ਸਥਾਨਕ ਚੋਣਾਂ ’ਚ ਕਾਂਗਰਸ ਨੇ ਗੱਡੇ ਜਿੱਤ ਦੇ ਝੰਡੇ, ਅਕਾਲੀ ਦਲ, ‘ਆਪ’, ਤੇ ਭਾਜਪਾ ਦਾ ਸੂਪੜਾ ਸਾਫ

Wednesday, Feb 17, 2021 - 06:31 PM (IST)

ਸਥਾਨਕ ਚੋਣਾਂ ’ਚ ਕਾਂਗਰਸ ਨੇ ਗੱਡੇ ਜਿੱਤ ਦੇ ਝੰਡੇ, ਅਕਾਲੀ ਦਲ, ‘ਆਪ’, ਤੇ ਭਾਜਪਾ ਦਾ ਸੂਪੜਾ ਸਾਫ

ਜਲੰਧਰ : ਪੰਜਾਬ ਸੂਬੇ ਦੀਆਂ 14 ਫਰਵਰੀ ਨੂੰ 8 ਨਗਰ-ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਉਥੇ ਹੀ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦਾ ਸੁਪੜਾ ਹੀ ਸਾਫ ਹੋ ਗਿਆ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ : ਮਜੀਠੀਆ ਦੇ ਹਲਕੇ ’ਚ ਅਕਾਲੀ ਦਲ ਦੀ ਬੱਲੇ-ਬੱਲੇ

ਬਠਿੰਡੇ 'ਚ ਅਕਾਲੀ ਚਾਰੋ-ਖਾਨੇ ਚਿੱਤ
ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ, ਜਿਸ ਵਿਚ ਕਾਂਗਰਸ ਨੂੰ 43 ਅਤੇ ਅਕਾਲੀ ਦਲ ਨੂੰ 7 ਵਾਰਡਾਂ ਵਿਚ ਜਿੱਤ ਹਾਸਲ ਹੋਈ ਜਦਕਿ 'ਆਪ', ਭਾਜਪਾ, ਬਸਪਾ,ਆਜ਼ਾਦ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ਬਠਿੰਡਾ ਦੇ ਕੁੱਲ 50 ਵਾਰਡ ਹਨ, ਜਦਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦਾ ਮੇਅਰ ਚੁਣਿਆ ਗਿਆ ਸੀ ਪ੍ਰੰਤੂ ਪੰਜਾਬ ਦੀ ਸੱਤਾ ਤੇ ਕਾਂਗਰਸ ਕਾਬਜ਼ ਰਹੀ ਅਤੇ ਮੇਅਰ ਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਮਨਪ੍ਰੀਤ ਬਾਦਲ ਵਲੋਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 53 ਸਾਲਾਂ ਦੇ ਇਤਿਹਾਸ ਵਿਚ ਬਠਿੰਡਾ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੋਵੇਗਾ ਅਤੇ ਅਧੂਰੇ ਕੰਮ ਪੂਰੇ ਹੋਣਗੇ। ਦੀਵਾਲੀ ਦੇ ਪਟਾਕੇ ਹੋਲੀ ਦੀ ਰੰਗੋਲੀ ਅਤੇ ਜਿੱਤ ਦੇ ਢੋਲ ਧਮਾਕਿਆ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੰਨੀ ਵੱਡੀ ਜਿੱਤ ਉਨ੍ਹੇ ਵੱਡੇ ਕੰਮ ਹੋਣਗੇ ਅਤੇ ਉਨ੍ਹੀ ਵੱਡੀ ਹੀ ਜਿੰਮੇਵਾਰੀ ਹੀ ਉਨ੍ਹਾਂ ’ਤੇ ਪੈ ਗਈ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ : ਆਦਮਪੁਰ 'ਚ ਕਾਂਗਰਸ ਦੀ ਹੂੰਝਾ ਮਾਰ ਜਿੱਤ, 13 'ਚੋਂ 11 ਵਾਰਡ ਜਿੱਤੇ

