ਸਿੱਧੂ ਨੇ ਬਾਦਲ ਪਰਿਵਾਰ 'ਤੇ ਪੰਜਾਬ ਦਾ ਖਜ਼ਾਨਾ ਲੁੱਟਣ ਦਾ ਲਗਾਇਆ ਦੋਸ਼

09/07/2017 2:15:30 PM

ਛਪਾਰ (ਹਿਤੇਸ਼) — ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਸੂਬੇ ਦਾ ਖਜ਼ਾਨਾ ਲੁੱਟਣ 'ਚ ਕੋਈ ਕਸਰ ਨਹੀਂ ਛੱਡੀ ਤੇ ਇਸ ਪਰਿਵਾਰ ਦਾ ਨਾਂ ਇਤਿਹਾਸ ਦੇ ਕਾਲੇ ਪੰਨਿਆਂ 'ਤੇ ਦਰਜ ਹੋਵੇਗਾ। ਸਿੱਧੂ ਨੇ ਇਹ ਇਤਿਹਾਸਕ ਛਪਾਰ ਮੇਲੇ 'ਚ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਪਿੱਛੇ ਕਰ ਦਿੱਤਾ ਹੈ।
ਅਕਾਲੀ-ਭਾਜਪਾ ਗਠਜੋੜ ਦੇ ਦਸ ਕਾਲ ਦੇ ਕਾਰਜਕਾਲ ਨੂੰ ਆਰਥਿਕ ਅੱਤਵਾਦ ਦੇ ਤੌਰ 'ਤੇ ਜਾਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਨੇ ਰਾਜ ਨਹੀਂ ਸੇਵਾ ਦਾ ਨਾਅਰਾ ਦਿੱਤਾ ਸੀ ਪਰ ਉਸ਼ ਨੇ ਇਸ ਨਾਅਰੇ ਦਾ ਮਾਨ ਵੀ ਨਹੀਂ ਰੱਖਿਆ ਤੇ ਦੋਨਾਂ ਹੱਥਾਂ ਨਾਲ ਪੰਜਾਬ ਦਾ ਖਜ਼ਾਨਾ ਲੁੱਟਿਆ ਤੇ ਖਾਲੀ ਕਰਕੇ ਚਲੇ ਗਏ ਤੇ ਇਸ ਦਾ ਖਾਮਿਆਜ਼ਾ ਅਮਰਿੰਦਰ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਬਾਦਲ ਪਰਿਵਾਰ ਨੇ ਸੂਬੇ ਦੇ ਪੈਸੇ ਦਾ ਆਪਣੇ ਕਾਰੋਬਾਰ ਲਈ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਕਿਸੇ ਦੋਸ਼ੀ ਨੂੰ ਫੜ੍ਹਿਆ ਨਹੀਂ ਜਾ ਸਕਿਆ। ਬਰਗਾੜੀ ਕਾਂਡ ਤੋਂ ਲੈ ਕੇ ਅਬੋਹਰ ਦਲਿਤ ਕਤਲ, ਮੋਗਾ ਆਰਬਿਟ ਬੱਸ ਕਾਂਡ ਲੋਕਾਂ ਨੂੰ ਯਾਦ ਹੈ।
ਅਕਾਲੀ ਸਰਕਾਰ ਦੀ ਸ਼ਹਿ 'ਤੇ ਹੀ ਨਸ਼ਾ ਵੇਚਣ ਵਾਲਿਆਂ ਨੂੰ ਪ੍ਰੋਟੈਕਸ਼ਨ ਮਿਲੀ ਤੇ ਨੌਜਵਾਨ ਇਸ ਦੀ ਲਪੇਟ 'ਚ ਆ ਗਏ ਤੇ ਕਈਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ 'ਚ ਸੱਤ ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਗਠਬੰਧਨ ਦੇ ਦਸ ਸਾਲ ਕੁਸ਼ਾਸਨ ਦਾ ਹੀ ਨਤੀਜਾ ਹੈ, ਜੋ ਪੰਜਾਬ ਸਾਢੇ ਤਿੰਨ ਲੱਖ ਕਰੋੜ ਦੇ ਕਰਜ਼ ਹੇਠ ਡੁੱਬਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਸਰਕਾਰ 'ਤੇ ਭਰੋਸਾ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਬਹੁਤ ਜਲਦ ਕਿਸਾਨਾਂ ਦਾ ਕਰਜ਼ ਮੁਆਫ ਕਰ ਦਿੱਤਾ ਜਾਵੇਗਾ। 
ਬਾਦਲ ਨੇ ਕਿਹਾ ਕਿ ਲੋਕਾਂ ਨੇ ਅਕਾਲੀ ਗਠਬੰਧਨ ਨੂੰ ਦਸ ਸਾਲ ਦਾ ਸਮਾਂ ਦਿੱਤਾ ਤੇ ਕਾਂਗਰਸ ਸਰਕਾਰ ਨੂੰ ਵੀ ਕੁਝ ਸਮਾਂ ਦਿੱਤਾ ਜਾਵੇ ਤਾਂ ਕਿ ਪੰਜਾਬ ਆਰਥਿਕ ਤੌਰ 'ਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ। ਜਦ ਕਾਂਗਰਸ ਨੇ ਰਾਜ ਦੀ ਬਾਗਡੋਰ ਸੰਭਾਲੀ ਤਾਂ ਉਸ ਨੂੰ ਗੰਭੀਰ ਆਰਥਿਕ ਸੰਕਟ  ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਾਂਗਰਸ ਦੀਆਂ ਉਪਲਬੱਧੀਆਂ ਗਿਣਵਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੋ ਵਕਤ ਦੀ ਰੋਟੀ ਘੱਟ ਖਾ ਲਵੇਗੀ ਪਰ ਲੋਕਾਂ ਦਾ ਵਿਸ਼ਵਾਸ ਨਹੀਂ ਤੋੜੇਗੀ ਤੇ ਸਾਰੇ ਵਾਅਦੇ ਪੂਰਾ ਕਰੇਗੀ। ਇਸ ਮੌਕੇ 'ਤੇ ਕੋਈ ਮੰਤਰੀ, ਵਿਧਾਇਕ ਤੇ ਪਾਰਟੀ ਕਾਰਜਕਰਤਾ ਮੌਜੂਦ ਸਨ। 


Related News