨਤੀ ਵਫਾਦਾਰ ਅਤੇ ਸਮਰਪਿਤ ਆਗੂਆਂ ਦੀ ਸੇਵਾ ਦਾ ਮੁੱਲ ਤਾਰਦਿਆਂ ਕੌਂਸਲ ਟਿਕਟਾਂ ਅਤੇ ਹੋਰ ਅਹੁਦਿਆਂ ਨਾਲ ਨਿਵਾਜਿਆ। ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀਆਂ ਪਾਰਟੀ ਅੰਦਰ ਜਮੂਹਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਸਫਲ ਕਰਨ ਲਈ ਦੋਵਾਂ ਆਗੂਆਂ ਨੇ ਇਸ ਵਾਰ ਕੌਂਸਲ ਟਿਕਟਾਂ ਦੀ ਵੰਡ ਮੌਕੇ ਅਤੇ ਹੋਰ ਸਭਾਵਾਂ ਦੀ ਚੋਣ ਮੌਕੇ ਅਜਿਹੇ ਸਾਰੇ ਆਗੂਆਂ ਨੂੰ ਨਜ਼ਰਅੰਦਾਜ਼ ਕਰੀ ਰੱਖਿਆ, ਜਿਹੜੇ ਮਿਹਨਤੀ ਵਰਕਰਾਂ ਦੇ ਪੈਰ ਮਿੱਥ ਕੇ ਅਹੁਦੇ ਹਥਿਆਉਣ ਦੇ ਆਦੀ ਸਨ।  ਵਿਧਾਇਕ ਬਰਾੜ ਅਤੇ ਯੂਥ ਆਗੂ ਕਮਲਜੀਤ ਸਿੰਘ ਬਰਾੜ ਵੱਲੋਂ ਇਸ ਵਾਰ ਅਪਣਾਏ ਜਾ ਰਹੇ ਪਾਰਦਰਸ਼ੀ ਮਾਪਦੰਡਾਂ ਦੀ ਹਲਕੇ ਦੀ ਸਮੁੱਚੀ ਟਕਸਾਲੀ ਲਾਬੀ 'ਚ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ। ਉਕਤ ਦੋਵਾਂ ਆਗੂਆਂ ਨੇ ਵੀ ਕਿਹਾ ਕਿ ਹੁਣ ਬਾਘਾਪੁਰਾਣਾ ਹਲਕੇ 'ਚ ਅਜਿਹੇ ਮੌਕਾਪ੍ਰਸਤ ਆਗੂਆਂ ਦਾ ਵੇਲਾ ਬੀਤ ਗਿਆ ਹੈ, ਜਿਹੜੇ ਪਿਛਲੇ ਦਰਵਾਜ਼ਿਓਂ ਲੰਘ ਕੇ ਅਹੁਦੇ ਹਥਿਆਉਂਦੇ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਮਿਹਨਤੀ ਵਰਕਰਾਂ ਦੀ ਹੀ ਹੁਣ ਪਾਰਟੀ ਅੰਦਰ ਬੁੱਕਤ ਵਧੇਗੀ ਨਾ ਕਿ ਚਾਪਲੂਸਾਂ ਦੀ ਪੁੱਛਗਿੱਛ ਹੋਵੇਗੀ।


Related News