ਫਿਰੋਜ਼ਪੁਰ 'ਚ ਕਾਂਗਰਸ ਨੇ ਲਹਿਰਾਇਆ ਜਿੱਤ ਦਾ ਝੰਡਾ
ਫਿਰੋਜ਼ਪੁਰ ਸ਼ਹਿਰ ਕੌਂਸਲ ਦੇ 33 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਦੇ ਸਾਰੇ 33 ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਖਾਤਾ ਤੱਕ ਨਹੀ ਖੋਲ੍ਹ ਪਾਈਆਂ। ਵਰਨਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਲਈ ਆਏ ਸਨ ਪਰ ਸ਼ਹਿਰ ਵਿਚ ਇਕ ਵੀ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤ ਹਾਸਲ ਨਹੀਂ ਕਰ ਸਕਿਆ। ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਜਾਣ ਕਾਰਨ ਪਹਿਲਾਂ ਤੋਂ ਹੀ ਸ਼ਹਿਰ ਦੇ 8 ਵਾਰਡਾਂ ਵਿਚ ਕਾਂਗਰਸ ਜਿੱਤ ਚੁੱਕੀ ਹੈ ਅਤੇ ਅੱਜ ਆਏ ਨਤੀਜਿਆਂ ਵਿਚ ਕਾਂਗਰਸ ਦੇ ਬਾਕੀ 25 ਉਮੀਦਵਾਰ ਵੀ ਜਿੱਤ ਗਏ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ’ਚ ਕਾਂਗਰਸ ਦੀ ਵੱਡੀ ਜਿੱਤ, 15 ’ਚੋਂ 13 ਸੀਟਾਂ ਜਿੱਤੀਆਂ

ਜਲੰਧਰ ਦੇ ਲੋਹੀਆਂ ਖਾਸ 'ਚ ਕਾਂਗਰਸ ਜਿੱਤੀ
ਜਲੰਧਰ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਨੇ ਅਕਾਲੀ ਦਲ ਪਛਾੜਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਜਦਿਕ ਜ਼ਿਲ੍ਹੇ ਦੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰਦੇ ਹੋਏ 10 ਸੀਟਾਂ ’ਤੇ ਵੱਡੀ ਹਾਸਲ ਕੀਤੀ ਹੈ ਜਦਕਿ ਇਕ ਸੀਟ ’ਤੇ ਅਕਾਲੀ ਦਲ ਆਪਣਾ ਖਾਤਾ ਖੋਲ੍ਹ ਸਕਿਆ ਹੈ।  ਇਸ ਤੋਂ ਇਲਾਵਾ ਨੂਰਮਹਿਲ ’ਚ ਵੀ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰਦੇ ਹੋਏ ਕਾਂਗਰਸ ਅਤੇ ਅਕਾਲੀਆਂ ਨੂੰ ਪਿੱਛੇ ਛੱਡ ਵੱਡੀ ਜਿੱਤ ਹਾਸਲ ਕੀਤੀ ਹੈ। ਇਥੋਂ ਸਿਰਫ ਇਕ ਸੀਟ ਹੀ ਭਾਜਪਾ ਦੀ ਝੋਲੀ ਵਿਚ ਜਾ ਸਕੀ ਹੈ ਜਦਕਿ ਬਾਕੀ ਸਾਰੀਆਂ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਬਨੂੜ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ’ਚੋਂ 12 ਸੀਟਾਂ ਜਿੱਤੀਆਂ

ਕਪੂਰਥਲਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਕਪੂਰਥਲਾ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਥੇ ਕੁੱਲ 50 ਵਾਰਡਾਂ ’ਤੇ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ 45 ਸੀਟਾਂ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਜੇਤੂ ਰਹੇ ਹਨ। ਕਾਂਗਰਸ ਨੇ ਕਪੂਰਥਲਾ ਜ਼ਿਲ੍ਹੇ ’ਚ 45 ਵਾਰਡਾਂ ’ਤੇ ਆਪਣਾ ਕਬਜ਼ਾ ਕੀਤਾ ਹੈ ਜਦਕਿ 3 ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ 2 ਸੀਟਾਂ ਆਜ਼ਾਦ ਉਮੀਦਵਾਰ ਦੀ ਝੋਲੀ ਵਿਚ ਆਈਆਂ ਹਨ।  ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ 'ਚ ਕਾਂਗਰਸ ਨੇ 13 ਵਾਰਡਾਂ ’ਚੋਂ 10 ’ਤੇ ਅਤੇ 3 ’ਤੇ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ । ਜਿਸ ਤੋਂ ਬਾਅਦ ਨਗਰ ਕੌਂਸਲ ਕਮੇਟੀ ਸੁਲਤਾਨਪੁਰ ਲੋਧੀ ’ਤੇ ਦੂਜੀ ਵਾਰ ਦੁਬਾਰਾ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ।

