ਰੰਧਾਵਾ ਸਿਆਸੀ ਲਾਭ ਲੈਣ ਲਈ ਮਜੀਠੀਆ ਖਿਲਾਫ ਬੋਲ ਰਹੇ ਨੇ : ਅਕਾਲੀ ਆਗੂ

10/21/2017 9:16:35 AM

ਅੰਮ੍ਰਿਤਸਰ (ਛੀਨਾ)- ਜ਼ਿਲਾ ਅਕਾਲੀ ਜਥਾ (ਬ) ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਅਕਾਲੀ ਆਗੂ ਜਥੇ. ਰਵੇਲ ਸਿੰਘ ਚੇਅਰਮੈਨ ਨੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਖਿਲਾਫ ਬੀਤੇ ਦਿਨੀਂ ਕੀਤੀ ਬਿਆਨਬਾਜ਼ੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪਣੇ ਸਿਆਸੀ ਲਾਭ ਤੇ ਫੋਕੀ ਸ਼ੌਹਰਤ ਹਾਸਲ ਕਰਨ ਲਈ ਰੰਧਾਵਾ ਮਜੀਠੀਆ ਖਿਲਾਫ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਆਪਣੀ ਲਿਆਕਤ ਤੇ ਦਿਆਨਤਦਾਰੀ ਨਾਲ ਪੰਜਾਬ ਦੀ ਸਿਆਸਤ ਵਿਚ ਆਪਣੀ ਨਿਵੇਕਲੀ ਜਗ੍ਹਾ ਬਣਾਈ ਹੈ।
ਕੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਜੀਠਾ ਹਲਕੇ ਦੇ ਲੋਕਾਂ ਨੇ ਮਜੀਠੀਆ ਨੂੰ 23 ਹਜ਼ਾਰ ਤੋਂ ਵੱਧ ਫਰਕ ਨਾਲ ਜਿਤਾਇਆ, ਜਦਕਿ ਰੰਧਾਵਾ ਆਪਣੇ ਹਲਕੇ ਤੋਂ ਮਹਿਜ਼ ਇਕ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਜਿੱਤ ਨੂੰ ਆਧਾਰ ਬਣਾ ਕੇ ਕਾਂਗਰਸੀਆਂ ਨੂੰ ਵਧੇਰੇ ਉਤਸ਼ਾਹਿਤ ਹੋਣ ਦੀ ਲੋੜ ਨਹੀਂ ਕਿਉਂਕਿ ਇਹ ਗੱਲ ਕਾਂਗਰਸੀਆਂ ਨੂੰ ਵੀ ਪਤਾ ਹੈ ਕਿ ਸਰਕਾਰੀ ਮਸ਼ੀਨਰੀ ਦੇ ਬਲਬੂਤੇ 'ਤੇ ਇਹ ਚੋਣ ਜਿੱਤੀ ਗਈ ਹੈ ਤੇ 45 ਫੀਸਦੀ ਵੋਟਰਾਂ ਨੇ ਡਰ ਤੇ ਭੈਅ ਕਾਰਨ ਆਪਣੀ ਵੋਟ ਦਾ ਇਸਤੇਮਾਲ ਹੀ ਨਹੀਂ ਕੀਤਾ।
ਉਨ੍ਹਾਂ ਰੰਧਾਵਾ ਨੂੰ ਸਵਾਲ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ, 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੋਂ ਹਾਰਨ ਮਗਰੋਂ ਕਾਂਗਰਸ ਨੇ ਆਪਣੇ ਕਿੰਨੇ ਆਗੂ ਪਾਰਟੀ 'ਚੋਂ ਕੱਢੇ ਹਨ?


Related News