ਮਜੀਠਾ 'ਚ ਅਕਾਲੀ ਦਲ ਜਿੱਤਿਆ

ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਨਗਰ ਕੌਂਸਲ ਮਜੀਠਾ ’ਤੇ ਇਕ ਵਾਰ ਮੁੜ ਅਕਾਲੀ ਦਲ ਦਾ ਕਬਜ਼ਾ ਹੋਇਆ ਹੈ। ਜਿਸ ਵਿਚ ਨਗਰ ਕੌਂਸਲ ਮਜੀਠਾ ਦੀਆਂ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚ ਹੋਇਆ। ਇਸ ’ਤੇ ਮਜੀਠਾ ਦੀਆਂ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ 10 ਵਾਰਡਾਂ ’ਤੇ, ਕਾਂਗਰਸ 2 ਵਾਰਡਾਂ ’ਤੇ ਅਤੇ 1 ਵਾਰਡ ’ਤੇ ਆਜ਼ਾਦ ਉਮੀਤਵਾਰ ਜੇਤੂ ਰਿਹਾ ਹੈ।

ਹੁਸ਼ਿਆਰਪੁਰ ਜ਼ਿਲ੍ਹੇ 'ਚ ਕਾਂਗਰਸ ਨੇ ਵਿਰੋਧੀ ਕੀਤੇ ਚਾਰੋ-ਖਾਨੇ ਚਿੱਤ
ਹੁਸ਼ਿਆਰਪੁਰ ਜ਼ਿਲ੍ਹੇ ’ਚ ਕੁੱਲ 50 ਵਾਰਡਾਂ ਲਈ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ 41 ਸੀਟਾਂ 'ਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਮਾਰ ਜਿੱਤ ਦਰਜ ਕੀਤੀ ਹੈ। ਕਾਂਗਰਸ ਪਾਰਟੀ ਨੇ ਹੁਸ਼ਿਆਰਪੁਰ ਜ਼ਿਲ੍ਹੇ ’ਚ 41 ਵਾਰਡਾਂ ’ਤੇ ਆਪਣਾ ਕਬਜ਼ਾ ਕੀਤਾ ਹੈ ਜਦਕਿ 4 ਸੀਟਾਂ ਭਾਜਪਾ ਦੀ ਅਤੇ 2 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਆਈਆਂ ਹਨ। ਇਸ ਦੇ ਇਲਾਵਾ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਥੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਹਨ ਜਦਕਿ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ : 2022 ਦੀ ਸੱਤਾ ਦਾ ਸੈਮੀਫਾਈਨਲ ਹੋਣਗੇ 17 ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜੇ

ਖੰਨਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਖੰਨਾ ਨਗਰ ਕੌਂਸਲ 'ਤੇ ਕਾਂਗਰਸ ਪਾਰਟੀ ਨੇ ਆਪਣਾ ਕਬਜ਼ਾ ਜਮਾ ਲਿਆ ਹੈ। ਇੱਥੇ ਕੁੱਲ 33 ਸੀਟਾਂ 'ਤੇ 14 ਫਰਵਰੀ ਨੂੰ ਵੋਟਾਂ ਪਈਆਂ ਸਨ। ਇਨ੍ਹਾਂ 'ਚੋਂ 19 ਸੀਟਾਂ ਹਾਸਲ ਕਰਕੇ ਕਾਂਗਰਸ ਇੱਥੇ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਨੂੰ ਖੰਨਾ 'ਚ 6 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਹਾਸਲ ਕੀਤੀਆਂ। ਖੰਨਾ 'ਚ ਕਿਸਾਨਾਂ ਵੱਲੋਂ ਭਾਜਪਾ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਭਾਜਪਾ ਨੇ ਇੱਥੋਂ 2 ਸੀਟਾਂ ਹਾਸਲ ਕੀਤੀਆਂ।

ਪਟਿਆਲਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ 'ਚ ਕਾਂਗਰਸ ਨੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਇੱਥੇ ਕਾਂਗਰਸੀ ਵਰਕਰਾਂ ਵੱਲੋਂ ਪਾਰਟੀ ਉਮੀਦਵਾਰਾਂ ਦੀ ਜਿੱਤ 'ਤੇ ਜਸ਼ਨ ਮਨਾਏ ਜਾ ਰਹੇ ਹਨ। ਪਟਿਆਲਾ 'ਚ ਚੋਣ ਨਤੀਜੇ ਮੁਤਾਬਕ ਕਾਂਗਰਸ 27 ਵਾਰਡਾਂ 'ਚ ਜੇਤੂ ਰਹੀ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 1-1 ਵਾਰਡ ਵਿਚ ਜੇਤੂ ਰਹੇ।

ਗੁਰਦਾਸਪੁਰ ਕਾਂਗਰਸ ਦੀ ਵੱਡੀ ਜਿੱਤ
ਨਗਰ ਕੌਂਸਲ ਗੁਰਦਾਸਪੁਰ 'ਚ ਵੀ ਕਾਂਗਰਸ ਨੇ 29 ਸੀਟਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਉਮੀਦਵਾਰਾਂ ਨੇ ਇੱਥੋਂ ਦੀਆਂ ਸਾਰੀਆਂ 29 ਵਾਰਡਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਅਕਾਲੀ ਦਲ ਦੇ 27, ਭਾਜਪਾ ਦੇ 20 ਅਤੇ ਆਮ ਆਦਮੀ ਪਾਰਟੀ ਦੇ 18 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਸਨ ਪਰ ਕਾਂਗਰਸ ਨੇ ਸਾਰੀਆਂ ਵਾਰਡਾਂ ਵਿਚ ਹੂੰਝਾ ਫ਼ੇਰ ਕੇ ਵਿਰੋਧੀਆਂ ਦਾ ਸਫਾਇਆ ਕਰ ਦਿੱਤਾ।

ਨਵਾਂਸ਼ਹਿਰ ਵਿਚ 25 ਸਾਲਾਂ ਦੀ ਪਰੰਪਰਾ ਕਾਇਮ ਨੇ ਰੱਖੀ ਕਾਇਮ
ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਪਿਛਲੇ 25 ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਕ ਬਾਰ ਮੁੜ ਤੋਂ ਕੌਂਸਲ ‘ਤੇ ਅਪਣਾ ਕਬਜਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਨਵਾਂਸ਼ਹਿਰ ਦੇ 19 ਵਾਰਡਾਂ ਦੇ ਅੱਜ ਐਲਾਨੇ ਨਤੀਜਿਆਂ ਵਿਚੋਂ ਕਾਂਗਰਸ ਪਾਰਟੀ ਨੇ 11 ‘ਤੇ ਜਿੱਤ ਹਾਸਲ ਕਰਕੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 3 ਵਾਰਡਾਂ ਵਿਚੋਂ ਅਤੇ ਬਸਪਾ ਦੇ 1 ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਜਦਕਿ 4 ਵਾਰਡਾਂ ’ਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਰਾਤ ਢਾਈ ਵਜੇ ਜ਼ਬਰਦਸਤ ਗੈਂਗਵਾਰ, ਹਮਲਾ ਕਰਨ ਗਏ ਨਾਮੀ ਗੈਂਗਸਟਰ ਦੀ ਮੌਤ

ਗਿੱਦੜਬਾਹਾ ਨਗਰ ਕੌਂਸਲ
ਗਿੱਦੜਬਾਹਾ ਨਗਰ ਕੌਂਸਲ ਗਿੱਦੜਬਾਹਾ ਦੀਆਂ ਚੋਣਾਂ ’ਚ ਅੱਜ ਹੋਈ ਗਿਣਤੀ ਵਿਚ 19 ਵਾਰਡਾਂ ਵਿਚੋਂ 18 ਵਾਰਡ ’ਚ ਕਾਂਗਰਸ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।

ਚਮਕੌਰ ਸਾਹਿਬ 'ਚ ਕਾਂਗਰਸ ਦੀ ਬੱਲੇ ਬੱਲੇ
ਚਮਕੌਰ ਸਾਹਿਬ ਨਗਰ ਪੰਚਾਇਤ ਦੇ 13 ਵਾਰਡਾ ਦੀ ਚੋਣ ਵਿਚ ਫਾਈਨਲ ਨਤੀਜਿਆਂ ਵਿਚ ਕਾਂਗਰਸ ਦੇ 9 ੳਮੀਦਵਾਰ 1 ਕਾਂਗਰਸ ਦੀ ਹਮਾਇਤ ਦੀ ਹਾਸਲ ਆਜ਼ਾਦ ਉਮੀਦਵਾਰ ਤੇ 3 ਮਾਂਗਟ ਧੜੇ ਦੇ ੳਮੀਦਵਾਰ ਜੇਤੂ ਰਹੇ ਹਨ।

ਬਰਨਾਲਾ ਕਾਂਗਰਸ ਰਹੀ ਜੇਤੂ
ਬਰਨਾਲਾ ਵਿਚ ਕਾਂਗਰਸ ਨੇ ਸ਼ਹਿਰ ਦੇ 31 ਵਾਰਡਾਂ ਵਿਚੋਂ 16 ਵਾਰਡਾਂ ਵਿਚ ਵੱਡੀ ਜਿੱਤ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ 4, ਆਮ ਆਦਮੀ ਪਾਰਟੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 8 ਵਾਰਡਾਂ ਵਿਚ ਜਿਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ‘ਟੂਲਕਿੱਟ’ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਭਗਵੰਤ ਮਾਨ ਦਾ ਤੰਜ, ਆਖ ਦਿੱਤੀ ਵੱਡੀ ਗੱਲ

ਨੋਟ - ਸਥਾਨਕ ਚੋਣਾਂ ਦੇ ਨਤੀਜਿਆਂ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News